ਡਰੱਗ ਰੈਕੇਟ ਮਾਮਲੇ ’ਚ ਮਜੀਠੀਆ ਵੀ ਪੁੱਜੇ ਹਾਈਕੋਰਟ, ਕਿਹਾ- ਮੈਨੂੰ ਵੀ ਬਣਾਓ ਮਾਮਲੇ ’ਚ ਪਾਰਟੀ

Thursday, Nov 18, 2021 - 12:00 AM (IST)

ਡਰੱਗ ਰੈਕੇਟ ਮਾਮਲੇ ’ਚ ਮਜੀਠੀਆ ਵੀ ਪੁੱਜੇ ਹਾਈਕੋਰਟ, ਕਿਹਾ- ਮੈਨੂੰ ਵੀ ਬਣਾਓ ਮਾਮਲੇ ’ਚ ਪਾਰਟੀ

ਚੰਡੀਗੜ੍ਹ(ਹਾਂਡਾ)- ਹਜ਼ਾਰਾਂ ਕਰੋੜ ਰੁਪਏ ਦੇ ਚਰਚਿਤ ਡਰੱਗ ਰੈਕੇਟ ਮਾਮਲੇ ’ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਇਕ ਅਰਜ਼ੀ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਦਾਖਲ ਕਰ ਕੇ ਕਿਹਾ ਗਿਆ ਕਿ ਉਨ੍ਹਾਂ ਨੂੰ ਵੀ ਇਸ ਮਾਮਲੇ ’ਚ ਪਾਰਟੀ ਬਣਾਇਆ ਜਾਵੇ, ਕਿਉਂਕਿ ਇਸ ਮਾਮਲੇ ਨੂੰ ਲੈ ਕੇ ਰਾਜਨੀਤਿਕ ਸਾਜਿਸ਼ ਰਚੀ ਜਾ ਰਹੀ ਹੈ ਜਿਸ ਦੇ ਚਲਦੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦੋਂ ਕਿ ਡਰੱਗਸ ਮਾਮਲੇ ’ਚ ਹੁਣ ਤੱਕ ਹੋਈ ਜਾਂਚ ਅਤੇ ਗ੍ਰਿਫ਼ਤਾਰ ਹੋ ਚੁੱਕੇ ਮੁੱਖ ਮੁਲਜ਼ਮਾਂ ਤੋਂ ਹੋਈ ਜਾਂਚ ’ਚ ਉਨ੍ਹਾਂ ਦਾ ਨਾਮ ਨਹੀਂ ਆਇਆ। ਉਨ੍ਹਾਂ ਕਿਹਾ ਹੈ ਕਿ ਆਗਾਮੀ ਵਿਧਾਨਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਡਰੱਗ ਮਾਮਲੇ ਦਾ ਸਹਾਰਾ ਲੈ ਕੇ ਸੱਤਾਧਾਰੀ ਪਾਰਟੀ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰ ਸਕਦੀ ਹੈ।

ਐਡਵੋਕੇਟ ਅਰਸ਼ਦੀਪ ਚੀਮਾ ਦੀ ਮਾਰਫ਼ਤ ਦਾਖਲ ਹੋਈ ਅਰਜ਼ੀ ’ਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਐਡਵੋਕੇਟ ਨਵਕਿਰਣ ਸਿੰਘ, ਨਵਜੋਤ ਕੌਰ ਅਤੇ ਆਈ.ਪੀ.ਐੱਸ. ਅਧਿਕਾਰੀ ਅਤੇ ਪੰਜਾਬ ਸਰਕਾਰ ਵਲੋਂ ਗਠਿਤ ਐੱਸ.ਟੀ.ਐੱਫ਼. (ਡਰੱਗਸ) ਦੇ ਪ੍ਰਮੁੱਖ ਏ.ਡੀ.ਜੀ.ਪੀ. ਹਰਪ੍ਰੀਤ ਸਿੰਘ ਸਿੱਧੂ ’ਤੇ ਹਾਈਕੋਰਟ ’ਚ ਦਾਖਲ ਕੀਤੀਆਂ ਗਈਆਂ ਸੀਲ ਬੰਦ ਰਿਪੋਰਟਾਂ ਨੂੰ ਸਰਵਜਨਕ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ- ਬਾਦਲ ਪਰਿਵਾਰ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, 31 ਇੰਟੈਗ੍ਰਲ ਕੋਚ ਪਰਮਿਟ ਤੁਰੰਤ ਪ੍ਰਭਾਵ ਨਾਲ ਰੱਦ

ਸਿੱਧੂ ਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਉਲੰਘਣਾ ਦੀ ਕਾਰਵਾਈ ਹੋਣੀ ਚਾਹੀਦੀ ਹੈ
ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਸਿੱਧੂ ਵਿਚਕਾਰ ਨਜ਼ਦੀਕੀ ਦਾ ਜ਼ਿਕਰ ਕਰਦਿਆਂ ਕਿਹਾ ਹੈ ਕਿ 16 ਮਾਰਚ, 2018 ਨੂੰ ਸਿੱਧੂ ਨੇ ਇਕ ਪ੍ਰੈੱਸ ਕਾਨਫਰੰਸ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਵਲੋਂ ਤਿਆਰ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ’ਤੇ ਐੱਸ.ਟੀ.ਐੱਫ. ਵਲੋਂ ਇੰਵੈਸਟੀਗੇਸ਼ਨ ਕਰ ਕੇ ਬਣਾਈ ਗਈ ਸਟੇਟਸ ਰਿਪੋਰਟ ਮੀਡੀਆ ’ਚ ਵੰਡੀ ਸੀ, ਜੋ ਕਿ ਐੱਸ.ਟੀ.ਐੱਫ਼. ਚੀਫ਼ ਹਰਪ੍ਰੀਤ ਸਿੰਘ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਸੀ। ਉਕਤ ਰਿਪੋਰਟ ਹਰਪ੍ਰੀਤ ਸਿੰਘ ਨੇ ਸੀਲ ਬੰਦ ਲਿਫ਼ਾਫ਼ੇ ’ਚ ਹਾਈਕੋਰਟ ’ਚ ਜਮ੍ਹਾਂ ਕੀਤੀ ਸੀ, ਜੋ ਕਿ ਕੋਰਟ ਦੇ ਹੁਕਮ ਵੀ ਸਨ, ਪਰ ਕੋਰਟ ’ਚ ਜਮ੍ਹਾਂ ਕਰਵਾਉਣ ਤੋਂ ਪਹਿਲਾਂ ਉਹ ਰਿਪੋਰਟ ਨਵਜੋਤ ਸਿੱਧੂ ਨੂੰ ਦਿੱਤੀ ਗਈ ਸੀ, ਜਿਸ ਦਾ ਜ਼ਿਕਰ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਕਈ ਵਾਰ ਸਰਵਜਨਕ ਰੂਪ ਨਾਲ ਕਰਦੇ ਰਹੇ ਹਨ। ਅਰਜ਼ੀ ’ਚ ਮੰਗ ਕੀਤੀ ਗਈ ਹੈ ਕਿ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਖਿਲਾਫ਼ ਉਲੰਘਣਾ ਦੀ ਕਾਰਵਾਈ ਹੋਣੀ ਚਾਹੀਦੀ ਹੈ।

ਡਰੱਗ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਗਦੀਸ਼ ਭੋਲਾ, ਜਗਜੀਤ ਸਿੰਘ ਚਹਿਲ ਅਤੇ ਮਨਿੰਦਰ ਸਿੰਘ ਬਿੱਟੂ ਤੋਂ ਹੋਈ ਜਾਂਚ ’ਚ ਸਾਹਮਣੇ ਆਏ ਤੱਥਾਂ ਨੂੰ ਵੀ ਅਜੇ ਤੱਕ ਆਧਾਰ ਮੰਨ ਕੇ ਸਰਕਾਰ ਜਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਐਡਵੋਕੇਟ ਨਵਕਿਰਨ ਸਿੰਘ ਨੂੰ ਵੀ ਅਰਜ਼ੀ ’ਚ ਆਮ ਆਦਮੀ ਪਾਰਟੀ ਦਾ ਲੀਡਰ ਦੱਸਦਿਆਂ ਉਨ੍ਹਾਂ ਵਲੋਂ ਕੋਰਟ ’ਚ ਸੀਲ ਬੰਦ ਰਿਪੋਰਟ ਖੋਲ੍ਹਣ ਦੀ ਮੰਗ ਨੂੰ ਮਜੀਠੀਆ ਦੇ ਖਿਲਾਫ਼ ਸਾਜਿਸ਼ ਦਾ ਹਿੱਸਾ ਦੱਸਿਆ ਹੈ।

ਇਹ ਵੀ ਪੜ੍ਹੋ- 40 ਹਜ਼ਾਰ ਦੀ ਸਪ੍ਰੇ ਦੇ ਪ੍ਰਚਾਰ ’ਤੇ ਖਰਚੇ 16 ਕਰੋੜ, ਇਹ ਹੈ ਕੇਜਰੀਵਾਲ ਦਾ ਦਿੱਲੀ ਮਾਡਲ : ਡਾ. ਸੁਭਾਸ਼ ਸ਼ਰਮਾ

ਸੁਖਜਿੰਦਰ ਸਿੰਘ ਰੰਧਾਵਾ ’ਤੇ ਵੀ ਲਗਾਏ ਦੋਸ਼
ਸੁਖਜਿੰਦਰ ਸਿੰਘ ਰੰਧਾਵਾ ਦਾ ਵੀ ਜ਼ਿਕਰ ਅਰਜ਼ੀ ’ਚ ਕੀਤਾ ਗਿਆ ਹੈ, ਜਿਸ ’ਚ ਦੱਸਿਆ ਗਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਜੇਕਰ ਉਹ ਗ੍ਰਹਿ ਮੰਤਰੀ ਹੁੰਦੇ ਅਤੇ ਉਨ੍ਹਾਂ ਕੋਲ ਪਾਵਰ ਹੁੰਦੀ ਤਾਂ ਉਹ ਮਜੀਠੀਆ ਨੂੰ ਸਲਾਖਾਂ ਦੇ ਪਾਰ ਪਹੁੰਚਾ ਚੁੱਕੇ ਹੁੰਦੇ ਅਤੇ ਜੇਕਰ ਭਵਿੱਖ ’ਚ ਉਨ੍ਹਾਂ ਨੂੰ ਪਾਵਰ ਮਿਲੀ ਤਾਂ ਉਹ ਅਜਿਹਾ ਕਰਕੇ ਵਿਖਾ ਦੇਣਗੇ। ਮਜੀਠੀਆ ਵਲੋਂ ਕਿਹਾ ਗਿਆ ਹੈ ਕਿ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਉਕਤ ਨੇਤਾ ਅਤੇ ਕਾਂਗਰਸ ਪਾਰਟੀ ਰਾਜਨੀਤਿਕ ਫਾਇਦੇ ਲਈ ਉਨ੍ਹਾਂ ਦੇ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਖਿਲਾਫ਼ ਕਾਰਵਾਈ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ’ਚ ਪਾਰਟੀ ਬਣਾਇਆ ਜਾਵੇ ਤਾਂ ਕਿ ਉਹ ਵੀ ਆਪਣਾ ਪੱਖ ਕੋਰਟ ਦੇ ਸਾਹਮਣੇ ਰੱਖ ਸਕਣ। ਅਰਜ਼ੀ ’ਤੇ ਡਰੱਗ ਮਾਮਲੇ ਦੇ ਮੁੱਖ ਕੇਸ ਦੇ ਨਾਲ ਹੀ ਸੁਣਵਾਈ ਹੋ ਸਕਦੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Bharat Thapa

Content Editor

Related News