ਮਜੀਠਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ 3 ਦਾਅਵੇਦਾਰਾਂ ’ਚੋਂ ਕਿਸ ਨੂੰ ਮਿਲੇਗਾ ਮਜੀਠੀਆ ਦਾ ਥਾਪੜਾ, ਸਸਪੈਂਸ ਬਰਕਰਾਰ

Sunday, Apr 04, 2021 - 02:54 PM (IST)

ਮਜੀਠਾ ਨਗਰ ਕੌਂਸਲ ਦੀ ਪ੍ਰਧਾਨਗੀ ਦੇ 3 ਦਾਅਵੇਦਾਰਾਂ ’ਚੋਂ ਕਿਸ ਨੂੰ ਮਿਲੇਗਾ ਮਜੀਠੀਆ ਦਾ ਥਾਪੜਾ, ਸਸਪੈਂਸ ਬਰਕਰਾਰ

ਮਜੀਠਾ (ਸਰਬਜੀਤ ਵਡਾਲਾ) - ਅਕਾਲੀ ਦਲ ਦੀ ਸਿਆਸਤ ਦੇ ਧੁਰੇ ਵਜੋਂ ਜਾਣੇ ਜਾਂਦੇ ਵਿਧਾਨ ਸਭਾ ਹਲਕਾ ਮਜੀਠਾ ’ਚ ਇਸ ਵੇਲੇ ਮਾਝੇ ਦੇ ਜਰਨੈਲ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਦਾ ਪੂਰਾ ਦਬਦਬਾ ਹੈ। ਇਸ ਹਲਕੇ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਜਿਥੇ ਪਿਛਲੇ ਕਈ ਹਫ਼ਤਿਆਂ ਤੋਂ ਦਾਅਵੇਦਾਰਾਂ ਵਲੋਂ ਆਪਣਾ-ਆਪਣਾ ਦਾਅਵਾ ਜਿਤਾਇਆ ਜਾ ਰਿਹਾ ਸੀ, ਉਥੇ ਹੀ ਹੁਣ ਇਨ੍ਹਾਂ ਦਾ ਸਭ ਦਾਅਵਿਆਂ ’ਤੇ ਉਸ ਵੇਲੇ ਸਹਿਜੇ ਵਿਰ੍ਹਾਮ ਲੱਗ ਗਿਆ, ਜਦੋਂ ਪੰਜਾਬ ਸਰਕਾਰ ਵਲੋਂ ਨਗਰ ਕੌਂਸਲਾਂ ’ਚ ਪ੍ਰਧਾਨ ਨਿਯੁਕਤ ਕਰਨ ਸਬੰਧੀ ਨੋਟੀਫਿਕੇਟ ਜਾਰੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਮਜੀਠਾ ਦੀਆਂ ਚੋਣਾਂ ਵਿਚ ਇਸ ਵਾਰ ਵੀ ਅਕਾਲੀ ਦਲ ਨੇ 13 ਵਾਰਡਾਂ ਵਿਚੋਂ 10 ਵਾਰਡਾਂ ਵਿਚ ਜਿੱਤ ਹਾਸਲ ਕਰਦਿਆਂ ਨਗਰ ਕੌਂਸਲ ’ਤੇ ਅੱਧਾ ਪਚੱਦਾ ਕਬਜ਼ਾ ਕਰ ਲਿਆ ਸੀ। ਹੁਣ ਸਰਕਾਰ ਵਲੋਂ ਨਗਰ ਕੌਂਸਲਾਂ ਵਿਚ ਪ੍ਰਧਾਨ ਥਾਪਨ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਜਿਥੇ ਮਜੀਠਾ ਨਗਰ ਕੌਂਸਲ ਦੀ ਇਹ ਸੀਟ ਜਨਰਲ ਵਿਚ ਆ ਗਈ, ਉਥੇ ਹੀ ਅਕਾਲੀ ਦਲ ਬਾਦਲ ਵਲੋਂ ਤਿੰਨ ਮਜ਼ਬੂਤ ਦਾਅਵੇਦਾਰ ਉੱਠ ਖੜ੍ਹੇ ਹੋਏ ਹਨ। ਇਸ ’ਚ ਪਹਿਲਾ ਨਾਂ ਸਾਬਕਾ ਨਗਰ ਕੌਂਸਲ ਪ੍ਰਧਾਨ ਸਲਵੰਤ ਸਿੰਘ ਸੇਠ ਦਾ ਆਉਂਦਾ ਹੈ, ਜਦਕਿ ਦੂਜੇ ਨੰਬਰ ਦਾ ਦਾਅਵੇਦਾਰ ਤਰੁਣ ਅਬਰੋਲ ਤੇ ਤੀਜੇ ਦਾਅਵੇਦਾਰ ਦਾ ਨਾਮ ਪ੍ਰਿੰਸ ਨਈਅਰ ਵਜੋਂ ਸਾਹਮਣੇ ਆ ਰਿਹਾ ਹੈ।

ਹੋਰ ਤਾਂ ਹੋਰ ਇਨ੍ਹਾਂ ਤਿੰਨੋਂ ਦਾਅਵੇਦਾਰਾਂ ਦੀ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਸਭ ਨਾਲੋਂ ਮਜ਼ਬੂਤ ਸਥਿਤੀ ਹਲਕਾ ਮਜੀਠਾ ਵਿਚ ਸਾਬਕਾ ਨਗਰ ਕੌਂਸਲ ਪ੍ਰਧਾਨ ਸਲਵੰਤ ਸਿੰਘ ਸੇਠ ਦੀ ਮੰਨੀ ਜਾ ਰਹੀ ਹੈ। ਸਲਵੰਤ ਸੇਠ ਨੇ ਜਿਥੇ ਅਕਾਲੀ ਦਲ ’ਤੇ ਆਈ ਮੁਸ਼ਕਲ ਦੀ ਘੜੀ ਵਿਚ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਪਾਰਟੀ ਦਾ ਡਟ ਦੇ ਸਾਥ ਦਿੱਤਾ, ਉਥੇ ਹੀ ਇਸ ਦਾਅਵੇਦਾਰ ਨੂੰ ਮਜੀਠੀਆ ਦਾ ਬੇਹੱਦ ਖ਼ਾਸ ਅਤੇ ਵਿਸ਼ਵਾਸਪਾਤਰਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ।

ਦੂਜੇ ਪਾਸੇ ਜੇਕਰ ਤਰੁਣ ਅਬਰੋਲ ਦੀ ਗੱਲ ਕਰੀਏ ਤਾਂ ਇਸ ਦਾਅਵੇਦਾਰ ਵਲੋਂ ਅਕਾਲੀ ਦਲ ਦੇ ਪ੍ਰਤੀ ਕਾਫ਼ੀ ਚੰਗੀਆਂ ਸੇਵਾਵਾਂ ਸਮੇਂ-ਸਮੇਂ ’ਤੇ ਨਿਭਾਈਆਂ ਜਾਂਦੀਆਂ ਰਹੀਆਂ ਹਨ। ਰਹੀ ਗੱਲ ਤੀਜੇ ਦਾਅਵੇਦਾਰ ਪ੍ਰਿੰਸ ਨਈਅਰ ਦੀ, ਜੋ ਇਸ ਵੇਲੇ ਸਭ ਤੋਂ ਛੋਟੀ ਉਮਰ ਦੇ ਜੇਤੂ ਉਮੀਦਵਾਰ ਵਜੋਂ ਹਲਕਾ ਮਜੀਠਾ ਵਿਚ ਉੱਭਰੇ ਹਨ। ਦੱਸ ਦੇਈਏ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ’ਤੇ ਬੈਠਣ ਦਾ ਸੁਫ਼ਨਾ ਸੰਜੋਏ ਬੈਠੇ ਉਕਤ ਤਿੰਨੋਂ ਦਾਅਵੇਦਾਰਾਂ ਦੇ ਦਿਲਾਂ ਦੀਆਂ ਧੜਕਨਾਂ ਚਾਹੇ ਤੇਜ਼ ਹੋ ਗਈਆਂ ਹਨ ਪਰ ਇਸਦੇ ਬਾਵਜੂਦ ਨਗਰ ਕੌਂਸਲ ਮਜੀਠਾ, ਜੋ ਹੁਣ ਜਰਨਲ ਕੈਟਾਗਿਰੀ ਵਿਚ ਆ ਗਈ ਹੈ, ਦੀ ਪ੍ਰਧਾਨਗੀ ਦਾ ਤਾਜ ਕਿਸਦੇ ਸਿਰ ਸੱਜਦਾ ਹੈ ਤਾਂ ਇਹ ਹੁਣ ਆਉਂਦੇ ਚੰਦ ਦਿਨਾਂ ਵਿਚ ਖੈਰ ਪਤਾ ਚੱਲ ਹੀ ਜਾਵੇਗਾ। 

ਦੂਜੇ ਪਾਸੇ ਜੇਕਰ ਸਿਆਸੀ ਗਲਿਆਰਿਆਂ ਦੀ ਗੱਲ ਕਰੀਏ ਤਾਂ ਸੁਣਨ ਵਿਚ ਆਇਆ ਹੈ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਕੁਰਸੀ ’ਤੇ ਉਹੀ ਉਮੀਦਵਾਰ ਬੈਠੇਗਾ, ਜਿਸ ਨੂੰ ਬਿਕਰਮ ਸਿੰਘ ਮਜੀਠੀਆ ਦਾ ਥਾਪੜਾ ਹਾਸਲ ਹੋਵੇਗਾ ਪਰ ਕੀ ਮਜੀਠੀਆ ਇਕ ਵਾਰ ਫਿਰ ਸਲਵੰਤ ਸਿੰਘ ਸੇਠ ਜੋ ਇਸ ਵੇਲੇ ਨੰਬਰ ਇਕ ’ਤੇ ਚੱਲ ਰਹੇ ਹਨ, ਨੂੰ ਥਾਪੜਾ ਦਿੰਦੇ ਹਨ ਜਾਂ ਫਿਰ ਬਾਕੀ ਰਹਿੰਦੇ ਦੋ ਦਾਅਵੇਦਾਰਾਂ ਵਿਚੋਂ ਇਕ ਨੂੰ। ਇਸ ਬਾਰੇ ਫਿਲਹਾਲ ਸਸਪੈਂਸ ਬਰਕਰਾਰ ਹੈ ਪਰ ਲੱਗਦਾ ਨਹੀਂ ਕਿ ਉਹ ਸੀਨੀਅਰ ਤੇ ਦਿੱਗਜ ਅਕਾਲੀ ਲੀਡਰ ਸਲਵੰਤ ਸੇਠ ਨੂੰ ਨਜ਼ਰ ਅੰਦਾਜ਼ ਕਰਨਗੇ। ਬਾਕੀ ਭਾਈ! ਸਿਆਸਤ ਇਕ ਅਜਿਹੀ ਤਿਲਕਨਬਾਜ਼ੀ ਹੈ, ਜਿਥੇ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ।


author

rajwinder kaur

Content Editor

Related News