ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ''ਚ ਗਲਤ ਢੰਗ ਨਾਲ ਬਣਾਈ ਵੀਡੀਓ ਵਾਇਰਲ
Friday, May 31, 2019 - 09:45 AM (IST)

ਮਜੀਠਾ (ਪ੍ਰਿਥੀਪਾਲ) : ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਆਦੇਸ਼ ਦਿੱਤੇ ਗਏ ਸਨ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕਿਸੇ ਨੂੰ ਫੋਟੋ ਖਿੱਚਣ ਜਾਂ ਵੀਡੀਓ ਬਣਾਉਣ ਨਹੀਂ ਦਿੱਤੀ ਜਾਵੇਗੀ। ਇਸ ਲਈ ਕਮੇਟੀ ਵਲੋਂ ਕਈ ਸੇਵਾਦਾਰਾਂ ਦੀਆਂ ਸਪੈਸ਼ਲ ਡਿਊਟੀਆਂ ਵੀ ਲਾਈਆਂ ਗਈਆਂ ਹਨ ਅਤੇ ਜਗ੍ਹਾ-ਜਗ੍ਹਾ ਲਿਖ ਕੇ ਵੀ ਲਇਆ ਗਿਆ ਹੈ ਕਿ ਇਥੇ ਵੀਡੀਓ ਬਣਾਉਣੀ ਅਤੇ ਫੋਟੋਆਂ ਖਿੱਚਣਾ ਸਖਤ ਮਨ੍ਹਾ ਹੈ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਅਜਿਹਾ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਵੀਡੀਓ ਇਕ ਔਰਤ ਵਲੋਂ ਬਣਾਈ ਗਈ ਹੈ, ਜਿਸ ਨੂੰ ਬਹੁਤ ਹੀ ਘਟੀਆ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਪਾਇਆ ਗਿਆ ਹੈ, ਜਿਸ ਕਰ ਕੇ ਸਿੱਖ ਜਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਗ ਕੀਤੀ ਕਿ ਪਰਿਕਰਮਾ 'ਚ ਹੋਰ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਜਾਣ ਤੇ ਉਨ੍ਹਾਂ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਜਾਣ ਕਿ ਕਿਸੇ ਵੀ ਵਿਅਕਤੀ ਨੂੰ ਫੋਟੋ ਖਿੱਚਣ ਅਤੇ ਵੀਡੀਓ ਬਣਾਉਣ ਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਬੀਬੀ ਨੇ ਵੀਡੀਓ ਬਣਾ ਕੇ ਗਲਤ ਤਰੀਕੇ ਨਾਲ ਪੇਸ਼ ਕੀਤੀ ਹੈ, ਉਸ ਅਤੇ ਉਸ ਦੇ ਸਹਿਯੋਗੀਆਂ 'ਤੇ ਸਖਤ ਕਾਰਵਾਈ ਕਰਦਿਆਂ ਪਰਚਾ ਦਰਜ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਅਜਿਹੀ ਘਿਨੌਣੀ ਹਰਕਤ ਨਾ ਕਰ ਸਕੇ।