ਮਾਝੇ 'ਚ ਅਕਾਲੀਆਂ ਦਾ ਪ੍ਰਦਰਸ਼ਨ, ਮਜੀਠੀਆ ਨੇ ਰੱਜ ਕੇ ਕੱਢੀ ਭੜਾਸ
Tuesday, Jul 07, 2020 - 01:22 PM (IST)
ਅੰਮ੍ਰਿਤਸਰ/ਗੁਰਦਾਸਪੁਰ/ਪਠਾਨਕੋਟ/ਤਰਨਤਾਰਨ (ਸੁਮਿਤ ਖੰਨਾ, ਰਮਨ, ਵਿਨੋਦ, ਰਾਕੇਸ਼, ਸਰਬਜੀਤ, ਪ੍ਰਿਥੀਪਾਲ) : ਇਸੇ ਤਹਿਤ ਵਿਧਾਨ ਸਭਾ ਹਲਕਾ ਮਜੀਠਾ ਦੇ ਸਮੁੱਚੇ ਅਕਾਲੀ ਦਲ ਵਰਕਰਾਂ ਤੇ ਆਗੂਆਂ ਵਲੋਂ ਕਸਬਾ ਮਜੀਠਾ ਦੇ ਬੱਸ ਸਟੈਂਡ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਜਿਸ 'ਚ ਬਿਕਰਮ ਸਿੰਘ ਮਜੀਠੀਆ ਵਿਧਾਇਕ ਹਲਕਾ ਮਜੀਠਾ ਵਿਸ਼ੇਸ਼ ਤੌਰ ਪਹੁੰਚੇ। ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੀਆਂ ਲੋਕ ਤੇ ਗਰੀਬ ਮਾਰੂ ਨੀਤੀਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਲੋਕਾਂ ਦੇ ਕੱਟੇ ਗਏ ਰਾਸ਼ਨ ਕਾਰਡ ਨੂੰ ਦੁਬਾਰਾ ਬਹਾਲ ਕਰਵਾਉਣ ਦੇ ਨਾਲ-ਨਾਲ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਘੱਟ ਕਰਵਾਉਣਾ ਲਈ ਵੱਡੇ ਤੋਂ ਵੱਡਾ ਸੰਘਰਸ਼ ਵੀ ਕਰਨ ਲਈ ਅਕਾਲੀ ਦਲ ਤਿਆਰ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਵਲੋਂ ਭੇਜਿਆਂ ਹੋਇਆ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਕਣਕ ਦਾਲ ਤਾਂ ਕੀ ਦੇਣਾਂ ਸੀ ਪਹਿਲਾਂ ਤੋਂ ਸਰਕਾਰੀ ਸਹੂਲਤ ਲੈ ਰਿਹੈ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਕੇ ਗਰੀਬਾਂ ਨੂੰ ਦੋ ਵਕਤ ਦੀ ਰੋਟੀ ਤੋਂ ਦੂਰ ਕਰ ਦਿੱਤਾ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਅਤੇ ਉਹ ਵੀ ਉਸ ਸਮੇਂ ਦੌਰਾਨ ਜਦੋਂ ਕੋਰੋਨਾ ਦਾ ਕਹਿਰ ਪੂਰੇ ਵਿਸ਼ਵ 'ਚ ਫੈਲਿਆ ਹੋਇਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਵਲੋਂ ਫ਼ੀਸਾਂ ਲੈਣ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਦਾ ਭਵਿੱਖ ਪ੍ਰਾਈਵੇਟ ਸਕੂਲਾਂ 'ਚ ਪੜ੍ਹਦਾ ਹੈ ਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਨੇ ਪੰਜਾਬ ਦੀ ਸੇਵਾ ਕਰਨੀ ਹੈ ਪਰ ਸਰਕਾਰ ਨੂੰ ਪੰਜਾਬ ਦੇ ਭਵਿੱਖ ਦਾ ਕੋਈ ਫ਼ਿਕਰ ਨਹੀਂ ਉਨ੍ਹਾਂ ਨੂੰ ਤਾਂ ਬੱਸ ਪ੍ਰਾਈਵੇਟ ਸੂਕਲਾਂ ਦਾ ਹੀ ਫ਼ਿਕਰ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਮਾਪਿਆਂ ਦੀਆਂ ਨੌਕਰੀਆਂ ਚਲੀਆਂ ਗਈਆਂ ਜਾਂ ਜਿਨ੍ਹਾਂ ਦੀਆਂ ਤਨਖਾਹਾਂ ਅੱਧੀਆਂ ਹੋ ਗਈਆਂ ਉਨ੍ਹਾਂ ਦੇ ਬੱਚਿਆਂ ਦੀਆਂ ਸਕੂਲ ਦੀਆਂ ਫ਼ੀਸਾਂ ਸਰਕਾਰ ਦੇ ਦਿੰਦੀ। ਇਸ ਨਾਲ ਨਾ ਮਾਪੇ ਔਖੋ ਰਹਿੰਦੇ, ਨਾ ਬੱਚਿਆਂ ਨੂੰ ਕੋਈ ਫਿਕਰ ਹੁੰਦੀ ਤੇ ਨਾ ਹੀ ਪ੍ਰਾਈਵੇਟ ਸਕੂਲਾਂ 'ਤੇ ਅੱਜ ਕੋਈ ਵਿਵਾਦ ਹੁੰਦਾ ਪਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਮਜੀਠੀਆ ਨੇ ਐੱਮ. ਐੱਸ. ਪੀ. ਬਾਰੇ ਗੱਲ ਕਰਦਿਆਂ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ ਤੇ ਕਿਸਾਨਾਂ ਦੇ ਹਿੱਤ ਨੂੰ ਮੁੱਖ ਰੱਖਿਦਆਂ ਹੋਇਆ ਕਿਸਾਨਾਂ ਦਾ ਨਾਲ ਹੈ ਅਤੇ ਇਸ ਦੇ ਬਦਲੇ ਅਕਾਲੀ ਦਲ ਪਾਰਟੀ ਨੂੰ ਕਿਸੇ ਦਾ ਵੀ ਸਾਥ ਛੱਡਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ।
ਬਾਬਾ ਬਕਾਲਾ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਆਦੇਸ਼ਾਂ ਮੁਤਾਬਕ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ਼ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸੈਂਕੜੇ ਵਰਕਰਾਂ ਵੱਲੋਂ ਵੱਖ-ਵੱਖ 21 ਥਾਵਾਂ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਤੇਲ ਦੀਆਂ ਕੀਮਤਾਂ ਨੂੰ ਘਟਾਉਣ, ਰੱਦ ਕੀਤੇ ਨੀਲੇ ਕਾਰਡ ਬਹਾਲ ਕਰਨ, ਰਾਸ਼ਨ ਘੁਟਾਲੇ ਦੀ ਸੀ.ਬੀ.ਆਈ.ਜਾਂਚ ਦੀ ਮੰਗ, ਪਾਣੀ ਸੀਵਰੇਜ ਦੇ ਬਿੱਲ ਮੁਆਫ਼ ਕਰਨ ਅਤੇ ਪੱਤਰਕਾਰਾਂ 'ਤੇ ਝੂਠੇ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਡਾ.ਹਰਜੀਤ ਸਿੰਘ ਮੀਆਂਵਿੰਡ ਜਨਰਲ ਸਕੱਤਰ ਮਾਝਾ ਜ਼ੋਨ ਯੂਥ ਅਕਾਲੀ ਦਲ, ਸਾਬਕਾ ਚੇਅਰਮੈਨ ਰਣਜੀਤ ਸਿੰਘ, ਸੀਨੀ.ਅਕਾਲੀ ਆਗੂ ਜਥੇ: ਗੁਰਵਿੰਦਰਪਾਲ ਸਿੰਘ ਰਈਆ ਸਾਬਕਾ ਚੇਅਰਮੈਨ, ਕ੍ਰਿਪਾਲ ਸਿੰਘ ਖਾਲਸਾ, ਪਲਵਿੰਦਰ ਸਿੰਘ ਮੀਆਂਵਿੰਡ, ਵਾਲੀਆ ਬਿਆਸ, ਹਰਪ੍ਰੀਤ ਸਿੰਘ ਹੈਪੀ ਖੱਖ ਤੇ ਹੋਰ ਅਨੇਕਾਂ ਸ਼੍ਰੋਮਣੀ ਅਕਾਲੀ ਦਲ ਵਰਕਰ ਹਾਜ਼ਰ ਸਨ।
ਤਰਨਤਾਰਨ : ਇਸੇ ਤਰ੍ਹਾਂ ਤਰਨਤਾਰਨ 'ਚ ਵੀ ਅਕਾਲੀ ਦਲ ਦੇ ਆਗੂਆਂ ਵਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਅਕਾਲੀ ਦਲ ਸਮਰਥਕਾਂ ਵਲੋਂ ਕੈਪਟਨ ਸਰਕਾਰ ਦਾ ਪੁਤਲਾ ਫੂਕਿਆਂ ਗਿਆ ਤੇ ਰੋਸ ਮੁਜ਼ਾਹਰਾ ਕੀਤਾ ਗਿਆ।
ਗੁਰਦਾਸਪੁਰ : ਇਸੇ ਤਰ੍ਹਾਂ ਗੁਰਦਾਸਪੁਰ 'ਚ ਵੀ ਅਕਾਲੀ ਦਲ ਵਲੋਂ ਸਰਕਾਰ ਖਿਲਾਫ਼ ਹੱਲਾ-ਬੋਲਿਆ ਗਿਆ। ਪਰ ਇਥੇ ਬਹੁਤ ਹੀ ਘੱਟ ਗਿਣਤੀ 'ਚ ਅਕਾਲੀ ਆਗੂ ਧਰਨੇ 'ਚ ਸ਼ਾਮਲ ਹੋਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ 'ਚ ਬਾਕੀ ਸੂਬਿਆਂ ਮੁਕਾਬਲੇ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਸਭ ਤੋਂ ਜ਼ਿਆਦਾ ਵਸੂਲਿਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸਰਕਾਰ ਖਿਲਾਫ ਵਿਰੁੱਧ ਗੁੱਸਾ ਵੱਧਦਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਪੈਟਰੋਲ ਤੇ ਡੀਜ਼ਲ 'ਤੇ ਲਗਾਈ ਗਈ ਵੈਟ ਦੀਆਂ ਦਰਾਂ 'ਚ ਕਟੌਤੀ ਕੀਤੀ ਜਾਵੇ।