ਬੇਅਦਬੀ ਦੇ ਦੋਸ਼ਾਂ ਨੂੰ ਲੈ ਕੇ ਬੋਲੇ ਡੇਰਾ ਪ੍ਰੇਮੀ, ਕਿਹਾ-ਮਹਿੰਦਰਪਾਲ ਬਿੱਟੂ ਦੀ ਡਾਇਰੀ ਨੇ ਕੀਤਾ ਸਭ ਸਾਫ਼

Sunday, Nov 28, 2021 - 03:56 PM (IST)

ਬੇਅਦਬੀ ਦੇ ਦੋਸ਼ਾਂ ਨੂੰ ਲੈ ਕੇ ਬੋਲੇ ਡੇਰਾ ਪ੍ਰੇਮੀ, ਕਿਹਾ-ਮਹਿੰਦਰਪਾਲ ਬਿੱਟੂ ਦੀ ਡਾਇਰੀ ਨੇ ਕੀਤਾ ਸਭ ਸਾਫ਼

ਫਰੀਦਕੋਟ (ਜਗਤਾਰ ਦੋਸਾਂਝ)-ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ-ਤਿਉਂ ਹਰ ਸਿਆਸੀ ਪਾਰਟੀ ਅਤੇ ਧਾਰਮਿਕ ਜਥੇਬੰਦੀਆਂ ਨੇ ਹਲਚਲ ਸ਼ੁਰੂ ਕਰ ਦਿੱਤੀ ਹੈ। ਡੇਰਾ ਪ੍ਰੇਮੀਆਂ ਦੀ ਮਾਲਵਾ ਖੇਤਰ ’ਚ ਵੱਡੀ ਗਿਣਤੀ ਹੈ ਅਤੇ ਸਿਆਸੀ ਤੌਰ ’ਤੇ ਵੀ ਉਨ੍ਹਾਂ ਦਾ ਵੱਡਾ ਵੋਟ ਬੈਂਕ ਹੈ, ਇਸ ਲਈ ਹਰ ਪਾਰਟੀ ਉਨ੍ਹਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੀ ਹੈ। ਚੋਣਾਂ ਨੇੜੇ ਆਉਂਦਿਆਂ ਹੀ ਡੇਰਾ ਪ੍ਰੇਮੀਆਂ ’ਚ ਵੀ ਇਕ ਵਾਰ ਫਿਰ ਜੋਸ਼ ਭਰ ਗਿਆ ਹੈ ਅਤੇ ਵੱਖ-ਵੱਖ ਥਾਵਾਂ ’ਤੇ ਭੀੜਾਂ ਇਕੱਠੀਆਂ ਹੋ ਰਹੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸਾਦਿਕ ’ਚ ਡੇਰੇ ਦੇ ਪਹਿਲੇ ਮੁਖੀ ਸ਼ਾਹ ਮਸਤਾਨਾ ਜੀ ਦੇ ਜਨਮ ਦਿਹਾੜੇ ਮੌਕੇ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

PunjabKesari

ਇਸ ਦੌਰਾਨ ਡੇਰੇ ਦੇ ਕਮੇਟੀ ਮੈਂਬਰ ਬਸੰਤ ਸਿੰਘ ਨੇ ਦੱਸਿਆ ਕਿ ਪਹਿਲੇ ਡੇਰਾ ਮੁਖੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਹੈ ਅਤੇ ਇਸ ’ਚ ਭਲਾਈ ਦੇ ਕੰਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ  ਮਹਿੰਦਰਪਾਲ ਬਿੱਟੂ ਦੀ ਡਾਇਰੀ ਤੋਂ ਸਾਫ ਹੋ ਗਿਆ ਹੈ ਕਿ ਬੇਅਦਬੀ ਦੇ ਮਾਮਲੇ ’ਚ ਡੇਰਾ ਪ੍ਰੇਮੀਆਂ ਦਾ ਕੋਈ ਕਸੂਰ ਨਹੀਂ ਹੈ ਅਤੇ ਉਹ ਹਰ ਧਰਮ ਦਾ ਸਤਿਕਾਰ ਕਰਦੇ ਹਨ ਤੇ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ। ਜਦੋਂ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਭੀੜ ਇਕੱਠੀ ਕਰਨ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣਾਂ ’ਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੈ ਅਤੇ ਉਹ ਵੀ ਇਸ ਦੇਸ਼ ਦੇ ਵਾਸੀ ਹਨ, ਇਸ ਲਈ ਉਹ ਵੀ ਇਸ ਬਾਰੇ ਜ਼ਰੂਰ ਸੋਚਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ਾਂ ਦੇ ਨਾਲ ਸੰਗਤ ’ਚ ਰੋਸ ਹੈ ਅਤੇ ਹੁਣ ਮਹਿੰਦਰਪਾਲ ਬਿੱਟੂ ਦੀ ਡਾਇਰੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਸਭ ਕੁਝ ਸਾਜ਼ਿਸ਼ ਤਹਿਤ ਹੋਇਆ ਹੈ ਅਤੇ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਭਰੋਸਾ ਹੈ ਅਤੇ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ।


author

Manoj

Content Editor

Related News