ਮਹਿੰਦਰਪਾਲ ਬਿੱਟੂ ਕਤਲ ਮਾਮਲੇ ’ਚ ਹਾਈਕੋਰਟ ਵੱਲੋਂ 2 ਦਸੰਬਰ ਲਈ ਨੋਟਿਸ ਜਾਰੀ

Tuesday, Nov 16, 2021 - 06:02 PM (IST)

ਫ਼ਰੀਦਕੋਟ (ਰਾਜਨ) : ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਵਾਸੀ ਕੋਟਕਪੂਰਾ ਦੀ ਪਤਨੀ ਵੱਲੋਂ ਪਤੀ ਦੀ ਨਾਭਾ ਜੇਲ ’ਚ ਹੋਏ ਕਤਲ ਦੀ ਜਾਂਚ ਸੀ. ਬੀ. ਆਈ. ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਲਾਈ ਗਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਸਣੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ 2 ਦਸੰਬਰ ਲਈ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ, ਸੀਨੀਅਰ ਸੁਪਰਡੈਂਟ ਪੁਲਸ ਪਟਿਆਲਾ, ਸਟੇਸ਼ਨ ਹਾਊਸ ਆਫ਼ੀਸਰ, ਪੁਲਸ ਸਟੇਸ਼ਨ ਸਦਰ ਨਾਭਾ (ਪਟਿਆਲਾ), ਸੈਂਟਰ ਬਿਊਰੋ ਆਫ਼ ਇਨਵੈਸਟੀਗੇਸ਼ਨ (ਸੀ. ਬੀ. ਆਈ.) ਚੰਡੀਗੜ੍ਹ ਮਾਰਫ਼ਤ ਸੁਪਰਡੈਂਟ ਆਫ਼ ਪੁਲਸ ਅਤੇ ਦੋਵੇਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿਟ) ਸਮੇਤ ਕੁੱਲ 8 ਨੂੰ ਨੋਟਿਸ ਜਾਰੀ ਕੀਤੇ ਹਨ।

ਜ਼ਿਕਰਯੋਗ ਹੈ ਕਿ ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਨੇ ਮ੍ਰਿਤਕ ਪਤੀ ਵੱਲੋਂ 36 ਪੰਨਿਆਂ ਦੀ ਲਿਖੀ ਗਈ ਡਾਇਰੀ ਜਿਸ ’ਚ ਮ੍ਰਿਤਕ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ, ਨੂੰ ਆਧਾਰ ਬਣਾ ਕੇ ਇਹ ਦੋਸ਼ ਲਾਇਆ ਹੈ ਕਿ ਨਾਭਾ ਜੇਲ ’ਚ ਉਸਦੇ ਪਤੀ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚੀ ਗਈ। ਬੇਸ਼ੱਕ ਇਹ ਅਜੇ ਜਾਂਚ ਦਾ ਵਿਸ਼ਾ ਵੀ ਹੈ ਪਰ ਮ੍ਰਿਤਕ ਮਹਿੰਦਰਪਾਲ ਬਿੱਟੂ ਦੀ ਪਤਨੀ ਦੇ ਦਾਅਵੇ ਅਨੁਸਾਰ ਉਸਦੇ ਮ੍ਰਿਤਕ ਪਤੀ ਵੱਲੋਂ ਲਿਖੀ ਗਈ ਡਾਇਰੀ ’ਚ ਪੁਲਸ ਅਧਿਕਾਰੀਆਂ ਦੇ ਨਾਂ ਵੀ ਦਰਜ ਕਰਕੇ ਉਸ ਨੂੰ ਤਸੀਹੇ ਦੇਣ ਬਾਰੇ ਖੁਲਾਸੇ ਕੀਤੇ ਗਏ ਹਨ।


Gurminder Singh

Content Editor

Related News