ਮਹਾਰਾਜਾ ਰਣਜੀਤ ਸਿੰਘ ਦੇ 238ਵੇਂ ਜਨਮ ਦਿਨ ਮੌਕੇ ਇਕਜੁੱਟ ਹੋਇਆ ਪਰਿਵਾਰ
Wednesday, Nov 14, 2018 - 10:10 AM (IST)

ਅੰਮ੍ਰਿਤਸਰ (ਮਮਤਾ) - ਮੰਗਲਵਾਰ ਨੂੰ ਅੰਮ੍ਰਿਤਸਰ ਸਥਿਤ ਟਾਊਨ ਹਾਲ 'ਚ ਸਥਿਤ ਗੁਰਦੁਆਰਾ ਸਾਰਾਗੜ੍ਹੀ 'ਚ ਮਹਾਰਾਜਾ ਰਣਜੀਤ ਸਿੰਘ ਦੇ 238ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ ਵੰਸ਼ਜਾਂ ਵਲੋਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਇਸ ਸਮਾਗਮ ਦਾ ਆਯੋਜਨ ਮਹਾਰਾਜਾ ਰਣਜੀਤ ਸਿੰਘ ਦੀ 6ਵੀਂ ਪੀੜ੍ਹੀ ਦੇ ਡਾ. ਜਸਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਜੈਕਰਨ ਸਿੰਘ, ਐਡਵੋਕੇਟ ਸੰਦੀਪ ਸਿੰਘ (ਸਾਰੇ ਸ਼ੁਕਰਚੱਕੀਆ ਪਰਿਵਾਰ) ਦੀ ਅਗਵਾਈ ਵਿਚ ਹੋਇਆ। ਇਸ ਵਿਚ ਇਸ ਘਰਾਣੇ ਦੇ ਗੁਰਮੇਜ ਸਿੰਘ, ਨਰਿੰਦਰ ਸਿੰਘ, ਕਰਮ ਨਾਰਾਇਣ ਸਿੰਘ, ਮਨਪ੍ਰੀਤ ਸਿੰਘ, ਕੰਵਰ ਕਰਵਿੰਦਰਪਾਲ ਸਿੰਘ, ਕੰਵਰ ਨਰਵਿੰਦਰ ਸਿੰਘ, ਰਾਜਵਿੰਦਰ ਸਿੰਘ, ਵਜ਼ੀਰ ਸਿੰਘ, ਕੁੰਵਰ ਪ੍ਰਤਾਪ ਸਿੰਘ, ਕੁੰਵਰ ਰਣਜੀਤ ਸਿੰਘ, ਰਾਜ ਘਰਾਣੇ ਦੀ ਬਲਜੀਤ ਕੌਰ, ਸੰਧਾਵਾਲੀਆ ਪਰਿਵਾਰ ਤੋਂ ਅੰਮ੍ਰਿਤਪਾਲ ਸਿੰਘ, ਗੁਰਿੰਦਰ ਸਿੰਘ ਸੰਧਾਵਾਲੀਆ ਸਮੇਤ ਪ੍ਰਧਾਨ ਕਮਲਜੀਤ ਕੌਰ, ਨਟਖਟ ਸੇਵਾ ਦਲ ਦੇ ਪ੍ਰਧਾਨ ਸੁਨੀਲ ਸ਼ਰਮਾ ਆਦਿ ਮੌਜੂਦ ਸਨ।
ਡਾ. ਜਸਵਿੰਦਰ ਸਿੰਘ, ਡਾ. ਹਰਵਿੰਦਰ ਸਿੰਘ, ਡਾ. ਜੈਕਰਨ ਸਿੰਘ ਅਤੇ ਐਡਵੋਕੇਟ ਸੰਦੀਪ ਸਿੰਘ ਸ਼ੁਕਰਚੱਕੀਆ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਪੂਰਾ ਪਰਿਵਾਰ ਇਕਜੁੱਟ ਹੋ ਗਿਆ ਹੈ। ਬ੍ਰਿਟੇਨ 'ਚ ਪਏ ਕੋਹੇਨੂਰ ਹੀਰੇ ਅਤੇ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਇਥੇ ਲਿਆ ਕੇ ਸਿੱਖ ਮਰਿਆਦਾ ਮੁਤਾਬਕ ਜਲ ਪ੍ਰਵਾਹ ਕਰਨਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਾਹੀ ਪਰਿਵਾਰ ਦਾ ਦਰਜਾ ਦੇਣ ਦੀ ਲੜਾਈ ਲੜੀ ਜਾਵੇਗੀ। ਸ਼ਾਹੀ ਪਰਿਵਾਰ ਨਾਲ ਸਬੰਧਿਤ ਦਿੱਲੀ ਹਾਈ ਕੋਰਟ ਦੇ ਐਡਵੋਕੇਟ ਸੰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਮਾਮਲਿਆਂ ਦੀ ਰਿਟ ਉਹ ਅਦਾਲਤ 'ਚ ਦਾਇਰ ਕਰਨ ਜਾ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ 'ਚ ਸਰਕਾਰਾਂ ਉਨ੍ਹਾਂ ਦੀ ਮਦਦ ਕਰਨਗੀਆਂ।