ਨਾਭਾ ਵਿਖੇ ਕਿਸਾਨੀ ਅੰਦੋਲਨ ਦੀ ਹਮਾਇਤ ''ਚ ''ਮਜ਼ਦੂਰ ਮਹਾਂਪੰਚਾਇਤ'' 21 ਮਾਰਚ ਨੂੰ
Wednesday, Mar 17, 2021 - 02:46 PM (IST)
ਨਾਭਾ (ਜੈਨ) : ਇੱਥੇ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਮਜ਼ਦੂਰ ਮਹਾਂਪੰਚਾਇਤ 21 ਮਾਰਚ ਨੂੰ ਨਵੀਂ ਅਨਾਜ ਮੰਡੀ ਵਿਚ ਸੱਦੀ ਗਈ ਹੈ। ਕਸ਼ਮੀਰ ਸਿੰਘ ਗੁਦਾਇਆ ਨੇ ਦੰਸਿਆ ਕਿ ਖੇਤੀ ਨਾਲ ਸਬੰਧਿਤ ਤਿੰਨ ਕਾਲੇ ਕਾਨੂੰਨਾਂ ਅਤੇ ਘੱਟੋ-ਘੱਟ ਸਮਰਥਨ ਮੁੱਲ ਲਈ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਇੱਥੇ ਵਿਸ਼ਾਲ ਮਜ਼ਦੂਰ ਮਹਾਂਪੰਚਾਇਤ ਰੱਖੀ ਗਈ ਹੈ।
ਇਸ ਮਹਾਂਪੰਚਾਇਤ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ, ਬੀ. ਕੇ. ਯੂ. ਡਕੌਂਦਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਅਤੇ ਸਹਿਯੋਗੀ ਮਜ਼ਦੂਰ ਜੱਥੇਬੰਦੀਆਂ ਦੇ ਆਗੂ ਸੰਬੋਧਨ ਕਰਨਗੇ। ਇਸ ਮਜ਼ਦੂਰ ਮਹਾਂਪੰਚਾਇਤ ਦੀ ਸਫਲਤਾ ਲਈ ਸਾਰੀਆਂ ਟਰੇਡ ਯੂਨੀਅਨਾਂ, ਮਜ਼ਦੂਰ ਸੰਗਠਨਾਂ ਤੇ ਕਿਸਾਨ ਆਗੂਆਂ ਵਲੋਂ ਪਿੰਡ-ਪਿੰਡ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਸਾਰੇ ਆੜ੍ਹਤੀ ਤੇ ਕਰਮਚਾਰੀ ਵੀ ਮਹਾਂਪੰਚਾਇਤ ਵਿਚ ਸ਼ਾਮਲ ਹੋਣਗੇ। ਕਿਸਾਨ ਤੇ ਮਜ਼ਦੂਰ ਆਗੂਆਂ ਨੇ ਦੱਸਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਲੜਾਈ ਕਈ ਮਹੀਨਿਆਂ ਤੋਂ ਲੜੀ ਜਾ ਰਹੀ ਹੈ ਅਤੇ ਦਿੱਲੀ ਸਰਹੱਦ ’ਤੇ ਧਰਨੇ ਚੱਲ ਰਹੇ ਹਨ ਪਰ ਮੋਦੀ ਸਰਕਾਰ ਦਾ ਅਜੇ ਤੱਕ ਹੰਕਾਰ ਨਹੀਂ ਟੁੱਟਿਆ। ਇਸ ਕਰਕੇ ਦੇਸ਼ ਭਰ ਦੇ ਸਾਰੇ ਸੂਬਿਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਮਹਾਂਪੰਚਾਇਤਾਂ ਕੀਤੀਆਂ ਜਾ ਰਹੀਆਂ ਹਨ। ਇਸ ਮਹਾਂਪੰਚਾਇਤ ਨਾਲ ਮੋਦੀ ਸਰਕਾਰ ਨੂੰ ਵੱਡਾ ਝਟਕਾ ਵੱਜੇਗਾ।