ਮਹਾਦੇਵ ਐਪ ਘਪਲਾ: FIR ’ਚ ਜਲੰਧਰ ਦੇ ਬਿਲਡਰ ਦਾ ਨਾਂ ਆਉਣ ਪਿੱਛੋਂ ਇਨਵੈਸਟਰਜ਼ ਦੇ ਫੁੱਲੇ ਹੱਥ-ਪੈਰ
Saturday, Nov 18, 2023 - 10:27 AM (IST)
ਜਲੰਧਰ (ਵਿਸ਼ੇਸ਼)–ਮਹਾਦੇਵ ਦੇ ਨਾਂ ਨਾਲ ਚੱਲ ਰਹੀ ਸੱਟੇਬਾਜ਼ੀ ਐਪ ਨਾਲ ਜੁੜੇ ਲਗਭਗ 15,000 ਕਰੋੜ ਰੁਪਏ ਦੇ ਜੂਏ ਅਤੇ ਸਾਈਬਰ ਧੋਖਾਦੇਹੀ ਦੇ ਮਾਮਲੇ ’ਤੇ ਰੋਜ਼ ਨਵੇਂ ਖ਼ੁਲਾਸੇ ਹੋ ਰਹੇ ਹਨ। ਮੁੰਬਈ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਮਾਟੁੰਗਾ ਪੁਲਸ ਸਟੇਸ਼ਨ ’ਚ ਸੌਰਵ ਚੰਦਰਾਕਰ, ਰਵੀ ਉੱਪਲ, ਸ਼ੁਭਮ ਸੋਨੀ ਅਤੇ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਸਮੇਤ 27 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦਰਜ ਕੀਤੀ ਗਈ ਐੱਫ਼. ਆਈ. ਆਰ. ਵਿਚ ਕ੍ਰਿਕਟ ਮੈਚ ਫਿਕਸਿੰਗ, ਗੈਰ-ਕਾਨੂੰਨੀ ਹਵਾਲਾ ਕਾਰੋਬਾਰ ਅਤੇ ਕ੍ਰਿਪਟੋ ਕਰੰਸੀ ਦੇ ਮਾਧਿਅਮ ਰਾਹੀਂ ਮਨੀ ਲਾਂਡ੍ਰਿੰਗ ਦੇ ਗੰਭੀਰ ਦੋਸ਼ਾਂ ਦਾ ਵਰਣਨ ਕੀਤਾ ਗਿਆ ਹੈ। ਮਾਟੁੰਗਾ ਦੇ ਰਹਿਣ ਵਾਲੇ ਸਮਾਜ ਸੇਵਕ ਪ੍ਰਕਾਸ਼ ਬੈਂਕਰ ਦੀ ਸ਼ਿਕਾਇਤ ’ਤੇ ਪੁਲਸ ਨੇ ਐੱਫ਼. ਆਈ. ਆਰ. ਦਰਜ ਕੀਤੀ ਹੈ। 25 ਸਫਿਆਂ ਦੀ ਇਸ ਐੱਫ਼. ਆਈ. ਆਰ. ਵਿਚ ਮਹਾਦੇਵ ਐਪ ਦੇ ਨਾਲ-ਨਾਲ ਖਿਲਾੜੀ ਐਪ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬੈਂਕਰ ਨੇ ਆਪਣੇ ਬਿਆਨ ਵਿਚ ਦੋਸ਼ ਲਾਇਆ ਸੀ ਕਿ ਉਕਤ ਸਾਰੇ ਮੁਲਜ਼ਮ ਮੈਚ ਫਿਕਸਿੰਗ ਤੋਂ ਲਾਭ ਕਮਾਉਣ ਲਈ ਭਾਰਤ ਵਿਚ ਆਯੋਜਿਤ ਪ੍ਰਮੁੱਖ ਕ੍ਰਿਕਟ ਮੈਚਾਂ ਤੇ ਟੂਰਨਾਮੈਂਟਾਂ ਦੀ ਮੈਚ ਫਿਕਸਿੰਗ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਲਗਭਗ ਇਕ ਦਰਜਨ ਰੀਅਲ ਅਸਟੇਟ ਪ੍ਰਾਜੈਕਟਾਂ ’ਚ ਇਨਵੈਸਟਮੈਂਟ
ਇਸ ਪੂਰੇ ਹਾਈ ਪ੍ਰੋਫਾਈਲ ਮਾਮਲੇ ’ਚ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਭਰ ਦੇ ਬਿਲਡਰਾਂ ਦੇ ਸਾਹ ਸੁੱਕ ਗਏ ਹਨ, ਖਾਸ ਤੌਰ ’ਤੇ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਦਾ ਸਿੱਧਾ ਸਬੰਧ ਚੰਦਰ ਅਗਰਵਾਲ ਦੇ ਨਾਲ ਹੈ। ਚੰਦਰ ਅਗਰਵਾਲ ਦੇ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਲਗਭਗ ਇਕ ਦਰਜਨ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿਚ ਉਹ ਜਾਂ ਤਾਂ ਸਿੱਧੇ ਤੌਰ ’ਤੇ ਸ਼ਾਮਲ ਹੈ ਜਾਂ ਫਿਰ ਬੈਕਡੋਰ ਤੋਂ। ਅਗਰਵਾਲ ਦੇ ਜਲੰਧਰ, ਲੁਧਿਆਣਾ, ਮੋਹਾਲੀ ਤੇ ਚੰਡੀਗੜ੍ਹ ਵਿਚ ਪ੍ਰਮੁੱਖ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿਚ ਹੁਣ ਤਕ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਵੀ ਹੋ ਚੁੱਕੀ ਹੈ। ਫਿਲਹਾਲ ਚੰਦਰ ਅਗਰਵਾਲ ਇਸ ਵੇਲੇ ਕਿੱਥੇ ਹੈ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ।
ਇਹ ਵੀ ਪੜ੍ਹੋ: 15,000 ਕਰੋੜ ਦੇ ਮਹਾਦੇਵ ਐਪ ਘਪਲੇ ’ਚ ਜਲੰਧਰ ਦੇ ਬਿਲਡਰ ਦਾ ਵੀ ਨਾਂ ਸ਼ਾਮਲ, ED ਦੇ ਵੀ ਰਾਡਾਰ ’ਤੇ ਬੁੱਕੀ
66 ਫੁੱਟੀ ਰੋਡ ’ਤੇ 2 ਵੱਡੇ ਹਾਊਸਿੰਗ ਪ੍ਰਾਜੈਕਟ
ਜਾਣਕਾਰੀ ਅਨੁਸਾਰ ਚੰਦਰ ਅਗਰਵਾਲ ਦੀ ਜਲੰਧਰ ਵਿਚ 66 ਫੁੱਟੀ ਰੋਡ ’ਤੇ ਕਾਫੀ ਵੱਡੀ ਪ੍ਰਾਪਰਟੀ ਹੈ ਜਿੱਥੇ ਉਹ 2 ਵੱਖ-ਵੱਖ ਪ੍ਰਾਜੈਕਟ ਚਲਾ ਰਿਹਾ ਹੈ। ਇਕ ਪ੍ਰਾਜੈਕਟ ਤਹਿਤ ਪਲਾਟ ਕੱਟ ਕੇ ਵੇਚੇ ਜਾ ਰਹੇ ਹਨ, ਜਦਕਿ ਦੂਜੇ ਪ੍ਰਾਜੈਕਟ ਤਹਿਤ ਫਲੈਟ ਤਿਆਰ ਕੀਤੇ ਜਾਣ ਦੀ ਯੋਜਨਾ ਹੈ। ਮੈਕਸਮਨ ਗਲੋਬਲ ਡਿਵੈਲਪਰਜ਼ ਪ੍ਰਾ. ਲਿਮ. ਦੇ ਨਾਂ ਨਾਲ ਇਹ ਪ੍ਰਾਜੈਕਟ ਚੱਲ ਰਹੇ ਹਨ। ਇਸ ਕੰਪਨੀ ਵਿਚ ਚੰਦਰ ਅਗਰਵਾਲ ਡਾਇਰੈਕਟਰ ਹੈ। ਕੰਪਨੀ ਵਿਚ ਉਸ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਸ਼ਾਮਲ ਹਨ। ਮੈਕਸਮਨ ਅਲਫਾ ਪ੍ਰਾਜੈਕਟ ਤਹਿਤ ਕੁਲ 13 ਏਕੜ ਦੀ ਜ਼ਮੀਨ ਐਕਵਾਇਰ ਕੀਤੀ ਗਈ ਹੈ, ਜਿੱਥੇ 54 ਰਿਹਾਇਸ਼ੀ ਪਲਾਟ ਕੱਟੇ ਜਾ ਰਹੇ ਹਨ, ਜਦੋਂਕਿ ਇਕ ਹੋਰ ਪ੍ਰਾਜੈਕਟ ਅਫੋਰਡੇਬਲ ਗਰੁੱਪ ਹਾਊਸਿੰਗ ਵੀ ਚਲਾਇਆ ਜਾ ਰਿਹਾ ਹੈ, ਜਿਸ ਵਿਚ 1100 ਦੇ ਲਗਭਗ ਫਲੈਟ ਬਣਾਏ ਜਾਣੇ ਹਨ, ਜਿਸ ਦੇ ਲਈ ਕੰਮ ਅਜੇ ਸ਼ੁਰੂ ਕੀਤਾ ਜਾਣਾ ਹੈ।
ਆਸਾਨ ਨਹੀਂ ਹੋਵੇਗਾ ਚੰਦਰ ਅਗਰਵਾਲ ਦਾ ਝਮੇਲਿਆਂ ’ਚੋਂ ਬਾਹਰ ਆਉਣਾ
ਜਾਣਕਾਰੀ ਮਿਲੀ ਹੈ ਕਿ ਜਲੰਧਰ ਵਿਚ ਚੰਦਰ ਅਗਰਵਾਲ ਦੇ ਪ੍ਰਾਜੈਕਟਾਂ ਵਿਚ ਇਨਵੈਸਟ ਕਰਨ ਵਾਲੇ ਲੋਕਾਂ ਦੇ ਇਸ ਖਬਰ ਤੋਂ ਬਾਅਦ ਹੱਥ-ਪੈਰ ਫੁੱਲਣ ਲੱਗੇ ਹਨ ਕਿਉਂਕਿ ਮਹਾਦੇਵ ਐਪ ਸੱਟੇਬਾਜ਼ੀ ਦਾ ਮਾਮਲਾ ਕੋਈ ਆਮ ਮਾਮਲਾ ਨਹੀਂ ਹੈ। ਉਂਝ ਤਾਂ ਚੰਦਰ ਅਗਰਵਾਲ ਪਹਿਲਾਂ ਵੀ ਸੱਟੇਬਾਜ਼ੀ ਦੇ ਮਾਮਲਿਆਂ ਨੂੰ ਲੈ ਕੇ ਚਰਚਾ ਵਿਚ ਰਿਹਾ ਹੈ ਪਰ ਇਹ ਮਾਮਲਾ ਇਸ ਲਈ ਗੰਭੀਰ ਹੈ ਕਿਉਂਕਿ ਕਈ ਐਪਸ ਨਾਲ ਜੁੜੇ ਲੋਕਾਂ ਦੇ ਡੌਨ ਦਾਊਦ ਇਬਰਾਹਿਮ ਦੇ ਭਰਾ ਨਾਲ ਸਿੱਧੇ ਸਬੰਧ ਹਨ। ਦੱਸਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਮਹਾਦੇਵ ਐਪ ਵਿਚ ਦਾਊਦ ਦੇ ਭਰਾ ਦਾ ਪੈਸਾ ਲੱਗਾ ਹੈ। ਜਿਸ ਤਰ੍ਹਾਂ ਦਾ ਇਹ ਮਾਮਲਾ ਸੰਗੀਨ ਹੈ, ਅਜਿਹੀ ਹਾਲਤ ’ਚ ਚੰਦਰ ਅਗਰਵਾਲ ਦਾ ਜਲਦੀ ਸਾਰੇ ਝਮੇਲਿਆਂ ਵਿਚੋਂ ਬਾਹਰ ਆਉਣਾ ਆਸਾਨ ਨਹੀਂ ਹੋਵੇਗਾ। ਉਂਝ ਵੀ ਜਲੰਧਰ ਤੇ ਆਸ-ਪਾਸ ਦੇ ਖੇਤਰਾਂ ਵਿਚ ਚੱਲ ਰਹੇ ਪ੍ਰਾਜੈਕਟਾਂ ’ਤੇ ਇਨ੍ਹਾਂ ਦਾ ਅਸਰ ਪੈਣਾ ਤੈਅ ਹੈ।
ਚੰਦਰ ਦੇ 1100 ਫਲੈਟ ਬਣੇ ਨਹੀਂ ਪਰ ਕਰੋੜਾਂ ਦੀ ਹੋ ਗਈ ਇਨਵੈਸਟਮੈਂਟ
ਚੰਦਰ ਅਗਰਵਾਲ ਦੇ ਇਨ੍ਹਾਂ 2 ਪ੍ਰਾਜੈਕਟਾਂ ਵਿਚ ਸਿੱਧਾ ਕੰਪਨੀ ਦਾ ਨਾਂ ਹੈ, ਜਦੋਂਕਿ ਕੁਝ ਹੋਰ ਪ੍ਰਾਜੈਕਟ ਵੀ ਹਨ, ਜਿਨ੍ਹਾਂ ਵਿਚ ਉਹ ਸਿੱਧੇ ਤੌਰ ’ਤੇ ਸ਼ਾਮਲ ਨਹੀਂ। ਮੁੰਬਈ ਪੁਲਸ ਵਲੋਂ ਮਹਾਦੇਵ ਐਪ ਸੱਟੇਬਾਜ਼ੀ ਮਾਮਲੇ ਵਿਚ ਚੰਦਰ ਅਗਰਵਾਲ ’ਤੇ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਸਭ ਤੋਂ ਵੱਡੀ ਪ੍ਰੇਸ਼ਾਨੀ ਉਨ੍ਹਾਂ ਲੋਕਾਂ ਲਈ ਖੜ੍ਹੀ ਹੋ ਗਈ ਹੈ, ਜਿਨ੍ਹਾਂ ਨੇ ਫਲੈਟ ਤਿਆਰ ਹੋਣ ਤੋਂ ਪਹਿਲਾਂ ਹੀ ਅਗਰਵਾਲ ਨੂੰ ਫੰਡਿੰਗ ਕੀਤੀ ਹੋਈ ਹੈ। ਪਤਾ ਲੱਗਾ ਹੈ ਕਿ 1100 ਦੇ ਲਗਭਗ ਜਿਹੜੇ ਫਲੈਟ ਬਣਾਏ ਜਾਣੇ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਡੀਲ ਡੀਲਰਾਂ ਵਲੋਂ ਕਰਵਾਈ ਜਾ ਚੁੱਕੀ ਹੈ ਅਤੇ ਇਸ ਵਿਚ ਸ਼ਹਿਰ ਦੇ ਕਈ ਵੱਡੇ ਇਨਵੈਸਟਰਜ਼ ਦਾ ਪੈਸਾ ਲੱਗਾ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਇਕ ਵੱਡੇ ਇਨਵੈਸਟਰ, ਜਿਸ ਨੇ ਔਖੇ ਵੇਲੇ ਚੰਦਰ ਅਗਰਵਾਲ ਦੀ ਮਦਦ ਕੀਤੀ ਸੀ, ਉਸ ਦੀ ਮਦਦ ਹੁਣ ਅਗਰਵਾਲ ਕਰ ਰਿਹਾ ਹੈ ਕਿਉਂਕਿ ਉਸ ਇਨਵੈਸਟਰ ਦੇ ਮਾੜੇ ਦਿਨ ਚੱਲ ਰਹੇ ਹਨ।
ਇਹ ਵੀ ਪੜ੍ਹੋ: ਮਾਂ ਨੇ ਚਾਵਾਂ ਨਾਲ ਸਕੂਲ ਭੇਜਿਆ 15 ਸਾਲਾ ਇਕਲੌਤਾ ਪੁੱਤ, ਅਚਾਨਕ ਮੌਤ ਦੀ ਖ਼ਬਰ ਸੁਣ ਹੋਈ ਬੇਸੁੱਧ
ਇਨਵੈਸਟਰਜ਼ ਨੂੰ ਸਤਾਉਣ ਲੱਗਾ ਪੈਸਾ ਡੁੱਬਣ ਦਾ ਡਰ
ਚੰਦਰ ਅਗਰਵਾਲ ਸਿੱਧੇ ਤੌਰ ’ਤੇ ਇਨਵੈਸਟਰਜ਼ ਨੂੰ ਬਹੁਤ ਘੱਟ ਮਿਲਦਾ ਹੈ। ਜ਼ਿਆਦਾਤਰ ਡੀਲਰ ਹੀ ਇਨਵੈਸਟਰਜ਼ ਦੇ ਨਾਲ ਡੀਲ ਕਰਦੇ ਹਨ ਅਤੇ ਪੈਸਾ ਵੀ ਇਨਵੈਸਟਰਜ਼ ਜ਼ਿਆਦਾਤਰ ਡੀਲਰਾਂ ਨੂੰ ਹੀ ਫੜਾਉਂਦੇ ਹਨ। ਅਗਰਵਾਲ ਦੇ ਫਸਣ ਤੋਂ ਬਾਅਦ ਸਭ ਤੋਂ ਵੱਧ ਬੈਂਡ ਡੀਲਰਾਂ ਦਾ ਵੱਜਿਆ ਹੋਇਆ ਹੈ ਕਿਉਂਕਿ ਪੈਸਾ ਤਾਂ ਚੰਦਰ ਕੋਲ ਜਾ ਚੁੱਕਾ ਹੈ ਪਰ ਇਨਵੈਸਟਰ ਹੁਣ ਡੀਲਰਾਂ ਤੋਂ ਪੈਸੇ ਮੰਗ ਰਹੇ ਹਨ, ਜਦੋਂਕਿ ਡੀਲਰਾਂ ਨੂੰ ਚੰਦਰ ਦਾ ਕੋਈ ਅਤਾ-ਪਤਾ ਨਹੀਂ ਹੈ। ਬੇਸ਼ੱਕ ਚੰਦਰ ਦੇ ਕੁਝ ਨਜ਼ਦੀਕੀ ਲੋਕ ਇਹ ਵੀ ਦਾਅਵੇ ਕਰ ਰਹੇ ਹਨ ਕਿ ਇਸ ਮਾਮਲੇ ਵਿਚੋਂ ਉਹ ਜਲਦ ਬਾਹਰ ਆ ਜਾਣਗੇ ਪਰ ਜਿਸ ਤਰ੍ਹਾਂ ਈ. ਡੀ., ਐੱਨ. ਆਈ. ਏ. ਆਦਿ ਵਰਗੀਆਂ ਜਾਂਚ ਏਜੰਸੀਆਂ ਇਸ ਘਪਲੇ ਦੀ ਛਾਣਬੀਣ ਕਰ ਰਹੀਆਂ ਹਨ, ਉਸ ਹਿਸਾਬ ਨਾਲ ਇਹ ਸਭ ਕੁਝ ਇੰਨਾ ਆਸਾਨ ਨਹੀਂ ਲੱਗਦਾ।
ਇਹ ਵੀ ਪੜ੍ਹੋ: ਟਰੇਨ 'ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 62 ਟਰੇਨਾਂ 3 ਮਹੀਨਿਆਂ ਲਈ ਰੱਦ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711