ਮਾਘੀ ਦੇ ਪਵਿੱਤਰ ਦਿਹਾੜੇ 'ਤੇ ਵਿਸ਼ੇਸ਼: ਸ੍ਰੀ ਮੁਕਤਸਰ ਸਾਹਿਬ ਦੀ ਲਾਸਾਨੀ ਜੰਗ ਨੂੰ ਯਾਦ ਕਰਦਿਆਂ...

01/14/2021 10:48:04 AM

ਬੀਬੀ ਜਗੀਰ ਕੌਰ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜੀਆਂ ਗਈਆਂ ਜੰਗਾਂ ਧਰਮ, ਸੱਚ ਤੇ ਹੱਕ ਦੀ ਖਾਤਰ ਸੰਘਰਸ਼ ਸੀ। ਇਸੇ ਅਨੁਸਾਰ ਧਰਮ ਦਾ ਰਾਜ ਸਥਾਪਤ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਅਸਥਾਨ ’ਤੇ ਗੁਰੂ ਸਾਹਿਬ ਜੀ ਨੇ ਮੁਗ਼ਲ ਸਾਮਰਾਜ ਨਾਲ ਆਖ਼ਰੀ ਤੇ ਫ਼ੈਸਲਾਕੁੰਨ ਯੁੱਧ ਕਰਕੇ ਭਾਰਤ ਵਿੱਚੋਂ ਜ਼ਾਲਮ ਮੁਗ਼ਲ ਰਾਜ ਦੀਆਂ ਜੜ੍ਹਾਂ ਪੁੱਟ ਦਿੱਤੀਆਂ।

ਸਿੱਖ ਇਤਿਹਾਸ ਦੀ ਅਹਿਮ ਘਟਨਾ ਹੈ ਕਿ ਪਹਾੜੀ ਰਾਜਿਆਂ ਲਾਹੌਰ, ਸਰਹਿੰਦ ਤੇ ਦਿੱਲੀ ਦੀਆਂ ਸ਼ਾਹੀ ਫੌਜਾਂ ਦੇ ਟਿੱਡੀ ਦਲਾਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਿਆ ਹੋਇਆ ਸੀ। ਇਸ ਦੌਰਾਨ ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ। ਭਾਵੇਂ ਰਾਸ਼ਨ-ਪਾਣੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡੱਟਵਾਂ ਮੁਕਾਬਲਾ ਕਰ ਰਹੇ ਸਨ। ਕੁਝ ਸਿੰਘਾਂ ਨੇ ਗੁਰੂ ਜੀ ਨੂੰ ਕਿਲ੍ਹਾ ਛੱਡ ਦੇਣ ਦੀ ਸਲਾਹ ਵੀ ਦਿੱਤੀ ਪਰ ਗੁਰੂ ਜੀ ਨੇ ਦੂਰ-ਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਸਿੰਘਾਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ ਬੇਦਾਵਾ ਦੇ ਕੇ ਆਪਣੇ ਘਰਾਂ ਨੂੰ ਚਲੇ ਗਏ। ਇਹ ਜਦੋਂ ਘਰੀਂ ਪੁੱਜੇ ਤਾਂ ਮਾਤਾ ਭਾਗ ਕੌਰ ਅਤੇ ਉਨ੍ਹਾਂ ਵਰਗੀਆਂ ਮਹਾਨ ਇਸਤਰੀਆਂ ਨੇ ਇਨ੍ਹਾਂ ਨੂੰ ਗੁਰੂ ਸਾਹਿਬ ਦਾ ਸਾਥ ਛੱਡ ਕੇ ਆਉਣ ’ਤੇ ਧਿਰਕਾਰਿਆ। ਸਿੰਘਣੀਆਂ ਦਾ ਰੋਹ ਜਾਗਿਆ ਦੇਖ ਕੇ ਬੇਦਾਵਾ ਦੇ ਕੇ ਆਏ ਸਿੰਘ ਮਾਤਾ ਭਾਗ ਕੌਰ ਦੀ ਅਗਵਾਈ ਵਿਚ ਗੁਰੂ ਸਾਹਿਬ ਦਾ ਸਾਥ ਦੇਣ ਲਈ ਚੱਲ ਪਏ। 

ਉਧਰ ਗੁਰੂ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਤੋਂ ਮੁਗਲ ਕੈਂਪਾਂ ਵਿਚ ਖਲਬਲੀ ਮਚਾ ਕੇ ਮਾਛੀਵਾੜੇ ਦੇ ਜੰਗਲਾਂ, ਦੀਨਾ ਕਾਂਗੜ ਵਿਖੇ ਔਰੰਗਜ਼ੇਬ ਨੂੰ ਫਤਹਿ ਦੀ ਚਿੱਠੀ ਲਿਖ ਕੇ ਕਪੂਰੇ ਤੋਂ ਹੁੰਦੇ ਹੋਏ ਖਿਦਰਾਣੇ ਦੀ ਢਾਬ ਪਹੁੰਚ ਚੁੱਕੇ ਸਨ। ਖਿਦਰਾਣੇ ਦੀ ਢਾਬ ਯੁੱਧ ਦੇ ਨੁਕਤਾ ਨਿਗਾਹ ਤੋਂ ਕਾਰਗਰ ਮੋਰਚਾ ਸੀ। ਗੁਰੂ ਜੀ ਨੇ ਆਪਣਾ ਦਰਬਾਰ ਟਿੱਬੇ ’ਤੇ ਲਗਾਇਆ ਹੋਇਆ ਸੀ। ਗੁਰੂ ਜੀ ਨੂੰ ਵੈਰੀ ਦੇ ਟਿੱਡੀ ਦਲ ਦੀਆਂ ਪਿੱਛਾ ਕਰਨ ਦੀਆਂ ਖ਼ਬਰਾਂ ਮਿਲ ਗਈਆਂ ਸਨ। ਇਥੇ ਯੁੱਧ ਅੰਮ੍ਰਿਤ ਵੇਲੇ ਸ਼ੁਰੂ ਹੋਇਆ। ਸਿੰਘਾਂ ਨੇ ਅਜਿਹੀ ਰਣਨੀਤੀ ਅਪਣਾਈ ਕਿ ਇੱਕ ਇੱਕ ਸਿੰਘ ਹੀ ਟਾਕਰੇ ’ਤੇ ਅੱਗੇ ਜਾਵੇ। ਉਸ ਦੇ ਪਿੱਛੇ ਪੰਜ ਹੋਰ, ਉਸ ਦੀ ਸਹਾਇਤਾ ਲਈ ਨਿਕਲਣ। ਗੁਰੂ ਜੀ ਸਾਰਾ ਯੁੱਧ ਦੇਖ ਰਹੇ ਸਨ। ਗੁਰੂ ਜੀ ਤੀਰਾਂ ਦੀ ਬੁਛਾੜ ਕਰਦੇ ਤਾਂ ਕਿ ਦੁਸ਼ਮਣਾਂ ਨੂੰ ਭਾਜੜ ਪਈ ਰਹੇ। ਸਿੰਘਾਂ ਦਾ ਪਾਣੀ ’ਤੇ ਕਬਜ਼ਾ ਹੋਣ ਕਰਕੇ ਦੁਸ਼ਮਣਾਂ ਦਾ ਟਿਕਣਾ ਅਸੰਭਵ ਸੀ। ਜਦੋਂ ਸਮੂਹ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਆਪਣੇ ਜਥੇ ਦੇ ਸਿੰਘ ਅੱਗੇ ਭੇਜੇ। ਗੁਰੂ ਜੀ ਟਿੱਬੀ ਵਾਲੀ ਥਾਂ ਤੋਂ ਹੇਠਾਂ ਆ ਗਏ। ਨਵਾਬ ਖਾਲੀ ਟਿੱਬੀ ਦੇਖ ਕੇ ਖੁਸ਼ ਹੋ ਗਿਆ ਕਿ ਗੁਰੂ ਜੀ ਸ਼ਹੀਦ ਹੋ ਗਏ ਹਨ। ਫੌਜਾਂ ਨੂੰ ਪਿੱਛੇ ਮੁੜਨ ਦਾ ਹੁਕਮ ਦਿੱਤਾ। ਸਿੰਘਾਂ ਦੇ ਵਾਰ ਅੱਗੇ ਤ੍ਰੇਹ ਦੀ ਮਾਰ ਕਾਰਨ, ਦੁਸ਼ਮਣ ਫੌਜਾਂ ਭੱਜ ਉੱਠੀਆਂ ਅਤੇ ਖਾਲਸੇ ਨੂੰ ਜਿੱਤ ਪ੍ਰਾਪਤ ਹੋਈ। 

ਗੁਰੂ ਜੀ ਸਿੰਘਾਂ ਸਮੇਤ ਯੁੱਧ ਅਸਥਾਨ ’ਤੇ ਪਹੁੰਚੇ। ਉਨ੍ਹਾਂ ਨੇ ਦੇਖਿਆ ਕਿ ਉਹ 40 ਸਿੰਘ ਜੋ ਅਨੰਦਪੁਰ ਸਾਹਿਬ ਵਿਖੇ ਉਨ੍ਹਾਂ ਨੂੰ ਬੇਦਾਵਾ ਦੇ ਕੇ ਚਲੇ ਗਏ ਸਨ ਉਹ ਵੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਹਨ। ਗੁਰੂ ਜੀ ਹਰ ਸਿੱਖ ਕੋਲ ਜਾਂਦੇ, ਮੂੰਹ ਸਾਫ ਕਰਦੇ ਤੇ ਸੀਸ ਗੋਦ ਵਿਚ ਰੱਖ ਕੇ ਪਿਆਰ ਕਰਦੇ ਤੇ ਕਾਰਨਾਮੇ ਸੁਣ ਕੇ ਬਖਸ਼ਿਸ਼ਾਂ ਕਰਦੇ ਕਿ ਇਹ ਮੇਰਾ ਪੰਜ ਹਜ਼ਾਰੀ ਸਿੱਖ ਹੈ, ਇਹ ਮੇਰਾ ਦਸ ਹਜ਼ਾਰੀ ਤੇ ਇਹ ਤੀਹ ਹਜ਼ਾਰੀ। ਸਿੱਖਾਂ ਨੂੰ ਬਖਸ਼ਿਸ਼ਾਂ ਕਰਦੇ ਹੋਏ ਗੁਰੂ ਸਾਹਿਬ ਭਾਈ ਮਹਾਂ ਸਿੰਘ ਪਾਸ ਪਹੁੰਚੇ। ਭਾਈ ਮਹਾਂ ਸਿੰਘ ਦਾ ਮੁਖੜਾ ਸਾਫ਼ ਕਰਕੇ ਸੀਸ ਗੋਦ ਵਿਚ ਰੱਖਿਆ ਤੇ ਮੂੰਹ ਵਿਚ ਪਾਣੀ ਪਾ ਕੇ ਛਾਤੀ ਨਾਲ ਲਾ ਆਖਣ ਲੱਗੇ ਭਾਈ ਮਹਾਂ ਸਿੰਘ ਤੁਸੀਂ ਸਿੱਖੀ ਦੀ ਲਾਜ ਰੱਖ ਲਈ ਹੈ ਤੇ ਆਪਣੀਆਂ ਸ਼ਹਾਦਤਾਂ ਦੇ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਹਨ, ਜੋ ਚਾਹੋ ਮੰਗ ਲਉ। ਮਹਾਂ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਕੋਈ ਮੰਗ ਨਹੀਂ, ਦਰਸ਼ਨਾਂ ਦੀ ਸਿੱਕ ਸੀ ਹੋ ਗਏ, ਕਿਸੇ ਵਸਤੂ ਦੀ ਲੋੜ ਨਹੀਂ। ਨਹੀਂ ਪਿਆਰੇ ਮਹਾਂ ਸਿੰਘ ਜੀ ਕੁਝ ਹੋਰ ਮੰਗੋ। ਭਾਈ ਮਹਾਂ ਸਿੰਘ ਨੇ ਕਿਹਾ, ਜੇ ਤੁਠੇ ਹੋ ਤਾਂ ਜਿਹੜਾਂ ਬੇਦਾਵਾ ਅਸੀਂ ਲਿਖ ਕੇ ਆਏ ਸਾਂ ਉਹ ਪਾੜ ਸੁੱਟੋ ਅਤੇ ਟੁੱਟੀ ਗੰਢੋ। ਇਸ ’ਤੇ ਗੁਰੂ ਸਾਹਿਬ ਨੇ ਪਾੜ ਕੇ ਆਪਣੇ ਸਿੱਖਾਂ ਨੂੰ ਮਾਣ ਬਖ਼ਸ਼ਿਆ। ਇਸ ਪਿੱਛੋਂ ਭਾਈ ਮਹਾਂ ਸਿੰਘ ਨੇ ਪ੍ਰਾਣ ਤਿਆਗ ਦਿੱਤੇ। 

ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ ਤੇ ਇਸ ਧਰਤੀ ਨੂੰ ਮੁਕਤੀ ਦਾ ਵਰ ਦਿੱਤਾ। ਇਨ੍ਹਾਂ ਅਮਰ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਸਦਕਾ ਇਸ ਥਾਂ ਨੂੰ ’ਖਿਦਰਾਣੇ ਤੋਂ ਮੁਕਤਸਰ’ ਦਾ ਖਿਤਾਬ ਬਖਸ਼ਿਆ। 
ਖਿਦਰਾਣਾ ਕਰਿ ਮੁਕਤਸਰ ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈਂ ਬਡੋ ਮਰਤਬੋ ਲੀਨ। (ਗੁਰ ਬਿਲਾਸ ਪਾਤਸ਼ਾਹੀ 10)

ਮਾਘੀ ਦੇ ਦਿਨ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਭੇਟ ਕਰਨ ’ਤੇ ਇਸ ਪਵਿੱਤਰ ਧਰਤੀ ਨੂੰ ਪਰਸਨ ਲਈ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਭਾਰੀ ਇਕੱਠ ਹਰ ਸਾਲ ਹੁੰਦਾ ਹੈ ਤੇ ਇਸ ਪਾਵਨ ਅਸਥਾਨ ਨੂੰ ਨਤਮਸਤਕ ਹੁੰਦੀਆਂ ਹਨ। ਇਸੇ ਕਰਕੇ ਖਾਲਸਾ ਪੰਥ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਮਾਘੀ ਵਿਸ਼ੇਸ਼ ਮਹੱਤਤਾ ਰੱਖਦੀ ਹੈ। ਇਸ ਦਿਹਾੜੇ ’ਤੇ ਗੁਰੂ ਸਿਧਾਂਤ ਤੋਂ ਦੂਰ ਗਇਆਂ ਨੂੰ ਪੁਰਜ਼ੋਰ ਅਪੀਲ ਹੈ ਕਿ ਗੁਰੂ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਆਓ! ਅਸੀਂ ਸਾਰੇ ਗੁਰੂ ਵੱਲ ਮੁੱਖ ਕਰਕੇ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਵੀਏ। ਅਰਦਾਸ ਹੈ ਕਿ ਗੁਰੂ ਸਾਹਿਬ ਜੀ ਸਾਨੂੰ ਸਭ ਨੂੰ ਗੁਰਮਤਿ ਮਾਰਗ ’ਤੇ ਚੱਲਣ ਦਾ ਬਲ ਬਖਸ਼ਣ ਤਾਂ ਕਿ ਅਸੀਂ ਵੀ ਗੁਰੂ ਦੀ ਗੋਦ ਦਾ ਨਿੱਘ ਮਾਣ ਸਕੀਏ।


rajwinder kaur

Content Editor

Related News