ਕੈਪਟਨ ਦੇ Mini Lockdown ਖ਼ਿਲਾਫ਼ ਉੱਤਰੇ ਦੁਕਾਨਦਾਰ, ਕਰ ਦਿੱਤਾ ਵੱਡਾ ਐਲਾਨ
Wednesday, May 05, 2021 - 01:43 PM (IST)
ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਲਾਗ ਦੀ ਬੀਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਗਏ ਮਿੰਨੀ ਲਾਕਡਾਊਨ ਦਾ ਕਈ ਸ਼ਹਿਰਾਂ ’ਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਮੱਦੇਨਜ਼ਰ ਮਾਛੀਵਾੜਾ ’ਚ ਕਈ ਦੁਕਾਨਦਾਰਾਂ ਨੇ ਮੇਨ ਚੌਂਕ ’ਚ ਧਰਨਾ ਦੇ ਕੇ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਜਾਂਦਿਆਂ ਰੋਜ਼ਾਨਾ ਸਵੇਰੇ 8 ਤੋਂ 2 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਅੱਜ ਮਾਛੀਵਾੜਾ ਦੇ ਖਾਲਸਾ ਚੌਂਕ ਵਿਖੇ ਭਾਰੀ ਗਿਣਤੀ ’ਚ ਇਕੱਤਰ ਹੋਏ ਦੁਕਾਨਦਾਰਾਂ ਮਨਜੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਰਕੇਸ਼ ਬਾਂਸਲ, ਬੱਬੂ ਜੁਨੇਜਾ, ਨੰਦ ਕਿਸ਼ੋਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਤਾਂ ਪਤਾ ਨਹੀਂ ਉਹ ਕਦੋਂ ਮਰਨਗੇ ਪਰ ਸਰਕਾਰ ਵੱਲੋਂ ਲਗਾਏ ਮਿੰਨੀ ਲਾਕਡਾਊਨ ਤੇ ਧੱਕੇਸ਼ਾਹੀ ਦੇ ਰਵੱਈਏ ਕਾਰਨ ਦੁਕਾਨਦਾਰ ਅੱਜ ਮਰਨ ਦੇ ਹਾਲਾਤ ’ਤੇ ਪਹੁੰਚ ਗਏ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਫਿਰ Twitter ਨੂੰ ਹਥਿਆਰ ਬਣਾ ਕੀਤਾ ਵੱਡਾ ਧਮਾਕਾ, ਕਾਂਗਰਸ 'ਤੇ ਵਿੰਨ੍ਹਿਆ ਨਿਸ਼ਾਨਾ
ਦੁਕਾਨਦਾਰਾਂ ਨੇ ਕਿਹਾ ਕਿ ਕੈਪਟਨ ਸਾਹਿਬ ਇਸ ਨਾਲੋਂ ਚੰਗਾ ਤਾਂ ਸਾਨੂੰ ਜ਼ਹਿਰ ਦੇ ਕੇ ਮਾਰ ਦਿਓ ਕਿਉਂਕਿ ਜੇਕਰ ਉਨ੍ਹਾਂ ਦਾ ਕਾਰੋਬਾਰ ਇਸੇ ਤਰ੍ਹਾਂ ਠੱਪ ਰਿਹਾ ਤਾਂ ਵੀ ਜਲਦ ਹੀ ਆਰਥਿਕ ਜਾਂ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਕੇ ਮਰ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਕੋਰੋਨਾ ਮਹਾਮਾਰੀ ਤੋਂ ਬਚਾਅ ਜ਼ਰੂਰੀ ਹੈ ਕਿ ਪਰ ਸਰਕਾਰ ਇਹ ਵੀ ਸੋਚੇ ਕਿ ਜਿਨ੍ਹਾਂ ਦੁਕਾਨਦਾਰਾਂ ਦੇ ਕਾਰੋਬਾਰ ਮੁਕੰਮਲ ਬੰਦ ਕਰ ਦਿੱਤੇ ਗਏ ਹਨ, ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਕੁੱਝ ਹੀ ਘੰਟੇ ਸਾਰੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦੇਵੇ ਤਾਂ ਜੋ ਉਹ ਵੀ ਕੁੱਝ ਵਪਾਰ ਕਰ ਸਕਣ।
ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ਇੰਡਸਟਰੀ ਲਈ ਬੁਰੀ ਖ਼ਬਰ, ਮਸ਼ਹੂਰ ਅਦਾਕਾਰ ਤੇ ਡਾਇਰੈਕਟਰ 'ਸੁਖਜਿੰਦਰ ਸ਼ੇਰਾ' ਦੀ ਮੌਤ
ਦੁਕਾਨਦਾਰਾਂ ਦੇ ਰੋਸ ਧਰਨੇ ’ਚ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਵੀ ਸ਼ਾਮਲ ਹੋਏ, ਜਿਨ੍ਹਾਂ ਕਿਹਾ ਕਿ ਅੱਜ ਲੋਕ ਜਿੱਥੇ ਕੋਰੋਨਾ ਮਹਾਮਾਰੀ ਕਾਰਨ ਮਰ ਰਹੇ ਹਨ, ਉੱਥੇ ਸਰਕਾਰ ਦੀਆਂ ਗਲਤ ਨੀਤੀਆਂ ਜਿਸ ’ਚ ਅਚਨਚੇਤ ਲਾਕਡਾਊਨ ਲਗਾਉਣਾ ਦੁਕਾਨਦਾਰਾਂ ਤੇ ਹਰੇਕ ਵਰਗ ਲਈ ਘਾਤਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਦੇਵੇ ਅਤੇ ਜੋ ਉਨ੍ਹਾਂ ਦਾ ਆਰਥਿਕ ਨੁਕਸਾਨ ਹੁੰਦਾ ਹੈ, ਉਸ ਦੀ ਭਰਪਾਈ ਲਈ ਵੀ ਵਿਸ਼ੇਸ਼ ਪੈਕੇਜ ਐਲਾਨੇ।
ਰੋਸ ਧਰਨੇ ਦੇ ਅਖ਼ੀਰ ’ਚ ਸਮੂਹ ਦੁਕਾਨਦਾਰਾਂ ਨੇ ਫ਼ੈਸਲਾ ਕੀਤਾ ਕਿ ਉਹ ਰੋਜ਼ਾਨਾ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਜਾਂਦਿਆਂ ਸਵੇਰੇ 8 ਤੋਂ 2 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ੍ਹਣਗੇ ਅਤੇ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਉਹ ਦੁਕਾਨਦਾਰਾਂ ਖ਼ਿਲਾਫ਼ ਕਿਸੇ ਕਿਸਮ ਦੀ ਧੱਕੇਸ਼ਾਹੀ ਨਾ ਕਰਨ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਿਹੜਾ ਵੀ ਦੁਕਾਨਦਾਰ 2 ਵਜੇ ਤੋਂ ਬਾਅਦ ਦੁਕਾਨ ਖੋਲ੍ਹੇਗਾ ਤਾਂ ਉਸ ਖ਼ਿਲਾਫ਼ ਪੁਲਸ ਪ੍ਰਸਾਸ਼ਨ ਕੋਈ ਕਾਰਵਾਈ ਕਰਦਾ ਹੈ, ਉਹ ਬਿਲਕੁਲ ਯੋਗ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ