ਮਾਛੀਵਾੜਾ ਦੀ ਸਿਆਸਤ ''ਚ ਵੱਡੀ ਉੱਥਲ-ਪੁਥਲ, ਆਪਣੀ ਹੀ ਪਾਰਟੀ ਦੀ ਚੇਅਰਪਰਸਨ ਖ਼ਿਲਾਫ਼ ਹੋਏ ਕਾਂਗਰਸੀ

Friday, Jul 15, 2022 - 03:18 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਦੀ ਸਿਆਸਤ 'ਚ ਅੱਜ ਉਸ ਸਮੇਂ ਵੱਡੀ ਉੱਥਲ-ਪੁਥਲ ਦੇਖਣ ਨੂੰ ਮਿਲੀ, ਜਦੋਂ ਬਲਾਕ ਸੰਮਤੀ ਦੀ ਮੀਟਿੰਗ ਦੌਰਾਨ ਕਾਂਗਰਸੀ ਮੈਂਬਰਾਂ ਨੇ ਆਪਣੀ ਹੀ ਪਾਰਟੀ ਦੀ ਚੇਅਰਪਰਸਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਅਤੇ ਜਵਾਬ ਮੰਗਿਆ ਕਿ ਉਹ ਕਿਸ ਪਾਰਟੀ ਨਾਲ ਸਬੰਧਿਤ ਹਨ। ਅੱਜ ਬਲਾਕ ਪੰਚਾਇਤ ਤੇ ਵਿਕਾਸ ਦਫ਼ਤਰ ਵਿਖੇ ਇੱਕ ਮੀਟਿੰਗ ਚੇਅਰਪਰਸਨ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਕਾਂਗਰਸ ਪਾਰਟੀ ਨਾਲ ਸਬੰਧਿਤ ਸੁਖਪ੍ਰੀਤ ਸਿੰਘ ਝੜੌਦੀ, ਸਿਮਰਨਦੀਪ ਕੌਰ ਮਾਨ, ਗੁਰਪ੍ਰੀਤ ਕੌਰ, ਦਲਜੀਤ ਕੌਰ, ਅਮਨਦੀਪ ਸਿੰਘ ਰਾਣਵਾਂ, ਹੁਸਨ ਲਾਲ ਮੜਕਨ, ਦਲਬਾਰਾ ਸਿੰਘ, ਰਮੇਸ਼ ਕੁਮਾਰ ਖੁੱਲਰ,  ਗਿਆਨ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਕੁਲਦੀਪ ਕੌਰ ਖੀਰਨੀਆਂ, ਦਰਬਾਰਾ ਸਿੰਘ (ਸ਼੍ਰੋਮਣੀ ਅਕਾਲੀ ਦਲ ਮੈਂਬਰ) ਨੇ ਸ਼ਮੂਲੀਅਤ ਕੀਤੀ।

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਾਕ ਸੰਮਤੀ ਮੈਂਬਰ ਹੁਸਨ ਲਾਲ ਮੜਕਨ, ਅਮਨਦੀਪ ਸਿੰਘ ਰਾਣਵਾਂ ਅਤੇ ਰਮੇਸ਼ ਖੁੱਲਰ ਨੇ ਦੱਸਿਆ ਕਿ ਪਿਛਲੇ ਸਵਾ ਸਾਲ ਤੋਂ ਬਲਾਕ ਸੰਮਤੀ ਦੀ ਕੋਈ ਮੀਟਿੰਗ ਨਹੀਂ ਹੋਈ, ਜਿਸ ਕਾਰਨ ਪਿੰਡਾਂ 'ਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ ਅਤੇ ਲੋਕ ਹਿੱਤਾਂ ਵਾਲੇ ਕੰਮ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਜੋ ਮੀਟਿੰਗ ਸਵਾ ਸਾਲ ਪਹਿਲਾਂ ਹੋਈ ਸੀ, ਉਸ ਵਿਚ ਜੋ ਮਤੇ ਪਾਸ ਕੀਤੇ ਗਏ ਸਨ, ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ। ਬਲਾਕ ਸੰਮਤੀ ਮੈਂਬਰਾਂ ਨੇ ਕਿਹਾ ਕਿ ਬੇਸ਼ੱਕ ਚੁਣੀ ਹੋਈ ਚੇਅਰਪਰਸਨ ਕਾਂਗਰਸ ਪਾਰਟੀ ਨਾਲ ਸਬੰਧਿਤ ਸੀ ਪਰ ਉਸ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਖ਼ਿਲਾਫ਼ ਜਾ ਕੇ ਕੰਮ ਕੀਤਾ, ਇਸ ਲਈ ਕਾਂਗਰਸ ਪਾਰਟੀ ਦੇ 12 ਬਲਾਕ ਸੰਮਤੀ ਮੈਂਬਰਾਂ ਨੇ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕਰ 15 ਦਿਨਾਂ ਅੰਦਰ ਆਪਣਾ ਬਹੁਮਤ ਸਪੱਸ਼ਟ ਕਰਨ ਲਈ ਆਖਿਆ।

ਉਨ੍ਹਾਂ ਕਿਹਾ ਕਿ ਅੱਜ ਬਲਾਕ ਸੰਮਤੀ ਦੀ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਚੇਅਰਪਰਸਨ ਨੂੰ ਸਵਾਲ ਵੀ ਕੀਤੇ ਗਏ ਕਿ ਸਵਾ ਸਾਲ ਮੀਟਿੰਗ ਕਿਉਂ ਨਹੀਂ ਹੋਈ, ਜਿਸ ਨਾਲ ਪਿੰਡਾਂ 'ਚ ਵਿਕਾਸ ਕਾਰਜ ਰੁਕੇ ਹੋਏ ਹਨ। ਅੱਜ ਦੀ ਮੀਟਿੰਗ 'ਚ 12 ਬਲਾਕ ਸੰਮਤੀ ਕਾਂਗਰਸ ਮੈਂਬਰਾਂ ਤੋਂ ਇਲਾਵਾ 1 ਅਕਾਲੀ ਦਲ ਨਾਲ ਸਬੰਧਿਤ ਮੈਂਬਰ ਵੀ ਸ਼ਾਮਲ ਹੋਇਆ, ਜਿਸ ਨੇ ਇਨ੍ਹਾਂ ਦਾ ਸਾਥ ਦਿੰਦਿਆਂ ਬੇਭਰੋਸਗੀ ਮਤਾ ਪਾਸ ਕੀਤਾ ਅਤੇ ਜੋ 2 ਅਕਾਲੀ ਦਲ ਦੇ ਮੈਂਬਰ ਹਰਜੋਤ ਸਿੰਘ ਮਾਂਗਟ ਅਤੇ ਚਮਨ ਲਾਲ ਸ਼ਾਮਲ ਨਹੀਂ ਹੋਏ, ਉਹ ਹੁਣ ਕੁਝ ਦਿਨਾਂ ਬਾਅਦ ਹੋਣ ਵਾਲੀ ਮੀਟਿੰਗ 'ਚ ਚੇਅਰਪਰਸਨ ਦੇ ਅਹੁਦੇ ’ਤੇ ਬਣੇ ਰਹਿਣ ਲਈ ਸਾਥ ਦੇਣਗੇ ਜਾਂ ਉਲਟ ਚੱਲਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਮਾਛੀਵਾੜਾ ਇਲਾਕੇ ਦੀ ਸਿਆਸਤ 'ਚ ਅੱਜ ਦੀ ਇਸ ਮੀਟਿੰਗ ਨੂੰ ਵੱਡੀ ਉੱਥਲ-ਪੁਥਲ ਵਜੋਂ ਦੇਖਿਆ ਜਾ ਰਿਹਾ ਹੈ।

ਮੈਂ ਕਿਸ ਪਾਰਟੀ ਨਾਲ ਸਬੰਧਿਤ, ਅਜੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੀ: ਚੇਅਰਪਰਸਨ

ਮਾਛੀਵਾੜਾ ਬਲਾਕ ਸੰਮਤੀ ਦੀ ਚੇਅਰਪਰਸਨ ਸਿਮਰਜੀਤ ਕੌਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਵਾ ਸਾਲ ਮੀਟਿੰਗ ਕੋਰੋਨਾ ਦੇ ਦੌਰ ਕਾਰਨ ਨਹੀਂ ਹੋ ਸਕੀ ਅਤੇ ਫਿਰ ਉਹ ਬੀਮਾਰ ਹੋ ਗਏ। ਇਸ ਤੋਂ ਬਾਅਦ ਜਦੋਂ ਮੀਟਿੰਗ ਸੱਦੀ ਗਈ ਤਾਂ ਵਿਧਾਨ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲੱਗ ਚੁੱਕਾ ਸੀ। ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਮੈਂਬਰਾਂ ਨਾਲ ਜੋ ਗਿਲ੍ਹੇ-ਸ਼ਿਕਵੇ ਹਨ, ਉਹ ਜਲਦ ਦੂਰ ਕਰ ਲਏ ਜਾਣਗੇ। ਚੇਅਰਪਰਸਨ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਜਦੋਂ ਉਨ੍ਹਾਂ ਨੂੰ ਅਹੁਦਾ ਮਿਲਿਆ ਤਾਂ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਸਨ ਪਰ ਹੁਣ ਉਹ ਕਿਸੇ ਪਾਰਟੀ ਵੱਲ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਜ਼ਿਕਰਯੋਗ ਹੈ ਕਿ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹੇ ਅਮਰੀਕ ਸਿੰਘ ਢਿੱਲੋਂ ਨੇ ਕਰੀਬ 3 ਸਾਲ ਪਹਿਲਾਂ ਆਪਣੀ ਨਜ਼ਦੀਕੀ ਤੇ ਕਾਂਗਰਸ ਪਾਰਟੀ ਦੀ ਆਗੂ ਸਿਮਰਜੀਤ ਕੌਰ ਨੂੰ ਚੇਅਰਪਰਸਨ ਬਣਾਇਆ ਸੀ ਪਰ ਹੁਣ ਸਾਬਕਾ ਵਿਧਾਇਕ ਢਿੱਲੋਂ ਭਾਜਪਾ 'ਚ ਸ਼ਾਮਲ ਹੋ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿਮਰਜੀਤ ਕੌਰ ਢਿੱਲੋਂ ਵਲੋਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜੇ ਅਮਰੀਕ ਸਿੰਘ ਢਿੱਲੋਂ ਦਾ ਸਾਥ ਦਿੱਤਾ ਗਿਆ ਅਤੇ ਕਾਂਗਰਸ ਖਿਲਾਫ਼ ਚੱਲੇ ਸਨ ,ਜਿਸ ਕਾਰਨ ਕਾਂਗਰਸੀ ਬਲਾਕ ਸੰਮਤੀ ਮੈਂਬਰਾਂ ਨੇ ਆਪਣੀ ਚੇਅਰਪਰਸਨ ਖਿਲਾਫ਼ ਬੇਭਰੋਸਗੀ ਮਤਾ ਲਿਆ ਸਪੱਸ਼ਟ ਜਵਾਬ ਮੰਗਿਆ ਕਿ ਉਹ ਕਿਸ ਪਾਰਟੀ ਨਾਲ ਸਬੰਧਿਤ ਹਨ ਅਤੇ ਆਪਣਾ ਬਹੁਮਤ ਸਾਬਿਤ ਕਰਨ।


Babita

Content Editor

Related News