ਕੋਰੋਨਾ ਕਾਰਨ ਸੀਲ ਹੋਇਆ ਬੈਂਕ 4 ਦਿਨਾਂ ਬਾਅਦ ਖੁੱਲ੍ਹਣ ’ਤੇ ਕਿਸਾਨਾਂ ਦੀ ਭੀੜ ਉਮੜੀ

Tuesday, May 11, 2021 - 03:47 PM (IST)

ਕੋਰੋਨਾ ਕਾਰਨ ਸੀਲ ਹੋਇਆ ਬੈਂਕ 4 ਦਿਨਾਂ ਬਾਅਦ ਖੁੱਲ੍ਹਣ ’ਤੇ ਕਿਸਾਨਾਂ ਦੀ ਭੀੜ ਉਮੜੀ

ਮਾਛੀਵਾੜਾ ਸਾਹਿਬ (ਟੱਕਰ) : ਲੁਧਿਆਣਾ ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੀ ਮਾਛੀਵਾੜਾ ਸ਼ਾਖਾ ’ਚ ਕੰਮ ਕਰਦੇ ਮੈਨੇਜਰ ਸਮੇਤ 4 ਮੁਲਾਜ਼ਮ ਕੋਰੋਨਾ ਪਾਜ਼ੇਟਿਵ ਆ ਜਾਣ ਕਾਰਨ ਇਹ ਬੈਂਕ ਸੀਲ ਕਰ ਦਿੱਤਾ ਗਿਆ ਸੀ। ਅੱਜ 4 ਦਿਨਾਂ ਬਾਅਦ ਜਦੋਂ ਬੈਂਕ ਖੁੱਲ੍ਹਿਆ ਤਾਂ ਇਸ ਨਾਲ ਜੁੜੇ ਸੈਂਕੜੇ ਕਿਸਾਨਾਂ ਦੀ ਭੀੜ ਉਮੜ ਪਈ ਪਰ ਬੈਂਕ ’ਚ ਕੰਮ ਕਰਵਾਉਣ ਆਉਣ ਵਾਲੇ ਗਾਹਕ ਪਰੇਸ਼ਾਨ ਦਿਖਾਈ ਦਿੱਤੇ। ਬੈਂਕ ਨਾਲ ਲੈਣ-ਦੇਣ ਕਰਨ ਆਏ ਕਿਸਾਨ ਜਸਵੀਰ ਸਿੰਘ, ਦਿਲਬਾਗ ਸਿੰਘ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੈਂਕ ਤੋਂ ਖੇਤੀਬਾੜੀ ਕਰਜ਼ਾ ਲਿਆ ਹੋਇਆ ਹੈ, ਜਿਸਦੀ ਰਾਸ਼ੀ ਕੁੱਝ ਦਿਨ ਪਹਿਲਾਂ ਜਮ੍ਹਾਂ ਕਰ ਦਿੱਤੀ ਸੀ ਪਰ ਜਦੋਂ ਉਹ 7 ਮਈ ਨੂੰ ਬੈਂਕ ’ਚ ਆਪਣੇ ਪੈਸੇ ਕਢਵਾਉਣ ਆਏ ਤਾਂ ਪਤਾ ਲੱਗਾ ਕਿ ਸਟਾਫ਼ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ।

ਅੱਜ ਜਦੋਂ ਬੈਂਕ ਖੁੱਲ੍ਹਣ ’ਤੇ ਉਹ ਆਪਣੀ ਰਾਸ਼ੀ ਕਢਵਾਉਣ ਆਏ ਤਾਂ ਉੱਥੇ ਹੋਰ ਵੀ ਸੈਂਕੜੇ ਕਿਸਾਨ ਬੈਂਕ ਨਾਲ ਲੈਣ-ਦੇਣ ਕਰਨ ਲਈ ਆਏ ਸਨ ਪਰ ਸਟਾਫ਼ ਦੀ ਘਾਟ ਕਾਰਨ ਉਹ ਕਈ ਘੰਟਿਆਂ ਤੋਂ ਬਾਹਰ ਖੜ੍ਹੇ ਹਨ, ਜਿਨ੍ਹਾਂ ਦਾ ਕੰਮ ਨਹੀਂ ਹੋ ਰਿਹਾ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੈਂਕ ’ਚੋਂ ਪੈਸੇ ਕਢਵਾ ਕੇ ਬਜ਼ਾਰ ਵਿਚ ਕਈ ਦੁਕਾਨਦਾਰਾਂ ਨਾਲ ਲੈਣ-ਦੇਣ ਕਰਨਾ ਹੈ ਪਰ ਪਿਛਲੇ ਕੁੱਝ ਦਿਨਾਂ ਤੋਂ ਕਦੇ ਕੋਰੋਨਾ ਤੇ ਕਦੇ ਸਟਾਫ਼ ਦੀ ਕਮੀ ਤੋਂ ਪਰੇਸ਼ਾਨ ਹਨ। ਕਿਸਾਨਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਇੱਥੇ ਤੁਰੰਤ ਲੋੜੀਂਦਾ ਸਟਾਫ਼ ਭੇਜਿਆ ਜਾਵੇ।

ਦੂਜੇ ਪਾਸੇ ਬੈਂਕ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਜੋ ਇੱਥੇ ਪਹਿਲਾਂ ਸਟਾਫ਼ ਕੰਮ ਕਰਦਾ ਸੀ ਉਹ ਡਿਊਟੀ ’ਤੇ ਨਹੀਂ ਆ ਸਕਿਆ ਅਤੇ ਲੁਧਿਆਣਾ ਤੋਂ ਅੱਜ ਨਵਾਂ ਸਟਾਫ਼ ਬੈਂਕ ’ਚ ਕੰਮ ਕਰਨ ਲਈ ਭੇਜਿਆ ਗਿਆ ਹੈ, ਉਸ ਨੂੰ ਪਹੁੰਚਣ ’ਚ ਦੇਰੀ ਹੋ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੋ ਵੀ ਉਨ੍ਹਾਂ ਦੀ ਰਾਸ਼ੀ ਦਾ ਭੁਗਤਾਨ ਹੈ ਕਰ ਦਿੱਤਾ ਜਾਵੇਗਾ।


author

Baljeet Kaur

Content Editor

Related News