ਨਾਜਾਇਜ਼ ਮਾਈਨਿੰਗ ਕਰਕੇ ਰੇਤ ਦੇ ਭਰੇ 2 ਟਰੈਕਟਰ-ਟਰਾਲੀ ਕਾਬੂ, ਚਾਲਕ ਫ਼ਰਾਰ

Monday, Jun 22, 2020 - 03:59 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵੱਲੋਂ ਨਾਜਾਇਜ਼ ਮਾਈਨਿੰਗ ਕਰਕੇ ਰੇਤ ਦੇ 2 ਭਰੇ ਟਰੈਕਟਰ-ਟਰਾਲੀ ਕਾਬੂ ਕਰ ਲਏ ਗਏ, ਜਿਨ੍ਹਾਂ ਦੇ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸਤਲੁਜ ਦਰਿਆ ’ਚੋਂ 2 ਟਰੈਕਟਰ-ਟਰਾਲੀ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰ ਪਿੰਡ ਚਕਲੀ ਆਦਲ ਤੋਂ ਮਾਛੀਵਾੜਾ ਵੱਲ ਨੂੰ ਆ ਰਹੇ ਹਨ।

ਮਾਛੀਵਾੜਾ ਪੁਲਸ ਵਲੋਂ ਇਸ ਸੂਚਨਾ ਦੇ ਅਧਾਰ ’ਤੇ ਟੀ-ਪੁਆਇੰਟ ਲੱਖੋਵਾਲ ਵਿਖੇ ਨਾਕਾਬੰਦੀ ਕਰ ਲਈ ਗਈ ਅਤੇ ਜਦੋਂ ਇਨ੍ਹਾਂ ਦੋਵਾਂ ਟਰੈਕਟਰ-ਟਰਾਲੀਆਂ ਨੂੰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਦੇ ਚਾਲਕ ਰੇਤ ਦੀਆਂ ਭਰੀਆਂ ਟਰਾਲੀਆਂ ਛੱਡ ਕੇ ਫ਼ਰਾਰ ਹੋ ਗਏ। ਪੁਲਸ ਨੇ ਇਨ੍ਹਾਂ ਦੋਵੇਂ ਟਰੈਕਟਰ-ਟਰਾਲੀਆਂ ਨੂੰ ਕਾਬੂ ਕਰ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮੁਖੀ ਸੁਖਵੀਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ’ਚ ਰੇਤ ਦੀ ਨਾਜਾਇਜ਼ ਮਾਈਨਿੰਗ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਵੇਗੀ ਅਤੇ ਜੇਕਰ ਕਿਸੇ ਵਿਅਕਤੀ ਨੇ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਉਹ ਬਖ਼ਸ਼ਿਆ ਨਹੀਂ ਜਾਵੇਗਾ।
 ਦੂਜੇ ਪਾਸੇ ਬੇਸ਼ੱਕ ਪੁਲਸ ਵਲੋਂ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪੂਰੀ ਸਖ਼ਤੀ ਵਰਤੀ ਹੈ ਪਰ ਫਿਰ ਵੀ ਇਸ ਕਾਰੋਬਾਰ ਨਾਲ ਜੁੜੇ ਲੋਕ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਜ਼ਮਾਨਤ ਤੋਂ ਬਾਅਦ ਮੁੜ ਨਾਜਾਇਜ਼ ਮਾਈਨਿੰਗ ’ਚ ਲੱਗ ਜਾਂਦੇ ਹਨ ਕਿਉਂਕਿ ਚਿੱਟੇ ਰੇਤ ਦੇ ਇਸ ਕਾਲੇ ਕਾਰੋਬਾਰ ’ਚ ਮੋਟੀ ਕਮਾਈ ਦੱਸੀ ਜਾ ਰਹੀ ਹੈ।
 


Babita

Content Editor

Related News