ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਸਾਵਧਾਨ, ਹੈਰਾਨ ਕਰੇਗੀ ਘਟਨਾ

Tuesday, Jul 04, 2023 - 06:20 PM (IST)

ਮਾਂ ਵੈਸ਼ਣੋ ਦੇਵੀ ਯਾਤਰਾ ਲਈ ਹੈਲੀਕਾਪਟਰ ਸੇਵਾ ਬੁੱਕ ਕਰਵਾਉਣ ਵਾਲੇ ਸ਼ਰਧਾਲੂ ਸਾਵਧਾਨ, ਹੈਰਾਨ ਕਰੇਗੀ ਘਟਨਾ

ਮਾਛੀਵਾੜਾ ਸਾਹਿਬ (ਟੱਕਰ) : ਜੰਮੂ-ਕਸ਼ਮੀਰ ਵਿਖੇ ਸਥਿਤ ਪਵਿੱਤਰ ਅਸਥਾਨ ਮਾਤਾ ਵੈਸ਼ਣੋ ਦੇਵੀ ਦੀ ਯਾਤਰਾ ਲਈ ਹੈਲੀਕਾਪਟਰ ਦੀ ਬੁਕਿੰਗ ਕਰਵਾਉਣ ਵਾਲੇ ਸ਼ਰਧਾਲੂਆਂ ਨਾਲ ਨਵੀਂ ਕਿਸਮ ਦੀ ਠੱਗੀ ਮਾਰੀ ਜਾ ਰਹੀ ਹੈ, ਜਿਸ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇਸ ਤਰ੍ਹਾਂ ਦੀ ਹੀ ਠੱਗੀ ਮਾਛੀਵਾੜਾ ਇਲਾਕੇ ਦੇ ਇਕ ਸ਼ਰਧਾਲੂ ਨਾਲ ਵੱਜੀ ਹੈ, ਜਿਸ ਨੇ ਮਾਤਾ ਵੈਸ਼ਨੂੰ ਦੇਵੀ ਸ਼ਰਾਈਨ ਬੋਰਡ ਰਾਹੀਂ 30 ਜੂਨ ਨੂੰ ਦਰਸ਼ਨਾਂ ਲਈ ਕੱਟੜਾ ਤੋਂ ਹੈਲੀਕਾਪਟਰ ਦੀ ਸੇਵਾ ਬੁੱਕ ਕਰਵਾਈ ਸੀ। ਇਸ ਸ਼ਰਧਾਲੂ ਨੇ ਅਚਾਨਕ ਯਾਤਰਾ ’ਤੇ ਜਾਣ ਲਈ ਆਪਣੇ ਪ੍ਰੋਗਰਾਮ ਵਿਚ ਤਬਦੀਲੀ ਕਰਨ ਲਈ ਜਦੋਂ ਗੂਗਲ ’ਤੇ ਹੈਲੀਕਾਪਟਰ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਫੋਨ ਕੀਤਾ ਤਾਂ ਅੱਗੋਂ ਬੈਠੇ ਠੱਗਾਂ ਨੇ ਉਸ ਨਾਲ ਠੱਗੀ ਮਾਰ ਲਈ।

ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ’ਚ ਰਹਿਣ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਹੈਲੀਕਾਪਟਰ ਦੀ ਸੇਵਾ ਲਈ ਬੈਠੇ ਠੱਗ ਨੇ ਕਿਹਾ ਕਿ ਜੇਕਰ ਸ਼ਰਧਾਲੂ ਆਪਣੇ ਜਾਣ ਦੀ ਤਾਰੀਖ਼ ਜਾਂ ਸਮਾਂ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 3500 ਰੁਪਏ ਕੰਪਨੀ ਦੇ ਅਕਾਊਂਟ ਵਿਚ ਪਾਉਣੇ ਪੈਣਗੇ। ਸ਼ਰਧਾਲੂ ਨੇ ਠੱਗ ਵਲੋਂ ਦੱਸੇ ਅਕਾਊਂਟ ਵਿਚ 3500 ਰੁਪਏ ਪਾ ਦਿੱਤੇ। ਉਸ ਤੋਂ ਕੁਝ ਘੰਟਿਆਂ ਬਾਅਦ ਫਿਰ ਹੈਲੀਕਾਪਟਰ ਕੰਪਨੀ ਦੇ ਇਸ ਠੱਗ ਨੇ ਸ਼ਰਧਾਲੂ ਨੂੰ ਫੋਨ ਕਰ ਕੇ ਕਿਹਾ ਕਿ ਉਹ 4560 ਰੁਪਏ ਹੋਰ ਅਕਾਊਂਟ ਵਿਚ ਪਾਵੇ ਤਾਂ ਹੀ ਟਿਕਟ ਜਾਰੀ ਹੋਵੇਗੀ, ਜਿਸ ’ਚੋਂ ਉਸਨੂੰ 4500 ਰੁਪਏ ਰੀਫੰਡ ਹੋ ਜਾਵੇਗਾ। ਸ਼ਰਧਾਲੂ ਨੇ ਉਸ ਦੇ ਅਕਾਊਂਟ ਵਿਚ ਹੋਰ ਪੈਸੇ ਪਾ ਦਿੱਤੇ। ਦੂਸਰੇ ਦਿਨ ਫਿਰ ਠੱਗ ਨੇ ਫੋਨ ਕਰਕੇ ਕਿਹਾ ਕਿ 4560 ਨਹੀਂ 4507 ਰੁਪਏ ਪਾਉਣੇ ਸਨ, ਇਸ ਲਈ ਹੁਣ ਇਹ ਰਾਸ਼ੀ ਪਾਈ ਜਾਵੇ, ਜਦਕਿ ਬਾਕੀ ਪੈਸੇ ਰੀਫੰਡ ਹੋ ਜਾਣਗੇ। ਸ਼ਰਧਾਲੂ ਨੇ ਠੱਗ ਦੇ ਬਹਿਕਾਵੇ ਵਿਚ ਆ ਕੇ ਹੋਰ ਰਾਸ਼ੀ ਪਾ ਦਿੱਤੀ। ਇਸ ਠੱਗ ਨੇ ਆਪਣੀ ਕੰਪਨੀ ਦਾ ਆਈਕਾਰਡ ਵੀ ਭੇਜਿਆ। ਇੱਥੋਂ ਤਕ ਕਿ ਇਹ ਠੱਗ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦਾ ਨਾਂ ਲਿਖ ਕੇ ਵੀ ਭੇਜਦਾ ਸੀ, ਤਾਂ ਜੋ ਸ਼ਰਧਾਲੂ ਨੂੰ ਕੋਈ ਸ਼ੱਕ ਨਾ ਹੋਵੇ।

ਇਹ ਵੀ ਪੜ੍ਹੋ : ਗੋਲਡੀ ਬਰਾੜ ਗੈਂਗ ਦੇ ਗੈਂਗਸਟਰਾਂ ਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ, ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ

ਸ਼ਰਧਾਲੂ ਨੂੰ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਇਆ ਤਾਂ ਉਸਨੇ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ’ਤੇ ਸ਼ਿਕਾਇਤ ਦਰਜ ਕਰਵਾਈ ਕਿ ਇਸ ਪਵਿੱਤਰ ਅਸਥਾਨ ਦੇ ਨਾਂ ਦੀ ਆੜ ਹੇਠ ਠੱਗੀਆਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੇ ਅੱਗੋਂ ਸ਼ਰਧਾਲੂ ਨੂੰ ਕਿਹਾ ਕਿ ਇੱਥੇ ਅਜਿਹੇ ਠੱਗੀ ਦੇ ਬਹੁਤ ਮਾਮਲੇ ਆਉਂਦੇ ਹਨ, ਲੋਕ ਆਪ ਸੁਚੇਤ ਰਹਿਣ। ਸ਼ਰਧਾਲੂ ਨੇ ਦੱਸਿਆ ਕਿ ਜਦੋਂ ਉਸਨੇ ਪਤਾ ਲਾਇਆ ਕਿ ਜਿਸ ਅਕਾਊਂਟ ਵਿਚ ਉਸਨੇ ਪੈਸੇ ਜਮ੍ਹਾ ਕਰਵਾਏ ਉਹ ਕਿੱਥੋਂ ਦਾ ਖਾਤਾ ਹੈ, ਤਾਂ ਉਹ ਯੂ. ਪੀ. ਦੇ ਬ੍ਰਿਜਲਾਲ ਨਾਂ ਦੇ ਵਿਅਕਤੀ ਦਾ ਸੀ, ਜਿੱਥੋਂ ਕਿ ਪੈਸੇ ਜਮ੍ਹਾ ਹੁੰਦਿਆਂ ਹੀ ਏ. ਟੀ. ਐੱਮ. ਰਾਹੀਂ ਕੱਢਵਾ ਲਏ ਜਾਂਦੇ ਸਨ। ਸ਼ਰਧਾਲੂ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਕਿਹਾ ਕਿ ਲੋਕ ਅਜਿਹੇ ਠੱਗਾਂ ਤੋਂ ਸੁਚੇਤ ਰਹਿਣ।

ਇਹ ਵੀ ਪੜ੍ਹੋ : ਲੁਧਿਆਣਾ ’ਚ ਸੁੱਤੇ ਪਏ ਜੋੜੇ ਨੂੰ ਸੱਪ ਨੇ ਡੱਸਿਆ, ਦੋਵਾਂ ਜੀਆਂ ਦੀ ਹੋਈ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News