ਮਾਂ ਬੋਲੀ ਲਈ ਜ਼ਮੀਨ ਤੋਂ ਲੈ ਕੇ ਇੰਟਰਨੈੱਟ ਤਕ ''ਜੰਗ'' ਜਾਰੀ!
Wednesday, Feb 21, 2018 - 07:33 AM (IST)

ਚੰਡੀਗੜ੍ਹ - ਦੁਨੀਆ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਮਨਾ ਰਹੀ ਹੈ ਅਤੇ ਇਸੇ ਮਾਂ ਬੋਲੀ ਦਿਵਸ ਨੂੰ ਮਨਾਉਣ ਲਈ ਪੰਜਾਬੀਆਂ 'ਚ ਵੀ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਹ ਉਤਸ਼ਾਹ ਸਿਰਫ ਚੜ੍ਹਦੇ ਪੰਜਾਬ ਤੱਕ ਸੀਮਤ ਨਹੀਂ ਹੈ ਬਲਕਿ ਲਹਿੰਦੇ ਪੰਜਾਬ 'ਚ ਲਾਹੌਰ ਦੇ ਪੰਜਾਬੀ ਪ੍ਰੇਮੀ ਵੀ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। 1947 'ਚ ਦੇਸ਼ ਦੀ ਹੋਈ ਵੰਡ ਨੇ ਧਰਤੀ 'ਤੇ ਇਕ ਲਕੀਰ ਖਿੱਚ ਕੇ ਭਾਵੇਂ ਸਰਹੱਦਾਂ ਦਾ ਬਟਵਾਰਾ ਕਰ ਦਿੱਤਾ ਹੋਵੇ ਪਰ ਇਸ ਲਕੀਰ ਦੇ ਦੋਵੇਂ ਪਾਸਿਆਂ ਦੇ ਲੋਕ ਅੱਜ ਵੀ ਇਕ ਦੂਜੇ ਨੂੰ ਭਾਰਤੀ ਤੇ ਪਾਕਿਸਤਾਨੀ ਪਛਾਣ ਤੋਂ ਅਲੱਗ ਪੰਜਾਬੀ ਹੋਣ ਦੀ ਪਛਾਣ ਨਾਲ ਜਾਣਦੇ ਹਨ। ਇਹ ਪਛਾਣ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਬੋਲੀ ਹੀ ਦਿੰਦੀ ਹੈ। ਜਗ ਬਾਣੀ ਆਪਣੇ ਪਾਠਕਾਂ ਨੂੰ ਇਸ ਵਿਸ਼ੇਸ਼ ਪੰਨੇ ਰਾਹੀ ਦੱਸਣ ਜਾ ਰਿਹਾ ਹੈ ਕਿ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਪੰਜਾਬੀ ਨੂੰ ਬਚਾਉਣ ਤੇ ਹੋਰ ਪ੍ਰਫੁੱਲਤ ਕਰਨ ਲਈ ਜ਼ਮੀਨ ਤੋਂ ਲੈ ਕੇ ਇੰਟਰਨੈੱਟ ਤਕ ਕੀ ਉਪਰਾਲੇ ਹੋ ਰਹੇ ਹਨ ਤੇ ਚੜ੍ਹਦਾ ਪੰਜਾਬ ਇਸ ਮਾਮਲੇ 'ਚ ਲਹਿੰਦੇ ਪੰਜਾਬ ਨਾਲੋਂ ਕਿਵੇਂ ਬਾਜ਼ੀ ਮਾਰ ਰਿਹਾ ਹੈ।
ਮਾਂ ਬੋਲੀ ਦਿਵਸ ਦਾ ਇਤਿਹਾਸ
ਮਾਂ ਬੋਲੀ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਪੂਰਬੀ ਪਾਕਿਸਤਾਨ (ਅੱਜ ਦਾ ਬੰਗਲਾਦੇਸ਼) ਵਿਚ ਬੰਗਾਲੀ ਭਾਸ਼ਾ ਨੂੰ ਅਧਿਕਾਰਕ ਦਰਜਾ ਦਿਵਾਉਣ ਲਈ 21 ਫਰਵਰੀ 1952 ਢਾਕਾ ਦੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਅੰਦੋਲਨ ਸ਼ੁਰੂ ਕੀਤਾ। ਇਸ ਅੰਦੋਲਨ ਨੂੰ ਦਬਾਉਣ ਲਈ ਪੁਲਸ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿਚ ਕਈ ਵਿਦਿਆਰਥੀ ਮਾਰੇ ਗਏ। ਇਸ ਕੁਰਬਾਨੀ ਭਰੇ ਅੰਦੋਲਨ ਤੋਂ ਬਾਅਦ 1954 ਵਿਚ ਪਾਕਿਸਤਾਨ ਬੰਗਾਲੀ ਭਾਸ਼ਾ ਨੂੰ ਕੌਮੀ ਭਾਸ਼ਾ ਦਾ ਦਰਜਾ ਦੇਣ ਲਈ ਮਜਬੂਰ ਹੋਇਆ ਪਰ ਇਹ ਦਰਜਾ ਸਿਰਫ ਚਾਰ ਸਾਲ ਲਈ ਹੀ ਕਾਇਮ ਰਿਹਾ ਅਤੇ 1958 ਵਿਚ ਇਹ ਦਰਜਾ ਇਕ ਵਾਰ ਫਿਰ ਖੋਹ ਲਿਆ ਗਿਆ। 1999 ਵਿਚ ਯੂਨਾਈਟਿਡ ਨੇਸ਼ਨ ਨੇ ਇਕ ਮਤਾ ਪਾਸ ਕਰਕੇ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਅਤੇ ਸੰਨ 2000 ਤੋਂ ਬਾਅਦ ਹਰ ਸਾਲ ਦੁਨੀਆ ਭਰ ਵਿਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾਂਦਾ ਹੈ।
ਚੜ੍ਹਦੇ ਪੰਜਾਬ ਵਿਚ ਪੰਜਾਬੀ ਦੀ ਚੜ੍ਹਤ
* ਪੰਜਾਬ ਵਿਚ ਗੁਰਮੁਖੀ ਦੀਆਂ ਦਰਜਨਾਂ ਅਖਬਾਰਾਂ ਅਤੇ ਰਸਾਲੇ ਨਿਕਲਦੇ ਹਨ
* ਪੰਜਾਬੀ ਭਾਸ਼ਾ ਦੇ ਮਨੋਰੰਜਨ, ਸੰਗੀਤ ਅਤੇ ਖਬਰਾਂ ਦੇ ਕਈ ਚੈਨਲ ਹਨ
* ਪੰਜਾਬ ਦੀ ਪਟਿਆਲਾ ਯੂਨੀਵਰਸਿਟੀ ਭਾਸ਼ਾ ਦੇ ਵਿਕਾਸ 'ਤੇ ਲਗਾਤਾਰ ਕੰਮ ਕਰ ਰਹੀ ਹੈ
* ਗੁਰਬਾਣੀ ਦੀ ਲਿੱਪੀ ਗੁਰਮੁਖੀ ਹੋਣ ਕਾਰਨ ਲੋਕਾਂ ਦਾ ਭਾਸ਼ਾ ਨਾਲ ਭਾਵਨਾਤਮਕ ਲਗਾਅ ਹੈ
* ਪੰਜਾਬ ਦੇ ਸਰਕਾਰੀ ਕੰਮਕਾਜ ਦੀ ਭਾਸ਼ਾ ਪੰਜਾਬੀ ਹੈ
ਲਹਿੰਦੇ ਪੰਜਾਬ ਵਿਚ 'ਲਹਿੰਦੀ ਪੰਜਾਬੀ'
* ਆਜ਼ਾਦੀ ਦੇ ਸਮੇਂ ਪਾਕਿਸਤਾਨ ਵਿਚ 56 ਫੀਸਦੀ ਲੋਕ ਪੰਜਾਬੀ ਬੋਲਦੇ ਸਨ, ਇਹ ਘੱਟ ਕੇ 44 ਫੀਸਦੀ ਰਹਿ ਗਏ ਹਨ
* ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਦੀਆਂ ਸਿਰਫ ਤਿੰਨ ਅਖਬਾਰਾਂ ਹਨ
* ਸਰਕਾਰੀ ਕੰਮਕਾਜ ਦੀ ਭਾਸ਼ਾ ਉਰਦੂ ਜਾਂ ਅੰਗਰੇਜ਼ੀ ਹੈ
* ਪੰਜਾਬੀ ਸਿਨੇਮਾ ਅਤੇ ਕਲਾਕਾਰਾਂ ਦੀ ਹਾਲਤ ਬਹੁਤ ਚੰਗੀ ਨਹੀਂ ਹੈ
* ਸ਼ਾਹਮੁਖੀ ਨੂੰ ਪ੍ਰਫੁੱਲਤ ਕਰਨ ਲਈ ਕੋਈ ਵੱਡੀ ਲੜਾਈ ਨਹੀਂ ਲੜੀ ਜਾ ਰਹੀ
ਇੰਟਰਨੈੱਟ 'ਤੇ ਭਾਸ਼ਾ ਫੈਲਾਉਂਦੀ ਵਿਕੀਪੀਡੀਆ ਪੰਜਾਬੀ ਫੌਜ
ਵਿਕੀਪੀਡੀਆ ਦੇ ਮੋਢੀ ਜਿੰਮੀ ਵੇਲਜ਼ ਅਤੇ ਭਾਈਵਾਲ ਲੈਰੀ ਫੈਂਗਰ ਦੀ ਸੋਚ ਸੀ ਕਿ ਗਿਆਨ ਦਾ ਅਜਿਹਾ ਅੱਡਾ ਬਣਾਇਆ ਜਾਵੇ ਜਿੱਥੇ ਗਿਆਨ ਹਰ ਕਿਸੇ ਦੀ ਪਹੁੰਚ 'ਚ ਅਤੇ ਹਰ ਕਿਸੇ ਨੂੰ ਮੁਫਤ ਮਿਲੇ। ਇਸ 'ਤੇ ਕਿਸੇ ਦਾ ਨਿੱਜੀ ਅਧਿਕਾਰ ਨਹੀਂ ਹੋਣਾ ਚਾਹੀਦਾ। 290 ਤੋਂ ਵੱਧ ਜ਼ੁਬਾਨਾਂ 'ਚ 1 ਕਰੋੜ ਤੋਂ ਵੱਧ ਲੇਖਾਂ ਦੇ ਨਾਲ ਵਿਕੀਪੀਡੀਆ ਬਹੁਤ ਵਿਸ਼ਿਆਂ ਦੀ ਜਾਣਕਾਰੀ ਪੰਜਾਬੀ 'ਚ ਵੀ ਦੇ ਰਿਹਾ ਹੈ।ਇਸ ਦੀ ਸ਼ੁਰੂਆਤ 2002 'ਚ ਹੋ ਗਈ ਸੀ ਪਰ 2006 ਤੋਂ ਮੁੱਢ ਬੱਝਦਾ ਸਚਾਰੂ ਢੰਗ ਨਾਲ 2010-11 ਤੋਂ ਹੀ ਤੁਰ ਸਕਿਆ।ਵਿਕੀਪੀਡੀਆ ਦੇ ਪੰਜਾਬੀ ਰੂਪ ਨੂੰ ਸਕਾਰ ਕਰਨ ਲਈ 20-25 ਬੰਦੇ ਇਸ ਵੇਲੇ ਬਕਾਇਦਾ ਸਰਗਰਮ ਹਨ ਅਤੇ ਇਹ ਕੰਮ ਬਿਲਕੁਲ ਨਿਸ਼ਕਾਮ ਸੇਵਾ ਵਜੋਂ ਹੋ ਰਿਹਾ ਹੈ।ਪਟਿਆਲਾ ਤੋਂ ਚਰਨ ਗਿੱਲ, ਸਤਦੀਪ ਗਿੱਲ, ਖਰੜ ਤੋਂ ਪਰਮ ਮੁੰਡੇ, ਭਾਈ ਰੂਪਾ ਤੋਂ ਗਣਿਤ ਦੇ ਅਧਿਆਪਕ ਨਛੱਤਰ ਧੰਮੂ, ਮਾਨਸੇ ਤੋਂ ਤਸਤਪਾਲ ਦੰਦੀਵਾਲ ਅਤੇ ਹਰਵਿੰਦਰ ਸਿੰਘ ਵਿਕੀਪੀਡੀਆ ਦੀ ਫ਼ੌਜ ਹੈ। ਸਤਦੀਪ ਗਿੱਲ ਮੁਤਾਬਕ ਵਿਕੀਪੀਡੀਆ ਦੇ ਪੰਜਾਬੀ ਜ਼ੁਬਾਨ 'ਚ ਮੁਹੱਈਆ ਹੋਣ ਕਾਰਨ ਪੰਜਾਬੀਆਂ ਲਈ ਉਨ੍ਹਾਂ ਦੀ ਜ਼ੁਬਾਨ 'ਚ ਦੁਨੀਆਭਰ ਦਾ ਗਿਆਨ ਮਿਲਣਾ ਚੰਗਾ ਸੰਕੇਤ ਹੈ ਅਤੇ ਇਸ ਸਮੇਂ ਪੰਜਾਬੀ ਵਿਕੀਪੀਡੀਆ 'ਤੇ 28 ਹਜ਼ਾਰ ਦੇ ਲੱਗਭਗ ਲੇਖ ਪਏ ਹਨ।
'ਪਹਿਲੀ ਕਿਤਾਬ' ਬੱਚਿਆਂ ਨੂੰ ਪੰਜਾਬੀ ਦੀ ਪਛਾਣ ਕਰਵਾਉਂਦਾ ਕਾਇਦਾ
ਪਹਿਲੀ ਕਿਤਾਬ ਵਿਦੇਸ਼ ਵੱਸਦੇ ਇੰਦਰਜੀਤ ਜੱਬੋਵਾਲੀਆ ਅਤੇ ਦੋਸਤਾਂ ਨੇ ਬਿਨਾਂ ਵਪਾਰਕ ਹਿੱਤਾਂ ਤੋਂ ਠੇਠ ਪੰਜਾਬੀ ਜ਼ੁਬਾਨ ਨੂੰ ਧਿਆਨ 'ਚ ਰੱਖ ਕੇ ਕਾਇਦਾ ਬਣਾਇਆ ਹੈ । ਇਸ 'ਚ ਪੰਜਾਬੀ ਦਾ ਅੱਖਰ ਬੋਧ, ਮੁਹਾਰਨੀ ਤੇ ਪੰਜਾਬ ਦੀਆਂ ਖੇਡਾਂ, ਸੱਭਿਆਚਾਰ, ਸਮਾਂ, ਸਥਾਨ, ਭੂਗੋਲ, ਰਹੁ-ਰੀਤਾਂ, ਰਿਸ਼ਤਿਆਂ ਅਤੇ ਪੰਜਾਬੀ ਉਪ ਬੋਲੀਆਂ ਅਤੇ ਪੰਜਾਬੀ ਖਿੱਤਿਆਂ ਦਾ ਜ਼ਿਕਰ ਹੈ। ਪਹਿਲੀ ਕਿਤਾਬ ਦੀਆਂ ਹੁਣ ਤੱਕ 5 ਹਜ਼ਾਰ ਕਾਪੀਆਂ ਵੰਡੀਆਂ ਗਈਆਂ ਹਨ।
35 ਅੱਖਰਾਂ ਦਾ ਯੂ-ਟਿਊਬ ਕਵੀ ਸੁਖਵਿੰਦਰ ਸਿੰਘ ਰਟੌਲ
''ਉ" ਉੱਠ ਸਵੇਰੇ ਜਾਗ ਵਰਗੀਆਂ ਕਵਿਤਾਵਾਂ ਲੋਕਾਂ ਤੱਕ ਪੋਸਟਰਾਂ ਦੀ ਸ਼ਕਲ 'ਚ ਅਤੇ ਸੋਸ਼ਲ ਮੀਡੀਆ 'ਤੇ ਹਰ ਪਾਸੇ ਫੈਲ ਗਈਆਂ ਪਰ ਇਸ ਕਵਿਤਾ ਨਾਲ ਬੱਚੇ 35 ਅੱਖਰੀ ਸਿੱਖਦੇ ਹੋਏ ਇਹ ਨਹੀਂ ਜਾਣਦੇ ਸਨ ਕਿ ਇਸ ਕਵਿਤਾ ਦਾ ਕਵੀ ਕੌਣ ਹੈ? ਸੁਖਵਿੰਦਰ ਸਿੰਘ ਰਟੌਲ ਨੇ 'ਗੁਰਮੁੱਖੀ ਦੇ ਗੀਤ' ਨਾਮ ਦਾ ਕਾਵਿ ਸੰਗ੍ਰਹਿ ਲਿਖਿਆ ਹੈ। ਇਸ 'ਚ 35 ਕਵਿਤਾਵਾਂ ਅਤੇ ਹਰ ਕਵਿਤਾ 35 ਅੱਖਰਾਂ ਨਾਲ ਸੰਬੰਧਤ ਹਨ। ਬਤੌਰ ਕਵੀ ਰਟੌਲ ਆਪਣੇ ਯੂ-ਟਿਊਬ ਚੈਨਲ ਅਤੇ ਹਾਜ਼ਰੀ ਨਾਲ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਸਿਖਾ ਰਹੇ ਹਨ।
ਪਛਾਣ ਹੀ ਨਹੀਂ ਦਿੰਦੀ, ਧਨ ਵੀ ਵਰਸਾਉਂਦੀ ਹੈ 'ਮਾਂ ਬੋਲੀ'
ਮਾਂ ਦੀ ਕੁੱਖੋਂ ਪੈਦਾ ਹੋਣ ਤੋਂ ਬਾਅਦ ਸਿੱਖੀ ਜਾਣ ਵਾਲੀ ਪਹਿਲੀ ਭਾਸ਼ਾ ਯਾਨੀ ਤੁਹਾਡੀ ਮਾਂ ਬੋਲੀ ਤੁਹਾਨੂੰ ਦੁਨੀਆ ਭਰ ਵਿਚ ਪਛਾਣ ਹੀ ਨਹੀਂ ਦਿਵਾਉਂਦੀ ਬਲਕਿ ਇਹੋ ਬੋਲੀ ਅੱਗੇ ਚੱਲ ਕੇ ਤੁਹਾਡੀ ਆਮਦਨ ਦਾ ਸਾਧਨ ਬਣਦੀ ਹੈ ਅਤੇ ਜੇਕਰ ਤੁਸੀਂ ਬੋਲੀ ਰਾਹੀਂ ਕਲਾਕਾਰ ਬਣਦੇ ਹੋ ਤਾਂ ਇਹੋ ਬੋਲੀ ਤੁਹਾਡੀ ਝੋਲੀ ਵੀ ਧਨ ਨਾਲ ਭਰ ਦਿੰਦੀ ਹੈ। ਪੰਜਾਬੀ ਸਿਨੇਮਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। 20ਵੀਂ ਸਦੀ ਦੇ ਆਖਰੀ ਦੌਰ ਵਿਚ ਦਮ ਤੋੜ ਚੁੱਕੇ ਪੰਜਾਬੀ ਸਿਨੇਮਾ ਨੇ 21ਵੀਂ ਸਦੀ ਵਿਚ ਆਉਂਦਿਆਂ ਹੀ ਮੁੜ ਤੋਂ ਲੰਮੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕੀਤੀਆਂ ਅਤੇ ਪੰਜਾਬੀ ਵਿਚ ਬਣੀਆਂ ਫਿਲਮਾਂ ਕਮਾਈ ਦੇ ਮਾਮਲੇ ਵਿਚ ਕਈ ਵੱਡੀਆਂ ਪੰਜਾਬੀ ਫਿਲਮਾਂ ਦੇ ਰਿਕਾਰਡ ਤੋੜ ਰਹੀਆਂ ਹਨ। ਮਾਂ ਬੋਲੀ ਦਿਵਸ 'ਤੇ ਅੱਜ ਕਮਾਈ ਦੇ ਪੱਖੋਂ ਸਭ ਤੋਂ ਅੱਗੇ ਰਹੀਆਂ ਪੰਜ ਪੰਜਾਬੀ ਫਿਲਮਾਂ ਦੀ ਕਮਾਈ 'ਤੇ ਵੀ ਇਕ ਨਜ਼ਰ ਮਾਰਦੇ ਹਾਂ।
ਪਾਕਿਸਤਾਨ ਦੇ ਹਾਲਾਤ ਚਿੰਤਾਜਨਕ
ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਦੁਨੀਆ ਭਰ ਵਿਚ ਧੁੰਮਾਂ ਪਾ ਰਹੀਆਂ ਹਨ ਅਤੇ ਇਹ ਫਿਲਮਾਂ ਲਾਹੌਰ ਦੇ ਥਿਏਟਰਾਂ ਵਿਚ ਵੀ ਦਰਸ਼ਕਾਂ ਨੂੰ ਓਨੀਆਂ ਹੀ ਪਸੰਦ ਆਉਂਦੀਆਂ ਹਨ, ਜਿੰਨੀਆਂ ਇਹ ਲੁਧਿਆਣਾ ਜਾਂ ਅੰਮ੍ਰਿਤਸਰ ਵਿਚ ਪਸੰਦ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਮੁਕਾਬਲੇ ਪਾਕਿਸਤਾਨੀ ਪੰਜਾਬੀ ਸਿਨੇਮਾ ਯਾਨੀ ਲੌਲੀਵੁੱਡ ਦਮ ਤੋੜਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੀਆਂ ਪੰਜਾਬੀ ਫਿਲਮਾਂ ਨਾ ਤਾਂ ਨਿਰਮਾਣ ਦੀ ਤਕਨੀਕ ਅਤੇ ਫਿਲਮ ਦੀ ਕੁਆਲਿਟੀ ਦੇ ਪੱਖੋਂ ਚੜ੍ਹਦੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਦਾ ਮੁਕਾਬਲਾ ਕਰ ਪਾਉਂਦੀਆਂ ਹਨ ਅਤੇ ਨਾ ਹੀ ਕਮਾਈ ਦੇ ਪੱਖੋਂ ਇਹ ਫਿਲਮਾਂ ਦਮ-ਖਮ ਦਿਖਾ ਪਾਉਂਦੀਆਂ ਹਨ।
1984 'ਚ ਕੁਲਬੀਰ ਥਿੰਦ ਨੇ ਤਿਆਰ ਕੀਤਾ ਸੀ ਗੁਰਮੁੱਖੀ ਫੌਂਟ
ਅਮਰੀਕਾ ਵਸਦੇ ਡਾ. ਕੁਲਬੀਰ ਸਿੰਘ ਥਿੰਦ ਨੇ 1984 'ਚ ਸਭ ਤੋਂ ਪਹਿਲਾਂ ਗੁਰਮੁਖੀ ਨਾਮ ਦਾ ਪੰਜਾਬੀ ਫੌਂਟ ਤਿਆਰ ਕੀਤਾ। ਇਸ ਫੌਂਟ ਨੂੰ ਤਿਆਰ ਕਰਨ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ। ਕੁਲਬੀਰ ਥਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਘਰਵਾਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਰਿਸਰਚਰ ਸੀ ਅਤੇ ਖੋਜ ਕਰਕੇ ਕੰਪਿਊਟਰ ਦੀ ਲੋੜ ਪਈ। ਇੰਝ ਉਨ੍ਹਾਂ ਦਾ ਰਾਬਤਾ ਕੰਪਿਊਟਰ ਨਾਲ ਹੋਇਆ ਅਤੇ ਵੇਖਿਆ ਕਿ ਅੰਗਰੇਜ਼ੀ ਨੂੰ ਲਿਖਣ ਦੇ ਕਈ ਫੌਂਟ ਹਨ ਪਰ ਪੰਜਾਬੀ ਦਾ ਇਕ ਵੀ ਨਹੀਂ।
ਉਨ੍ਹਾਂ ਮੁਤਾਬਕ ਪੰਜਾਬੀ ਦੇ ਪਸਾਰ ਲਈ ਇਸ ਨੂੰ ਤਕਨੀਕੀ ਮੰਚ 'ਤੇ ਪੇਸ਼ ਕਰਨਾ ਜ਼ਰੂਰੀ ਸੀ ਕਿਉਂਕਿ ਆਉਣ ਵਾਲਾ ਜ਼ਮਾਨਾ ਤਕਨੀਕ ਦਾ ਸੀ ਅਤੇ ਇਹ ਸਾਰਾ ਕੰਮ ਸ਼ੌਕ-ਸ਼ੌਕ 'ਚ ਹੋਇਆ।ਡਾ. ਥਿੰਦ ਮੁਤਾਬਕ ਪਹਿਲਾਂ ਇਹ ਫੌਂਟ ਬਿਟ ਮੈਪ ਤਕਨੀਕ ਅਧੀਨ ਸੀ, ਜਿਸ ਕਰਕੇ ਅੱਖਰਾਂ ਦਾ ਅਕਾਰ ਵੱਡਾ ਹੋਣ 'ਤੇ ਇਹ ਧੁੰਦਲਾ ਪੈ ਜਾਂਦਾ ਸੀ। ਹੁਣ ਫੌਂਟ ਆਊਟਲਾਈਨ ਤਕਨੀਕ 'ਚ ਹਨ।
ਡਾ. ਥਿੰਦ ਦੱਸਦੇ ਹਨ ਕਿ ਇਹ ਕੋਈ ਇਕ ਦਿਨ ਦੀ ਤਰੱਕੀ ਨਹੀਂ ਹੈ। ਇਸ ਦੌਰਾਨ ਕਈ ਸੱਜਣਾਂ ਨੇ ਸਲਾਹ ਦਿੱਤੀ ਕਿ ਕੀ-ਬੋਰਡ 'ਤੇ ਅੱਖਰਾਂ ਦੀ ਪਲੇਸਮੈਂਟ ਸਹੀ ਕਰਨ ਦੀ ਲੋੜ ਹੈ ਅਤੇ ਪੁਰਾਣੀ ਪਲੇਸਮੈਂਟ 'ਚ ਟਾਈਪਿੰਗ ਹੌਲੀ ਹੁੰਦੀ ਹੈ। ਇੰਝ ਫਿਰ ਚਾਤ੍ਰਿਕ ਫੌਂਟ ਹੋਂਦ 'ਚ ਆਇਆ। ਪਹਿਲੇ ਫੌਂਟ ਦਾ ਨਾਂ ਗੁਰਮੁਖੀ ਰੱਖਿਆ ਸੀ।ਫਿਰ ਅਨਮੋਲ ਲਿੱਪੀ,ਅੰਮ੍ਰਿਤ ਲਿਪੀ, ਗੁਰਬਾਣੀ ਲਿੱਪੀ 'ਚ ਆਏ।ਫਿਰ ਬਦਲਾਅ ਤੋਂ ਬਾਅਦ ਅਖੀਰ ਚਾਤ੍ਰਿਕ ਫੌਂਟ ਆਇਆ, ਜਿਸ ਦਾ ਨਾਂ ਧਨੀ ਰਾਮ ਚਾਤ੍ਰਿਕ ਦੇ ਨਾਂ 'ਤੇ ਰੱਖਿਆ ਗਿਆ।
ਡਾ. ਥਿੰਦ ਮੁਤਾਬਕ ਯੂਨੀਫੋਰਮਟੀ ਲਈ ਤਕਨੀਕੀ ਮਾਹਿਰਾਂ ਨੇ ਯੂਨੀਕੋਡ ਸਟੈਂਡਰਡ ਵਿਕਸਤ ਕਰ ਦਿੱਤਾ ਅਤੇ 2001 ਤੋਂ ਬਾਅਦ ਫੌਂਟ ਦੀ ਦੁਨੀਆ 'ਚ ਹੋਰ ਚੰਗੇ ਸੁਧਾਰ ਆਉਂਦੇ ਗਏ। ਡਾ. ਥਿੰਦ ਮੁਤਾਬਕ ਇਸ ਵੇਲੇ ਪੰਜਾਬੀ ਦੇ ਅੰਦਾਜ਼ਨ ਨਾਨ ਸਟੈਂਡਰਡ ਫੌਂਟ 50 ਦੇ ਲੱਗਭਗ ਹਨ ਅਤੇ ਯੂਨੀਕੋਡ ਆਧਾਰਿਤ 15 ਦੇ ਲੱਗਭਗ ਫੌਂਟ ਹਨ।
ਇਹ ਡਾ. ਕੁਲਬੀਰ ਸਿੰਘ ਥਿੰਦ ਹੀ ਹਨ, ਜਿਨ੍ਹਾਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤਕਨੀਕੀ ਦੁਨੀਆ 'ਚ ਆਪਣੇ 'ਗੁਰਬਾਣੀ ਸੀਡੀ' ਪ੍ਰੋਜੈਕਟ ਰਾਹੀਂ ਪੇਸ਼ ਕੀਤੀ। ਇੰਝ ਗੁਰੁ ਗ੍ਰੰਥ ਸਾਹਿਬ ਵੈੱਬ ਦੁਨੀਆ 'ਚ ਅੱਖਰ ਰੂਪ 'ਚ ਅੰਗਰੇਜ਼ੀ ਤਰਜਮੇ ਨਾਲ ਸਾਨੂੰ ਮੁਹੱਈਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦਾ ਕੰਪਿਊਟਰਾਈਜੇਸ਼ਨ ਡਾ. ਥਿੰਦ ਦਾ ਹੰਭਲਾ ਸੀ। ਉਨ੍ਹਾਂ ਨੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੇਵਨਾਗਰੀ 'ਚ ਵੀ ਪੜ੍ਹਨਯੋਗ ਬਣਾਇਆ ਅਤੇ ਗੁਰਬਾਣੀ ਦੀ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ ਪੇਸ਼ ਕੀਤੀ। ਅੱਖਰ ਅੱਖਰ ਗੁਰਬਾਣੀ ਦਾ ਤਰਜਮਾ ਅਤੇ ਫੋਨੈਟਿਕ ਟ੍ਰਾਂਸਲਿਟ੍ਰੇਸ਼ਨ ਨਾਲ ਹੀ ਗੁਰਬਾਣੀ ਨੂੰ ਬਿਹਤਰ ਢੰਗ ਨਾਲ ਕੰਪਿਊਟਰ 'ਤੇ ਪੜ੍ਹਨਾ ਸੌਖਾਲਾ ਹੋਇਆ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਰਤਦੀ ਵੀ ਹੈ ਅਤੇ ਇਸ ਲਈ ਉਨ੍ਹਾਂ ਡਾ. ਥਿੰਦ ਦਾ ਸਨਮਾਨ ਵੀ ਕੀਤਾ ਹੈ।
ਸ਼ਾਹਮੁਖੀ ਤੇ ਗੁਰਮੁੱਖੀ ਨੂੰ ਮਿਲਾਉਂਦੇ ਗੁਰਪ੍ਰੀਤ ਲਹਿਲ
ਗੁਰਪ੍ਰੀਤ ਲਹਿਲ ਪੰਜਾਬੀ ਯੂਨੀਵਰਸਿਟੀ ਤੋਂ ਦੱਸਦੇ ਹਨ ਕਿ 'ਅੱਖਰ' ਨੂੰ ਬਣਾਉਣ 'ਚ ਉਨ੍ਹਾਂ ਦੇ ਨਾਲ-ਨਾਲ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਖੋਜੀਆਂ ਦਾ ਯੋਗਦਾਨ ਵੀ ਰਿਹਾ ਹੈ।ਅੰਗਰੇਜ਼ੀ ਦੇ ਮਾਈਕ੍ਰੋਸਾਫਟ ਵਰਲਡ ਦੀ ਤਰਜ਼ 'ਤੇ ਅੱਖਰ ਨੇ ਪੰਜਾਬੀ ਨੂੰ ਬੁਨਿਆਦੀ ਟੂਲ ਦਿੱਤਾ ਹੈ, ਜਿਸ ਮਾਰਫਤ ਅਸੀਂ ਤਕਨੀਕੀ ਤੌਰ 'ਤੇ ਪੰਜਾਬੀ ਨੂੰ ਲਿਖ-ਪੜ੍ਹ ਸਕਦੇ ਹਾਂ।ਅੱਖਰ 2004 ਤੋਂ ਹੁੰਦਾ 2010 ਤੱਕ ਆਪਣੇ ਪੂਰੇ ਰੂਪ 'ਚ ਪੰਜਾਬੀਆਂ ਲਈ ਮੁਹੱਈਆ ਹੋਇਆ। 2016 'ਚ ਯੂਨੀਕੋਡ ਆਧਾਰਿਤ ਆਧੁਨਿਕ ਅੱਖਰ ਸਾਡੇ ਕੋਲ ਹੈ। ਅੱਖਰ ਨੇ ਇਕ ਹੀ ਮੰਚ 'ਤੇ ਬਹੁਤ ਸਾਰੀਆਂ ਚੀਜ਼ਾਂ ਸੌਖਾਲੀਆਂ ਕੀਤੀਆਂ ਹਨ।
ਇਸ ਮਾਰਫਤ ਟਾਈਪਿੰਗ, ਫੌਂਟ ਤਬਦੀਲੀ, ਇਕ ਲਿੱਪੀ (ਗੁਰਮੁੱਖੀ ) ਤੋਂ ਦੂਜੀ ਲਿਪੀ (ਸ਼ਾਹਮੁਖੀ) 'ਚ ਬਦਲਣਾ, ਸ਼ਬਦ ਜੋੜ, ਤਰਜਮਾ ਹੋ ਸਕਦਾ ਹੈ। ਇਸ ਤੋਂ ਇਲਾਵਾ ਇਹ ਅੱਖਰ ਨੂੰ ਪਛਾਣਦਾ ਹੈ ਅਤੇ ਇਸ ਤਕਨੀਕ 'ਚ ਅਸੀਂ ਕਿਸੇ ਵੀ ਕਿਤਾਬ ਨੂੰ ਸਕੈਨ ਕਰ ਕੇ ਉਸ ਨੂੰ ਮੁੜ ਟਾਈਪਿੰਗ 'ਚ ਲਿਆ ਕੇ ਸੋਧ ਕਰ ਸਕਦੇ ਹਾਂ। ਡਾ. ਲਹਿਲ ਮੁਤਾਬਕ ਪੰਜਾਬੀ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਤੁਹਾਨੂੰ ਢੁੱਕਵੀਂ ਜਾਣਕਾਰੀ ਮਿਲ ਜਾਵੇਗੀ। ਯੂਨੀਵਰਸਿਟੀ ਦੀਆਂ ਕੁਝ ਵੈੱਬਸਾਈਟਾਂ ਪੰਜਾਬੀ ਪੜ੍ਹਨੀ, ਲਿਖਣੀ, ਬੋਲਣੀ ਵੀ ਸਿਖਾਉਂਦੀਆਂ ਹਨ। ਪੰਜਾਬੀ ਭਾਸ਼ਾ ਨਾਲ ਸਬੰਧਿਤ ਹਰ ਜਵਾਬ ਤੁਹਾਨੂੰ ਇਨ੍ਹਾਂ ਵੈੱਬਸਾਈਟਾਂ ਤੋਂ ਮਿਲ ਜਾਵੇਗਾ।
ਲਹਿੰਦੇ ਪੰਜਾਬ 'ਚ ਬੋਲੀ ਨੂੰ ਲੈ ਕੇ ਪੰਜਾਬ 'ਚ ਜਾਗਰੂਕ ਹੋ ਰਹੇ ਨੇ ਲੋਕ
ਲਹਿੰਦੇ ਪੰਜਾਬ 'ਚ ਇਕ ਦੌਰ ਅੰਦਰ ਉਮੀਦ ਉੱਕਾ ਨਹੀਂ ਸੀ ਪਰ ਹੁਣ ਉਮੀਦ ਬੱਝਦੀ ਨਜ਼ਰ ਆਉਂਦੀ ਹੈ। 30 ਸਾਲ ਪਹਿਲਾਂ ਪੰਜਾਬੀ ਦਾ ਕੋਈ 'ਕਿਤਾਬਘਾੜਾ' ਨਹੀਂ ਸੀ। ਕਿਤਾਬਾਂ 'ਚ ਦੋ ਜਾਂ ਤਿੰਨ ਦੀ ਗਿਣਤੀ ਸੀ, ਜੋ ਮੁੜ-ਮੁੜ ਛਪਦੀਆਂ ਸਨ। ਇਹ ਕਿਤਾਬਾਂ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ ਅਤੇ ਅਹਿਮਦ ਰਾਹੀ ਦੀਆਂ ਸਨ ਪਰ ਹੁਣ ਮਕਸੂਦ ਸਾਕਿਬ ਦਾ ਪ੍ਰਕਾਸ਼ਨ ਘਰ 'ਪੰਚਮ', ਅਮਜਦ ਮਿਨਹਾਸ ਦਾ 'ਸਾਂਝ ਸਨੇਹ' ਕਈ ਨਿੱਕੇ-ਮੋਟੇ ਪ੍ਰਕਾਸ਼ਕ ਹਨ।ਹੁਣ ਸੈਂਕੜੇ ਕਿਤਾਬਾਂ ਸਾਲਾਨਾ ਛਪਦੀਆਂ ਹਨ। ਪੰਜਾਬੀ ਮਾਂ ਬੋਲੀ ਲਈ ਕਈ ਹਿੱਸਿਆਂ ਤੋਂ ਮੰਚ, ਸੱਥਾਂ, ਬੈਠਕਾਂ ਸਰਗਰਮ ਹਨ। ਜ਼ੁਬਾਨ ਲਈ ਲੜਾਈ ਕਈ ਮੋਰਚਿਆਂ 'ਤੇ ਖੜ੍ਹੀ ਹੋ ਗਈ ਹੈ। ਹੁਣ ਲਹਿੰਦੇ ਪੰਜਾਬ ਦੇ ਲੋਕ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਦਿਆਂ ਜਾਗਰੂਕ ਹੋ ਗਏ ਹਨ। ਇਹ ਜ਼ਰੂਰ ਹੈ ਕਿ ਪੰਜਾਬੀ ਅਖ਼ਬਾਰ ਤਾਂ ਨਿੱਕੇ ਮੋਟੇ ਛਪਦੇ ਹਨ ਪਰ ਪੰਜਾਬੀ ਦਾ ਕੋਈ ਵੱਡਾ ਅਖ਼ਬਾਰ ਨਹੀਂ ਹੈ।80ਵਿਆਂ 'ਚ ਹੁਸੈਨ ਨੱਕੀ ਨੇ 'ਸੱਜਣ' ਅਖ਼ਬਾਰ ਸ਼ੁਰੂ ਕੀਤੀ ਸੀ ਪਰ ਸਾਲ ਬਾਅਦ ਉਹ ਵੀ ਬੰਦ ਹੋ ਗਈ।
ਮਾਂ ਬੋਲੀ ਦਾ ਅਤੇ ਬੰਦੇ ਦਾ ਬੜਾ ਗੂੜ੍ਹਾ ਸਾਕ ਹੈ ਪਰ ਪਾਕਿਸਤਾਨ 'ਚ ਇਨ੍ਹਾਂ ਗੱਲਾਂ ਨੂੰ ਸਰਕਾਰ ਨਹੀਂ ਸਮਝਦੀ। ਇੱਥੇ ਇਕ ਮਜ਼੍ਹਬ ਇਕ ਜ਼ੁਬਾਨ ਨੇ ਵੰਨ-ਸੁਵੰਨਤਾ ਨੂੰ ਵੱਡੀ ਢਾਅ ਲਾਈ ਹੈ।ਇੱਥੋਂ ਦਾ ਹਰ ਕੰਮ ਸਰਕਾਰੀ ਜ਼ੁਬਾਨ ਉਰਦੂ 'ਚ ਕੀਤਾ ਜਾ ਰਿਹਾ ਹੈ। ਇਸ ਨੁਕਤੇ ਨੂੰ ਸਮਝਣਾ ਪਵੇਗਾ ਕਿ ਪਾਕਿਸਤਾਨ ਇਕੱਲਾ ਪੰਜਾਬੀ ਜ਼ੁਬਾਨ ਦੇ ਖਿਲਾਫ ਨਹੀਂ। ਇੱਥੇ ਉਰਦੂ ਤੋਂ ਇਲਾਵਾ ਚਾਰ ਹੋਰ ਜ਼ੁਬਾਨਾਂ ਹਨ। ਪੰਜਾਬੀ, ਸਿੰਧੀ, ਬਲੋਚ ਅਤੇ ਪਸ਼ਤੋ ਪਰ ਪਾਕਿਸਤਾਨ ਅੰਦਰ ਇ੍ਹਨਾਂ ਜ਼ੁਬਾਨਾਂ ਨੂੰ ਲੈ ਕੇ ਵੀ ਕੋਈ ਸੋਹਣਾ ਹੁੰਗਾਰਾ ਨਹੀਂ।ਕਹਿ ਸਕਦੇ ਹਾਂ ਕਿ ਇੱਥੋਂ ਦਾ ਢਾਂਚਾ ਹਰ ਮਾਂ ਬੋਲੀ ਦੇ ਖਿਲਾਫ ਹੈ ਅਤੇ ਇਸ ਦੀ ਕੀਮਤ ਨੂੰ ਪਛਾਣ ਨਹੀਂ ਰਿਹਾ। ਇਸ ਦਾ ਕਾਰਨ ਪੁਰਾਣੀਆਂ ਨਿਸ਼ਾਨਦੇਹੀਆਂ 'ਚ ਪਿਆ ਹੈ। 1849 'ਚ ਜਦੋਂ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ 'ਚ ਆਇਆ ਤਾਂ ਉਦੋਂ ਵੀ ਪੰਜਾਬੀ ਜ਼ੁਬਾਨ ਨੂੰ ਸਰਕਾਰ ਦੀ ਹੱਲਾਸ਼ੇਰੀ ਨਹੀਂ ਸੀ।1854 ਤੱਕ ਆਉਂਦਿਆਂ ਅੰਗਰੇਜ਼ਾਂ ਨੇ ਇੱਥੇ ਉਰਦੂ ਜ਼ੁਬਾਨ ਨੂੰ ਥੋਪ ਦਿੱਤਾ। ਜਦੋਂ 47 'ਚ ਪਾਕਿਸਤਾਨ ਬਣਿਆ ਤਾਂ ਬਹੁਮਤ ਪੰਜਾਬੀਆਂ ਦਾ ਹੋਣ ਦੇ ਬਾਵਜੂਦ ਰਸੂਖ਼ਦਾਰ ਲੋਕਾਂ ਦਾ ਜਿਹੜਾ ਦਬਦਬਾ ਬਣਿਆ, ਉਹ ਯੂ. ਪੀ. ਅਤੇ ਸੈਂਟਰਲ ਪ੍ਰੋਵੀਨੰਸ ਵਾਲੇ ਬੰਦੇ ਸਨ। ਉਹ ਪੰਜਾਬੀਆਂ ਨਾਲੋਂ ਪੜ੍ਹੇ-ਲਿਖੇ ਵੀ ਬਹੁਤੇ ਸਨ ਅਤੇ ਸਰਕਾਰਾਂ ਅੰਦਰ ਉਨ੍ਹਾਂ ਦਾ ਦਖਲ ਉਰਦੂ ਦੀ ਚੌਧਰ ਖੜ੍ਹੀ ਕਰ ਗਿਆ ਅਤੇ ਖੇਤਰੀ ਜ਼ੁਬਾਨਾਂ ਨੂੰ ਰੋਲ ਗਿਆ। 65 ਫੀਸਦੀ ਤੋਂ ਵੱਧ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦਬਦਬਾ ਉਰਦੂ ਜ਼ੁਬਾਨ ਦਾ ਰਿਹਾ। ਸਰਕਾਰਾਂ ਨੇ ਖੇਤਰੀ ਜ਼ੁਬਾਨ ਜਾਂ ਮਾਂ ਬੋਲੀ ਦੀ ਅਹਿਮੀਅਤ ਨੂੰ ਕਦੀ ਸਮਝਿਆ ਹੀ ਨਹੀਂ। ਇੱਥੋਂ ਦੇ ਸੱਤਾਧਾਰੀ ਪੰਜਾਬੀ ਹੁੰਦਿਆਂ ਵੀ ਉਹ ਜ਼ੁਬਾਨਾਂ ਦੇ ਅਹਿਸਾਸ ਨੂੰ ਸਮਝ ਨਹੀਂ ਸਕੇ।
ਅਜਿਹੇ ਮਾਹੌਲ 'ਚ ਮੈਨੂੰ ਲੱਗਦਾ ਹੈ ਕਿ ਜਿਵੇਂ ਜ਼ੁਬਾਨਾਂ ਨੂੰ ਲੈ ਕੇ ਅਵਾਜ਼ਾਂ ਉਠ ਰਹੀਆਂ ਹਨ ਤਾਂ ਉਮੀਦ ਛੇਤੀ ਬੱਝਦੀ ਨਜ਼ਰ ਆਉਂਦੀ ਹੈ।ਪਾਕਿਸਤਾਨ ਲੋਕਾਂ ਦੇ ਮਨਾਂ ਦੇ ਤਕਾਜ਼ੇ ਨੂੰ ਸਮਝ ਨਹੀਂ ਸਕਿਆ, ਜੋ ਇਕ ਵੱਡੀ ਸਿਆਸੀ ਹਲਚਲ ਹੋਵੇਗੀ। ਇਸ ਪੋਲੀਟੀਕਲ ਹਲਚਲ 'ਚ ਚੀਜ਼ਾਂ ਸੁਧਰਣਗੀਆਂ। ਬਾਕੀ ਸਾਰੀ ਗੱਲ ਲੋਕਾਂ ਦੇ ਜਾਗਣ 'ਤੇ ਹੁੰਦੀ ਹੈ।ਹੁਣ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲਹਿੰਦੇ ਪੰਜਾਬ 'ਚ ਬੜੇ ਲੋਕ ਆਸਵੰਦ ਹਨ।
ਅੰਗ੍ਰੇਜ਼ੀ, ਸ਼ਾਹਮੁਖੀ ਤੇ ਗੁਰਮੁੱਖੀ ਵਿਚ ਛਾਪੀਆਂ ਕਿਤਾਬਾਂ
ਅਮਰੀਕਾ ਵੱਸਦੀ ਗੁਰਮੀਤ ਕੌਰ ਆਪਣੀਆਂ ਜੜ੍ਹਾਂ ਦੀ ਗੱਲ ਕਰਦੀ ਹੋਈ ਦੱਸਦੀ ਹੈ ਕਿ 1947 ਦੀ ਵੰਡ 'ਚ ਉਹ ਕਾਨਪੁਰ ਆ ਵਸੇ। ਕਾਨਪੁਰ ਤੋਂ 1984 ਦੇ ਕਾਲੇ ਦੌਰ ਦੀ ਹਵਾ ਦਾ ਸ਼ਿਕਾਰ ਉਨ੍ਹਾਂ ਦਾ ਪਰਿਵਾਰ ਹੋਇਆ ਅਤੇ ਉਨ੍ਹਾਂ ਫਿਰ ਇੰਦੌਰ ਆ ਠਿਕਾਣੇ ਲਾਏ। ਇੱਥੋਂ 1991 'ਚ ਅਮਰੀਕਾ ਆ ਵਸੇ ਅਤੇ ਇੰਝ ਉਜਾੜਿਆਂ 'ਚੋਂ ਨਿਕਲੀ ਜ਼ਿੰਦਗੀ ਦਾ ਪੰਜਾਬ ਨਾਲ, ਪੰਜਾਬੀ ਨਾਲ ਕੋਈ ਸਿੱਧਾ ਨਾਤਾ ਨਾ ਰਿਹਾ। ਉਨ੍ਹਾਂ ਨੂੰ ਗੁੜ੍ਹਤੀ ਜ਼ਰੂਰ ਪੰਜਾਬੀ ਦੀ ਮਿਲੀ ਪਰ ਨਾ ਉਨ੍ਹਾਂ ਅਕਾਦਮਿਕ ਤੌਰ 'ਤੇ ਪੰਜਾਬੀ ਪੜ੍ਹੀ-ਲਿਖੀ ਅਤੇ ਨਾ ਹੀ ਇਸ ਤੋਂ ਪਹਿਲਾਂ ਉਨ੍ਹਾਂ ਦੀ ਮਾਂ ਨੇ ਗੈਰ-ਪੰਜਾਬੀ ਸੂਬੇ ਦੇ ਬਾਸ਼ਿੰਦੇ ਹੋਣ ਕਾਰਨ ਪੰਜਾਬੀ ਸਿੱਖੀ।
ਆਪਣੀਆਂ ਜੜ੍ਹਾਂ ਦੀ ਇਸੇ ਤੜਪ 'ਚੋਂ ਗੁਰਮੀਤ ਕੌਰ ਨੇ ਕੋਸ਼ਿਸ਼ ਕੀਤੀ ਕਿ ਡਾਇਸਪੋਰਾ 'ਚ ਰਹਿੰਦੇ ਉਨ੍ਹਾਂ ਪੰਜਾਬੀ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਈ ਜਾਵੇ, ਜੋ ਆਪਣੀ ਮਾਂ ਬੋਲੀ ਤੋਂ ਦੂਰ ਹਨ। ਲਾਹੌਰ 'ਚ ਆਪਣੀ ਕਿਤਾਬ ਨੂੰ ਪੜ੍ਹਣਹਾਰਿਆਂ ਦੇ ਸਾਹਮਣੇ ਪੇਸ਼ ਕਰਦੇ ਗੁਰਮੀਤ ਕੌਰ ਦੱਸਦੇ ਹਨ ਕਿ 'ਸਾਂਝਾ ਪੰਜਾਬ ਛਾਪ ਪਹਿਲੀ' ਉਨ੍ਹਾਂ ਆਪਣੀ ਲੜੀ 'ਸੋਹਣੇ ਪੰਜਾਬ ਦੀਆਂ ਮੋਹਨੀਆਂ ਬਾਤਾਂ' ਤਹਿਤ ਛਾਪੀ ਹੈ। ਗੁਰਮੀਤ ਕੌਰ ਹੁਣ ਤੱਕ 9 ਕਿਤਾਬਾਂ 29 ਹਜ਼ਾਰ ਦੀ ਗਿਣਤੀ 'ਚ ਛਾਪ ਚੁੱਕੇ ਹਨ। ਤਾਜ਼ੀ ਕਿਤਾਬ ਉਨ੍ਹਾਂ ਅੰਗਰੇਜ਼ੀ, ਪੰਜਾਬੀ ਅਤੇ ਸ਼ਾਹਮੁਖੀ 'ਚ ਛਾਪੀ ਹੈ ਤਾਂ ਕਿ ਸਾਂਝੇ ਪੰਜਾਬ ਅਤੇ ਡਾਇਸਪੋਰਾ ਪੰਜਾਬੀ ਪੜ੍ਹ ਸਕੇ।
ਗੁਰਮੀਤ ਕੌਰ ਆਪਣੀਆਂ ਕਿਤਾਬਾਂ 'ਚ ਪੰਜਾਬ ਦੀਆਂ ਲੋਕ ਬਾਤਾਂ, ਗਾਥਾਵਾਂ, ਕਹਾਣੀਆਂ ਨੂੰ ਮੁੜ ਸੁਰਜੀਤ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਕਿਤਾਬਾਂ ਬੱਚਿਆਂ ਲਈ ਹੀ ਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮਾਂ ਬੋਲੀ ਨਾਲ ਬੱਚੇ ਦਾ ਮੁੱਢਲਾ ਰਿਸ਼ਤਾ ਪੰਜਾਬੀਅਤ ਦੀ ਲੋਕਧਾਰਾ ਦੀਆਂ ਕਹਾਣੀਆਂ ਤੋਂ ਹੀ ਪੈਂਦਾ ਹੈ ਅਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਸਾਨੂੰ ਕੋਸ਼ਿਸ਼ ਨਵੀਆਂ ਨਸਲਾਂ ਲਈ ਹੀ ਕਰਨੀ ਪਵੇਗੀ। ਗੁਰਮੀਤ ਕੌਰ ਬਤੌਰ ਲੇਖਕ ਇਹ ਸਾਰੀ ਛਪਾਈ ਬਿਨਾਂ ਕਿਸੇ ਵਿੱਤੀ ਲਾਭ ਤੋਂ ਕਰ ਰਹੇ ਹਨ ਅਤੇ ਇਨ੍ਹਾਂ ਕਿਤਾਬਾਂ ਰਾਹੀਂ ਕਮਾਇਆ ਪੈਸਾ ਉਹ ਅਗਲੀਆਂ ਪ੍ਰਕਾਸ਼ਿਤ ਕਿਤਾਬਾਂ 'ਤੇ ਹੀ ਖਰਚ ਕਰਦੇ ਹਨ।