ਲੁਧਿਆਣਾ 'ਚ ਲੰਪੀ ਸਕਿਨ ਬੀਮਾਰੀ ਕਾਰਨ 10 ਤੇ ਬਨੂੜ 'ਚ 40 ਪਸ਼ੂਆਂ ਦੀ ਮੌਤ, ਵਿਭਾਗ ਵੱਲੋਂ ਮੁਫ਼ਤ ਇਲਾਜ ਸ਼ੁਰੂ
Monday, Aug 08, 2022 - 10:34 AM (IST)
ਲੁਧਿਆਣਾ (ਸਲੂਜਾ) : ਪਸ਼ੂ-ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਦੀਪ ਸਿੰਘ ਵਾਲੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਵਾਇਰਲ ਵਰਗੀ ਲੰਪੀ ਸਕਿਨ ਬੀਮਾਰੀ ਦੀ ਲਪੇਟ ’ਚ ਆਉਣ ਨਾਲ ਜ਼ਿਲ੍ਹਾ ਲੁਧਿਆਣਾ ’ਚ 10 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਜ਼ਿਲ੍ਹਾ ਲੁਧਿਆਣਾ ’ਚ ਲਗਭਗ 1300 ਪਸ਼ੂ ਇਸ ਬੀਮਾਰੀ ਦੀ ਲਪੇਟ ਵਿਚ ਆਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ 60 ਫ਼ੀਸਦੀ ਪਸ਼ੂ ਠੀਕ ਹੋ ਚੁੱਕੇ ਹਨ।
ਕੀ ਹੈ ਬੀਮਾਰੀ ਦੀ ਵਜ੍ਹਾ
ਡਾਇਰੈਕਟਰ ਵਾਲੀਆ ਨੇ ਸਪੱਸ਼ਟ ਕੀਤਾ ਕਿ ਇਹ ਬੀਮਾਰੀ ਪਸ਼ੂਆਂ ਨੂੰ ਮੱਖੀ, ਮੱਛਰਾਂ ਅਤੇ ਚਿੱਚੜਾਂ ਨਾਲ ਲੱਗਦੀ ਹੈ। ਇਸ ਬੀਮਾਰੀ ਦੀ ਲਪੇਟ ’ਚ ਮੱਝਾਂ ਦੀ ਤੁਲਨਾ ’ਚ ਗਊਆਂ ਜ਼ਿਆਦਾ ਆਉਂਦੀਆਂ ਹਨ ਕਿਉਂਕਿ ਗਾਂ ਦੀ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਜਾਨਲੇਵਾ ਬੀਮਾਰੀ ਤੋਂ ਰਾਹਤ ਲਈ ਪਸ਼ੂਆਂ ਦਾ ਮੁਫ਼ਤ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।
ਮੁਫ਼ਤ ਵੈਕਸੀਨ ਦੀਆਂ 5500 ਡੋਜ਼ ਮਿਲੀਆਂ
ਡਾ. ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਫ਼ਤ ਵੈਕਸੀਨ ਦੀ 5500 ਡੋਜ਼ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ’ਚ 2000 ਦੇ ਲਗਭਗ ਮੁਫ਼ਤ ਵੈਕਸੀਨ ਪੀੜਤ ਪਸ਼ੂਆਂ ਨੂੰ ਲਗਾ ਦਿੱਤੀ ਗਈ ਹੈ। ਆਉਣ ਵਾਲੇ ਦਿਨਾਂ ’ਚ ਲੋੜ ਮੁਤਾਬਕ ਵੈਕਸੀਨ ਪਸ਼ੂ ਪਾਲਣ ਵਿਭਾਗ ਨੂੰ ਮਿਲ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਦੇ 6 ਆਈ. ਟੀ. ਆਈ. ਸੰਸਥਾਨਾਂ 'ਚ ਡਰੋਨ ਬਣਾਉਣ ਤੇ ਉਡਾਉਣ ਦੀ ਦਿੱਤੀ ਜਾਵੇਗੀ ਟ੍ਰੇਨਿੰਗ
ਕਿਵੇਂ ਰੱਖੀਏ ਬਚਾਅ
ਬੀਮਾਰ ਪਸ਼ੂਆਂ ਨੂੰ ਤੰਦਰੁਸਤ ਪਸ਼ੂਆਂ ਤੋਂ ਵੱਖਰਾ ਰੱਖੋ ਕਿਉਂਕਿ ਇਹ ਬੀਮਾਰੀ ਇਕ-ਦੂਜੇ ਨਾਲ ਸੰਪਰਕ ਹੋਣ ’ਤੇ ਫੈਲਦੀ ਹੈ।
ਇਨ੍ਹਾਂ ਦਿਨਾਂ ਦੌਰਾਨ ਪਸ਼ੂਆਂ ਦੀ ਖ਼ਰੀਦ ਨਾ ਕਰੋ।
ਸਰਕਾਰੀ ਵੈਟਰਨਰੀ ਹਸਪਤਾਲਾਂ ’ਚ ਹੀ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਨੂੰ ਪਸ਼ੂ ਪਾਲਕ ਪਹਿਲ ਦੇਣ।
ਗੈਰ-ਤਜ਼ਰਬੇਕਾਰ ਵੈਟਰਨਰੀ ਡਾਕਟਰਾਂ ਤੋਂ ਪਸ਼ੂਆਂ ਦਾ ਇਲਾਜ ਕਰਵਾਉਣ ਤੋਂ ਪਰਹੇਜ਼ ਕਰੋ।
ਬੀਮਾਰੀ ਤੋਂ ਪੀੜਤ ਪਸ਼ੂਆਂ ਨੂੰ ਮੁਫ਼ਤ ਵੈਕਸੀਨ ਲਗਾਉਣ ਲਈ ਪਸ਼ੂ ਪਾਲਕ ਅੱਗੇ ਆਉਣ।
ਪਸ਼ੂ ਪਾਲਕ ਵੈਟਰਨਰੀ ਡਾਕਟਰਾਂ ਅਤੇ ਪਸ਼ੂ ਮਾਹਿਰਾਂ ਦੇ ਸੰਪਰਕ ’ਚ ਰਹੋ।
ਪਸ਼ੂ ’ਚ ਜੇਕਰ ਬੀਮਾਰੀ ਸਬੰਧੀ ਕੋਈ ਲੱਛਣ ਨਜ਼ਰ ਆਉਣ ਤਾਂ ਉਸ ਸਮੇਂ ਪਸ਼ੂ ਨੂੰ ਬਿਨਾਂ ਕਿਸੇ ਦੇਰੀ ਦੇ ਸਰਕਾਰੀ ਵੈਟਰਨਰੀ ਹਸਪਤਾਲ ’ਚ ਇਲਾਜ ਲਈ ਲੈ ਕੇ ਪੁੱਜੇ। ਖ਼ੁਦ ਡਾਕਟਰ ਬਣਨ ਦੀ ਕੋਸ਼ਿਸ਼ ਨਾ ਕਰੋ।
ਇਹ ਵੀ ਪੜ੍ਹੋ : ਪੰਜਾਬ ਦੇ CM ਭਗਵੰਤ ਮਾਨ ਦੀ ਚੰਡੀਗੜ੍ਹ ਅਦਾਲਤ 'ਚ ਪੇਸ਼ੀ, ਜਾਣੋ ਕੀ ਹੈ ਪੂਰਾ ਮਾਮਲਾ
ਲੰਪੀ ਸਕਿਨ ਬੀਮਾਰੀ ਕਾਰਨ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਨੂੜ ਦੀਆਂ 40 ਗਊਆਂ ਅਤੇ ਵੱਛਿਆਂ ਦੀ ਮੌਤ
ਬਨੂੜ (ਗੁਰਪਾਲ) : ਪਸ਼ੂਆਂ ਅੰਦਰ ਫੈਲੀ ਲੰਪੀ ਸਕਿਨ ਡਿਜੀਜ਼ ਨਾਮਕ ਬੀਮਾਰੀ ਨੇ ਸੂਬੇ ’ਚ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਬੀਮਾਰੀ ਨੇ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਨੂੜ ਦੀਆਂ ਸੈਂਕੜੇ ਦੇ ਕਰੀਬ ਗਊਆਂ ਅਤੇ ਬੱਚਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਬੀਮਾਰੀ ਦੀ ਲਪੇਟ ’ਚ ਆਈਆਂ 40 ਗਊਆਂ ਤੇ ਵੱਛਿਆਂ ਦੀ ਮੌਤ ਹੋ ਚੁੱਕੀ ਹੈ। ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ਬਨੂੜ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼੍ਰੀ ਰਾਧਾ ਕ੍ਰਿਸ਼ਨ ਗਊਸ਼ਾਲਾ ’ਚ 200 ਦੇ ਕਰੀਬ ਗਊਆਂ ਸਨ। ਲੰਪੀ ਸਕਿਨ ਡਿਜੀਜ਼ ਨਾਮਕ ਬੀਮਾਰੀ ਨੇ ਗਊਸ਼ਾਲਾ ’ਚ 80 ਦੇ ਕਰੀਬ ਗਊਆਂ ਤੇ ਉਨ੍ਹਾਂ ਦੇ ਵੱਛਿਆਂ ਨੂੰ ਆਪਣੀ ਲਪੇਟ ’ਚ ਲੈ ਲਿਆ। ਪ੍ਰਬੰਧਕਾਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਮਹਿੰਗਾ ਇਲਾਜ ਕਰਵਾਉਣ ਦੇ ਬਾਵਜੂਦ ਹਫ਼ਤੇ ਦੌਰਾਨ ਇਸ ਭਿਆਨਕ ਬੀਮਾਰੀ ਨੇ ਗਊਸ਼ਾਲਾ ’ਚ ਬੀਮਾਰੀ ਤੋਂ ਪੀੜਤ 40 ਦੇ ਕਰੀਬ ਗਊਆਂ ਅਤੇ ਉਨ੍ਹਾਂ ਦੇ ਵੱਛਿਆਂ ਦੀ ਮੌਤ ਹੋ ਚੁੱਕੀ ਹੈ ਅਤੇ 40 ਦੇ ਕਰੀਬ ਗਊਆਂ ਇਸ ਬੀਮਾਰੀ ਤੋਂ ਪੀੜਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ