ਲੰਪੀ ਸਕਿਨ ਬੀਮਾਰੀ ਨਾਲ ਪੀੜਤ ਪਸ਼ੂਆਂ ਦਾ ਅੰਕੜਾ 1 ਲੱਖ ਤੱਕ ਪੁੱਜਾ, ਹੁਣ ਤੱਕ 7000 ਪਸ਼ੂਆਂ ਦੀ ਮੌਤ
Sunday, Aug 21, 2022 - 05:35 PM (IST)
ਚੰਡੀਗੜ੍ਹ : ਲੰਪੀ ਸਕਿਨ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਚੁੱਕੀ ਹੈ ਅਤੇ ਸੂਬੇ 'ਚ ਹੁਣ ਤੱਕ ਲਗਭਗ 7 ਹਜ਼ਾਰ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਪਸ਼ੂ ਪਾਲਣ ਵਿਭਾਗ ਮੁਤਾਬਕ ਸੂਬੇ ਦੇ 23 ਜ਼ਿਲ੍ਹੇ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਹੁਣ ਤੱਕ 1 ਲੱਖ ਦੇ ਕਰੀਬ ਮਾਮਲੇ ਸਾਹਮਣੇ ਆ ਗਏ ਹਨ ਅਤੇ 6929 ਪਸ਼ੂਆਂ ਦੀ ਇਸ ਬੀਮਾਰੀ ਕਾਰਨ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਤੱਕ 50 ਹਜ਼ਾਰ ਦੇ ਕਰੀਬ ਪਸ਼ੂ ਠੀਕ ਵੀ ਹੋ ਚੁੱਕੇ ਹਨ। ਹਾਲਾਂਕਿ ਸਭ ਤੋਂ ਪਰੇਸ਼ਾਨੀ ਦੀ ਗੱਲ ਇਹ ਹੈ ਕਿ ਜੋ ਬੀਮਾਰੀ ਮੁੱਖ ਤੌਰ 'ਤੇ ਗਾਵਾਂ ਨੂੰ ਪ੍ਰਭਾਵਿਤ ਕਰਦੀ ਹੈ ਉਹ ਹੁਣ ਮੱਝਾਂ ਵਿੱਚ ਵੀ ਫੈਲ ਰਹੀ ਹੈ। ਵਿਭਾਗ ਮੁਤਾਬਕ ਹੁਣ ਤੱਕ 48 ਮੱਝਾਂ ਇਸ ਬੀਮਾਰੀ ਨਾਲ ਪ੍ਰਭਾਵਿਤ ਪਾਈਆਂ ਗਈਆਂ ਹਨ।
ਇਹ ਵੀ ਪੜ੍ਹੋ- ਫਰੀਦਕੋਟ ਜੇਲ੍ਹ 'ਚ ਵੱਡੀ ਘਟਨਾ, ਹੋਮ ਗਾਰਡ ਜਵਾਨ ਨੇ ਖ਼ੁਦ ਨੂੰ ਮਾਰੀ ਗੋਲ਼ੀ
ਇਸ ਬੀਮਾਰੀ ਦੇ ਨੋਡਲ ਅਫ਼ਸਰ ਡਾ. ਰਾਮਪਾਲ ਮਿੱਤਲ ਨੇ ਦੱਸਿਆ ਕਿ ਪ੍ਰਭਾਵਿਤ ਪਸ਼ੂਆਂ ਵਿੱਚ ਰਿਕਵਰੀ ਸ਼ੁਰੂ ਹੋ ਗਈ ਹੈ ਅਤੇ ਸਥਿਤੀ ਕਾਬੂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 2.92 ਲੱਖ ਪਸ਼ੂਆਂ ਨੂੰ ਇਸ ਬੀਮਾਰੀ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਪੰਜਾਬ ਨੂੰ ਹੁਣ ਤੱਕ ਲਗਭਗ 3.16 ਲੱਖ ਖੁਰਾਕਾਂ ਮਿਲ ਚੁੱਕੀਆਂ ਹਨ ਜੋ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਨੂੰ ਭੇਜੀਆਂ ਜਾ ਚੁੱਕੀਆਂ ਹਨ। ਪਸ਼ੂ ਪਾਲਣ ਵਿਭਾਗ ਦੀਆਂ 673 ਟੀਮਾਂ ਤੋਂ ਇਲਾਵਾ ਬੈਚਲਰ ਆਫ਼ ਵੈਟਰਨਰੀ ਸਾਇੰਸ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਅਤੇ ਇੰਟਰਨਸ ਨੂੰ ਵੀ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮਾਂ ਲਈ ਸ਼ਾਮਲ ਕੀਤਾ ਗਿਆ ਹੈ। ਇਹ ਟੀਮਾਂ ਬੀਮਾਰੀ ਦੇ ਇਲਾਜ ਅਤੇ ਨਿਯੰਤਰਣ ਲਈ ਕੇਂਦਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਨਿਯਮਤ ਤੌਰ 'ਤੇ ਪਾਲਣਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਘਾਬਦਾਂ ਪੀ. ਜੀ. ਆਈ. ਦਾ ਦੌਰਾ ਕਰਨ ਪਹੁੰਚੇ ਕੇਂਦਰੀ ਸਿਹਤ ਮੰਤਰੀ, ਆਯੂਸ਼ਮਾਨ ਯੋਜਨਾ ਲੈ ਕੇ ਦਿੱਤਾ ਵੱਡਾ ਬਿਆਨ
ਬੀਮਾਰੀ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਨੇ ਢੁਕਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਪ੍ਰਭਾਵਿਤ ਜਾਨਵਰਾਂ ਨੂੰ ਵੱਖ ਰੱਖਣ, ਜਾਨਵਰਾਂ ਅਤੇ ਖੇਤ ਮਜ਼ਦੂਰਾਂ ਦੀ ਆਵਾਜਾਈ ਨੂੰ ਕਾਬੂ ਕਰਨ, ਖੇਤਾਂ ’ਚ ਬਣੇ ਵਾੜਿਆਂ ਨੂੰ ਰੋਗਾਣੂ ਮੁਕਤ ਕਰਨ ਅਤੇ ਵੈਕਟਰਾਂ ਨੂੰ ਨਿਯੰਤਰਿਤ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਵਿੱਚ ਲਗਭਗ 25.31 ਲੱਖ ਗਊਆਂ ਅਤੇ 40.15 ਲੱਖ ਮੱਝਾਂ ਹਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।