ਹਲਕੇ ਅੰਦਰ ਲੰਪੀ ਸਕਿਨ ਬੀਮਾਰੀ ਦਾ ਕਹਿਰ, ਸੈਂਕੜੇ ਪਸ਼ੂਆਂ ਦੀ ਮੌਤ

08/13/2022 6:01:31 PM

ਨਿਹਾਲ ਸਿੰਘ ਵਾਲਾ (ਬਾਵਾ) : ਲੰਪੀ ਸਕਿਨ ਬੀਮਾਰੀ ਦੇ ਕਹਿਰ ਨਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ ਪਿੰਡਾਂ ਵਿਚ ਸੈਂਕੜੇ ਪਸ਼ੂਆਂ ਦੀ ਮੌਤ ਅਤੇ ਸੈਂਕੜੇ ਹੀ ਪਸ਼ੂ ਗੰਭੀਰ ਹਾਲਤ ਵਿਚ ਬੀਮਾਰ ਹਨ। ਪਿੰਡ ਮਾਛੀਕੇ, ਭਾਗੀਕੇ ਅਤੇ ਹਿੰਮਤਪੁਰਾ ਜੋ ਕਿ ਸਭ ਤੋਂ ਵੱਧ ਬੀਮਾਰੀ ਨਾਲ ਪੀੜਤ ਹਨ ਹਨ। ਕਿਸਾਨ ਆਗੂ ਸਰਬਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਪਿੰਡ ਮਾਛੀਕੇ ਵਿਖੇ 70-80 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਨੇਕਾ ਹੀ ਪਸ਼ੂ ਗੰਭੀਰ ਬੀਮਾਰੀ ਦੀ ਹਾਲਤ ਵਿਚ ਹਨ। ਕਈ ਘਰਾਂ ਦੇ ਸਾਰੇ ਦੇ ਸਾਰੇ ਪਸ਼ੂ ਹੀ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ। ਪਿੰਡ ਵਿਚ ਬਣੀ ਗਊਸ਼ਾਲਾ ਵਿਖੇ ਵੀ 20 ਦੇ ਕਰੀਬ ਪਸ਼ੂਆਂ ਗਊਆਂ ਦੀ ਮੌਤ ਹੋਈ ਹੈ। ਗਊਸ਼ਾਲਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਦਰਜਨਾਂ ਗਊਆਂ ਗੰਭੀਰ ਹਾਲਤ ਵਿਚ ਹਨ।

ਪਿੰਡ ਭਾਗੀਕੇ ਦੇ ਮਜ਼ਦੂਰ ਪਸ਼ੂ ਪਾਲਕ ਰਣਜੀਤ ਸਿੰਘ ਪੁੱਤਰ ਜਾਗਰ ਸਿੰਘ ਨੇ ਦੱਸਿਆ ਕਿ ਉਸ ਦੀਆਂ 3 ਮਹਿੰਗੀਆਂ ਗਊਆਂ ਅਤੇ ਇਕ ਬਲਦ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਣ ਉਸ ਦਾ ਢਾਈ ਲੱਖ ਦੇ ਕਰੀਬ ਨੁਕਸਾਨ ਹੋ ਚੁੱਕਾ ਹੈ। ਪਿੰਡ ਭਾਗੀਕੇ ਵਿਖੇ 70 ਦੇ ਕਰੀਬ ਗਊਆਂ ਅਤੇ ਬਲਦਾਂ ਦੀ ਮੌਤ ਹੋਈ ਹੈ। ਇਸ ਪਿੰਡ ਵਿਚ ਕਿਸਾਨਾਂ ਦੇ ਸਾਰੇ ਹੀ ਬਲਦ ਬੀਮਾਰੀ ਦੀ ਭੇਟ ਚੜ ਚੁੱਕੇ ਹਨ। ਇਸ ਤੋਂ ਇਲਾਵਾ ਹਲਕੇ ਦੇ ਹੋਰ ਵੀ ਵੱਖ-ਵੱਖ ਪਿੰਡਾਂ ਵਿਚ ਵੀ ਸੈਂਕੜੇ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਪਿੰਡ ਵਾਸੀ ਕਿ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਪੂਰ ਸਿੰਘ ਰਾਮਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਗਊਆਂ ਦੀ ਹੋਈ ਮੌਤ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਰਪੂਰ ਸਿੰਘ ਰਾਮਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਮਾਛੀਕੇ ਨੇ ਦੋਸ਼ ਲਗਾਇਆ ਕਿ ਇਕ ਪਾਸੇ ਪੰਜਾਬ ਸਰਕਾਰ ਪਸ਼ੂਆਂ ਦੀ ਮੌਤ ਸਬੰਧੀ ਵੱਡੇ ਐਲਾਨ ਕਰ ਰਹੀ ਹੈ। ਪਰ ਪਸ਼ੂ ਪਾਲਕਾਂ ਨੂੰ ਦੋਹਰਾ ਨੁਕਸਾਨ ਉਠਾਉਣਾ ਪੈ ਰਿਹਾ ਹੈ। ਬੀਮਾਰ ਪਸ਼ੂਆਂ ਦਾ ਠੀਕ ਢੰਗ ਨਾਲ ਇਲਾਜ ਨਹੀਂ ਹੋ ਰਿਹਾ ਅਤੇ ਇਸ ਬੀਮਾਰੀ ਨਾਲ ਮਰੇ ਪਸ਼ੂਆਂ ਨੂੰ ਚੁੱਕਣ ਦਾ ਵੀ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ, ਜਿਸ ਕਾਰਣ ਪਹਿਲਾਂ ਹੀ ਆਰਥਿਕ ਸੰਕਟ ਦਾ ਸ਼ਿਕਾਰ ਪਸ਼ੂ ਪਾਲਕਾਂ ਨੂੰ ਖੁਦ ਪੈਸੇ ਇਕੱਠੇ ਕਰ ਕੇ ਜੇ. ਬੀ. ਸੀ. ਮਸ਼ੀਨਾਂ ਰਾਹੀਂ ਟੋਏ ਪੁੱਟ ਕੇ ਪਸ਼ੂਆਂ ਨੂੰ ਦੱਬਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਕਈ ਗਰੀਬ ਪਸ਼ੂ ਪਾਲਕ ਆਪਣੇ ਪਸ਼ੂ ਘਰਾਂ ਤੋਂ ਬਾਹਰ ਸੁੱਟਣ ਲਈ ਮਜ਼ਬੂਰ ਹਨ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮਰੇ ਪਸ਼ੂਆਂ ਦੀਆਂ ਲਿਸਟਾਂ ਬਣਾ ਕੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਵੇ। ਉਨ੍ਹਾਂ ਪਸ਼ੂ ਪਾਲਕਾਂ ਨੂੰ ਵੀ ਅਪੀਲ ਕੀਤੀ ਕਿ ਮਾਰੇ ਗਏ ਪਸ਼ੂਆਂ ਦਾ ਪੂਰਾ ਰਿਕਾਰਡ ਰੱਖਣ, ਮਰੇ ਪਸੂਆਂ ਦੀ ਵੀਡੀਓਗ੍ਰਾਫੀ, ਫੋਟੋ ਤੋਂ ਇਲਾਵਾ ਉਨ੍ਹਾਂ ਦਾ ਪਸ਼ੂ ਪਾਲਣ ਵਿਭਾਗ ਤੋਂ ਮ੍ਰਿਤਕ ਸਰਟੀਫਿਕੇਟ ਵੀ ਪ੍ਰਾਪਤ ਕਰਨ ਤਾਂ ਕਿ ਜਥੇਬੰਦੀਆਂ ਸਰਕਾਰ ਤੋਂ ਮੁਆਵਜ਼ਾ ਲੈਣ ਲਈ ਦਬਾਅ ਪਾ ਸਕਣ। ਉਨ੍ਹਾਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ 16 ਅਗਸਤ ਨੂੰ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲ ਕੇ ਪਸ਼ੂਆਂ ਦੇ ਮੁਆਵਜ਼ੇ ਅਤੇ ਪਸ਼ੂਆਂ ਦੇ ਠੀਕ ਢੰਗ ਨਾਲ ਇਲਾਜ ਦੀ ਮੰਗ ਕਰਨਗੇ।


Gurminder Singh

Content Editor

Related News