ਡੇਰੇ 'ਚ ਸਿੱਖ ਨਾਲ ਕੁੱਟਮਾਰ ਤੇ ਕੇਸਾਂ ਦੀ ਬੇਅਦਬੀ ਮਾਮਲੇ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ (ਵੀਡੀਓ)
Tuesday, Aug 18, 2020 - 09:59 AM (IST)
ਅੰਮ੍ਰਿਤਸਰ : ਲੁਧਿਆਣਾ ਦੇ ਪਿੰਡ ਖਾਨਪੁਰ 'ਚ ਇਕ ਡੇਰੇ ਦੇ ਅਖੌਤੀ ਸਾਧ ਤੇ ਉਸਦੇ ਚੇਲਿਆਂ ਵਲੋਂ ਸਿੱਖ ਹੈਲਥ ਵਰਕਰ ਮਸਤਾਨ ਸਿੰਘ ਦੇ ਕੇਸਾਂ ਤੇ ਦਾੜ੍ਹੀ ਨੂੰ ਹੱਥ ਪਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਦੀ ਘਟਨਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ 'ਚ ਵਫ਼ਦ ਭੇਜ ਕੇ ਡੇਹਲੋਂ ਹਸਪਤਾਲ 'ਚ ਦਾਖ਼ਲ ਮਸਤਾਨ ਸਿੰਘ ਦਾ ਹਾਲਚਾਲ ਪੁੱਛਿਆ ਤੇ ਸ਼੍ਰੋਮਣੀ ਕਮੇਟੀ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੇ ਹੋਏ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਦੀ ਚਾਰਾਜੋਈ ਕਰਨ ਦੀ ਗੱਲ ਵੀ ਕਹੀ।
ਇਹ ਵੀ ਪੜ੍ਹੋਂ : ਗ੍ਰੰਥੀ ਦੀ ਕਰਤੂਤ: ਪਾਠ ਸਿੱਖਣ ਆਈ ਨਾਬਾਲਗ ਕੁਡ਼ੀ ਨਾਲ ਕੀਤਾ ਗਲਤ ਕੰਮ, ਵਾਇਰਲ ਹੋਈ ਵੀਡੀਓ
ਇਸਦੇ ਨਾਲ ਹੀ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। ਲੌਂਗੋਵਾਲ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ - 'ਲੁਧਿਆਣਾ ਜ਼ਿਲੇ 'ਚ ਪੀ.ਐੱਚ.ਸੀ. ਮਲੋਦ ਦੇ ਸਿਹਤ ਕਾਮੇ ਮਸਤਾਨ ਸਿੰਘ ਦੀ ਸਥਾਨਕ ਇਕ ਡੇਰੇ 'ਚ ਕੁਝ ਲੋਕਾਂ ਵਲੋਂ ਕੁੱਟਮਾਰ ਕਰਨ, ਉਸਦੀ ਦਸਤਾਰ ਉਤਾਰਨ ਅਤੇ ਕੇਸਾਂ ਦੀ ਤੌਹੀਨ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ ਕਿ ਇਕ ਸਿੱਖ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਬਰਦਾਸ਼ਤਯੋਗ ਨਹੀਂ ਹੈ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਭਾਵੇਂ ਕਿ ਕੁਝ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ ਪਰ ਅਜੇ ਵੀ ਕਈ ਲੋਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਹਰ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਬਣਦੀਆਂ ਧਰਾਵਾਂ ਤਹਿਤ ਕਾਰਵਾਈ ਹੋਵੇ। ਕੋਵਿਡ-19 ਦੌਰਾਨ ਮੋਹਰਲੀ ਕਤਾਰ 'ਚ ਡਿਊਟੀ ਨਿਭਾਉਣ ਵਾਲੇ ਕਰਮਚਾਰੀਆਂ ਨਾਲ ਅਜਿਹਾ ਦਦੁਰਵਿਵਹਾਰ ਅਨੈਤਿਕ ਹੋਣ ਦੇ ਨਾਲ-ਨਾਲ ਪ੍ਰਸ਼ਾਸਨ ਲਈ ਵੀ ਵੱਡਾ ਸਵਾਲ ਹੈ। ਮੌਜੂਦਾ ਸੰਕਟ ਦੌਰਾਨ ਆਪਣੀ ਜਾਨ ਜ਼ੋਖਮ 'ਚ ਪਾ ਕੇ ਸਿਹਤ ਵਿਭਾਗ ਦੇ ਕਰਮਚਾਰੀ ਸੇਵਾ ਨਿਭਾਅ ਰਹੇ ਹਨ ਪਰ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਲ ਉਨ੍ਹਾਂ ਦਾ ਮਨੋਬਲ ਕਾਇਮ ਨਹੀਂ ਰਹਿ ਸਕੇਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਹੈਲਥ ਵਰਕਰ ਮਸਤਾਨ ਸਿੰਘ ਨਾਲ ਬਦਸਲੂਕੀ ਕਰਨ ਵਾਲੇ ਲੋਕਾਂ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕੇ। ਦੋਸ਼ੀ ਕਿਸੇ ਵੀ ਤਰ੍ਹਾਂ ਬਖਸ਼ੇ ਨਹੀਂ ਜਾਣੇ ਚਾਹੀਦੇ ਅਤੇ ਪੀੜਤ ਨੂੰ ਮੁਕੰਮਲ ਨਿਆਂ ਮਿਲਣਾ ਚਾਹੀਦਾ ਹੈ।'
ਇਹ ਵੀ ਪੜ੍ਹੋਂ : ਬੈਂਕ ਮੈਨੇਜਰ ਦੀ ਦਰਿੰਦਗੀ, ਦੂਜਾ ਵਿਆਹ ਕਰਵਾਉਣ ਲਈ ਪਤਨੀ ਤੇ 3 ਬੱਚਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ
ਦੱਸ ਦੇਈਏ ਕਿ ਪਿਛਲੇ ਦਿਨੀਂ ਸਿਹਤ ਵਿਭਾਗ ਦੀਆਂ ਹਦਾਇਤਾਂ 'ਤੇ ਇਕ ਡੇਰੇ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਕੋਰੋਨਾ ਟੈਸਟ ਲਈ ਪ੍ਰੇਰਿਤ ਕਰਨ ਲਈ ਗਏ ਮਸਤਾਨ ਸਿੰਘ ਨੂੰ ਡੇਰੇ 'ਚ ਬੰਨ੍ਹ ਕੇ ਕੁੱਟਿਆ ਗਿਆ ਸੀ ਤੇ ਉਸਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸਦੀ ਵੀਡੀਓ ਵੀ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ।
ਇਹ ਵੀ ਪੜ੍ਹੋਂ : ਹਰੀਕੇ ਪੱਤਣ ਨੂੰ ਵਿਕਸਿਤ ਕਰਨ ਲਈ ਖਰਚ ਕੀਤੇ ਜਾਣਗੇ 15 ਕਰੋੜ ਰੁਪਏ : ਮਨਪ੍ਰੀਤ ਸਿੰਘ ਬਾਦਲ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            