ਲੁਧਿਆਣਾ ਦੇ ਪੁਲਸ ਕਮਿਸ਼ਨਰ ਦਾ ਸਨਅਤਕਾਰਾਂ ਨੂੰ ਅਹਿਮ ਸੁਨੇਹਾ ਤੇ ਹੁਕਮ

04/06/2020 3:24:21 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਸੋਸ਼ਲ ਮੀਡੀਆ 'ਤੇ ਲੁਧਿਆਣਾ ਦੇ ਸਨਅਤਕਾਰਾਂ ਨੂੰ ਇੱਕ ਵਿਸ਼ੇਸ਼ ਅਪੀਲ ਅਤੇ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਲੱਖਾਂ ਦੀ ਗਿਣਤੀ 'ਚ ਮਾਈਗ੍ਰੇਟਿਡ ਲੇਬਰ ਰਹਿੰਦੀ ਹੈ ਅਤੇ ਫੈਕਟਰੀਆਂ ਬੰਦ ਹੋਣ ਦੀ ਸੂਰਤ 'ਚ ਸਾਰੀ ਹੀ ਲੇਬਰ ਪਰੇਸ਼ਾਨ ਹੈ। ਇਸ ਲਈ ਸਨਅਤਕਾਰ ਆਪੋ-ਆਪਣੀਆਂ ਫੈਕਟਰੀਆਂ ਦੀ ਲੇਬਰ ਦਾ ਧਿਆਨ ਰੱਖਣ ਕਿਉਂਕਿ ਇਹ ਸਨਅਤਕਾਰਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਅਪੀਲ ਅਤੇ ਹੁਕਮ ਵੀ ਹੈ ਕਿ ਜੇਕਰ ਕਿਸੇ ਵੀ ਖੇਤਰ ਨਾਲ ਸਬੰਧਤ ਲੇਬਰ ਪੁਲਸ ਕੋਲ ਸ਼ਿਕਾਇਤ ਕਰਦੀ ਹੈ ਤਾਂ ਉਸ ਖੇਤਰ ਨਾਲ ਸਬੰਧਤ ਸਨਅਤਕਾਰ 'ਤੇ ਹੀ ਕਾਰਵਾਈ ਹੋਵੇਗੀ।
ਪੁਲਸ ਕਮਿਸ਼ਨਰ ਨੇ ਲੁਧਿਆਣਾ ਦੇ ਸਾਰੇ ਸਨਅਤਕਾਰਾਂ ਨੂੰ ਅਪੀਲ ਅਤੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਉਹ ਮਾਰਚ ਤੱਕ ਦੀ ਪੂਰੀ ਤਨਖਾਹ ਆਪੋ-ਆਪਣੀ ਲੇਬਰ ਨੂੰ ਦੇਣ ਅਤੇ ਜਿਨ੍ਹਾਂ ਦੀ ਤਨਖਾਹ 15 ਹਜ਼ਾਰ ਤੋਂ ਘੱਟ ਹੈ ਉਨ੍ਹਾਂ ਨੂੰ ਮਹੀਨੇ ਦਾ ਘੱਟੋ-ਘੱਟ ਅਲਾਊਂਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਭਾਵੇਂ ਇਹ ਕੈਸ਼ ਦੇ ਰੂਪ 'ਚ ਹੋਵੇ ਜਾਂ ਫਿਰ ਰਾਸ਼ਨ ਦੇ ਰੂਪ 'ਚ, ਘੱਟੋ ਘੱਟ ਲੇਬਰ ਨੂੰ 2500 ਰੁਪਏ ਪ੍ਰਤੀ ਮਹੀਨਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ। ਪੁਲਸ ਕਮਿਸ਼ਨਰ ਨੇ ਕਿਹਾ ਕਿ ਔਖੀ ਘੜੀ 'ਚ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਆਪਣੀ ਲੇਬਰ ਦਾ ਧਿਆਨ ਰੱਖਣ, ਉਨ੍ਹਾਂ ਦੇ ਘਰ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਤੱਕ ਕਿਸੇ ਨਾ ਕਿਸੇ ਰੂਪ 'ਚ ਮਦਦ ਜ਼ਰੂਰ ਪਹੁੰਚਾਉਣ। ਪੁਲਸ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਆਪਣੇ ਪੱਧਰ 'ਤੇ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਸਨਅਤਾਂ ਆਪਣੇ ਵਰਕਰਾਂ ਨੂੰ ਤਨਖਾਹ ਆਦਿ ਦੇਣਾ ਚਾਹੁੰਦੀਆਂ ਹਨ, ਜੋ ਰਾਸ਼ਨ ਵੰਡਣਾ ਚਾਹੁੰਦੀ ਹੈ, ਉਨ੍ਹਾਂ ਦੇ ਦੋ ਜਾਂ ਤਿੰਨ ਕੈਸ਼ੀਅਰ ਜਾਂ ਅਕਾਊਂਟੈਂਟ ਆਦਿ ਦਾ ਪਾਸ ਉਹ ਜਾਰੀ ਕਰਵਾ ਸਕਦੇ ਹਨ। ਅਗਰਵਾਲ ਨੇ ਕਿਹਾ ਇਸ ਦੌਰਾਨ ਵੀ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇ।


Babita

Content Editor

Related News