ਲੁਧਿਆਣਾ ''ਚ ਸ਼ੱਕੀ ਹਾਲਾਤ ''ਚ ਮਿਲੀ ਲਾਸ਼! ਕਤਲ ਜਾਂ ਕੁਝ ਹੋਰ? ਜਾਂਚ ਕਰ ਰਹੀ ਪੁਲਸ
Monday, Jun 08, 2026 - 02:10 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਥ੍ਰੀਕੇ ਰੋਡ ਇਲਾਕੇ ਵਿਚ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਉੱਥੇ ਸਥਿਤ ਇਕ ਖਾਲੀ ਪਲਾਟ ਤੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਾਂ ਉਸ ਦੀ ਮੌਤ ਮੌਤ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ, ਇਸ ਗੁੱਥੀ ਨੂੰ ਸੁਲਝਾਉਣ ਲਈ ਪੁਲਸ ਨੇ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪਲਾਟ ਵਿਚ ਲਾਸ਼ ਨੂੰ ਵੇਖ ਕੇ ਉੱਥੋਂ ਗੁਜ਼ਰ ਰਹੇ ਰਾਹਗੀਰਾਂ ਨੇ ਤੁਰੰਤ ਰੌਲ਼ਾ ਪਾਇਆ, ਜਿਸ ਮਗਰੋਂ ਇਲਾਕੇ ਵਿਚ ਸਨਸਨੀ ਫ਼ੈਲ ਗਈ ਤੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਥਾਣਾ ਸਦਰ ਦੀ ਪੁਲਸ ਉਸੇ ਵੇਲੇ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਮੁਤਾਬਕ, ਮ੍ਰਿਤਕ ਦੀ ਪਛਾਣ ਵਿਸ਼ਾਲ ਵਜੋਂ ਹੋਈ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ, ਅੱਜ ਸੋਮਵਾਰ ਸਵੇਰੇ ਲੋਕ ਰੋਜ਼ ਦੀ ਤਰ੍ਹਾਂ ਪਲਾਟ ਨੇੜਿਓਂ ਗੁਜ਼ਰ ਰਹੇ ਸਨ। ਇਸ ਦੌਰਾਨ ਅਚਾਨਕ ਉਨ੍ਹਾਂ ਦੀ ਨਜ਼ਰ ਸ਼ੱਕੀ ਹਾਲਤ ਵਿਚ ਪਏ ਇਕ ਨੌਜਵਾਨ 'ਤੇ ਪਈ। ਜਦੋਂ ਲੋਕਾਂ ਨੇ ਕੋਲ ਜਾ ਕੇ ਵੇਖਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਲੋਕਾਂ ਨੇ ਬਿਨਾਂ ਸਮਾਂ ਗਵਾਏ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ।
ਥਾਣਾ ਸਦਰ ਦੇ ਪੁਲਸ ਅਫ਼ਸਰਾਂ ਮੁਤਾਬਕ, ਫ਼ਿਲਹਾਲ ਸ਼ੁਰੂਆਤੀ ਜਾਂਚ ਵਿਚ ਇਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੋ ਸਕਿਆ ਕਿ ਨੌਜਵਾਨ ਦੀ ਮੌਤ ਕਿਹੜੇ ਹਾਲਾਤ ਵਿਚ ਹੋਈ ਹੈ। ਪੁਲਸ ਇਸ ਗੱਲ ਦੀ ਡੂੰਘਾਈ ਨਾਲ ਤਫ਼ਤੀਸ਼ ਕਰ ਰਹੀ ਹੈ ਕਿ ਮ੍ਰਿਤਕ ਦੇ ਸਰੀਰ 'ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਤਾਂ ਨਹੀਂ? ਪੁਲਸ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਡਾਕਟਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਖ਼ੁਲਾਸਾ ਹੋ ਸਕੇਗਾ। ਇਸ ਤੋੰ ਇਲਾਵਾ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
