ਲੁਧਿਆਣਾ ਪੁਲਸ ਨੂੰ ਵੱਡੀ ਸਫਲਤਾ, ਖਤਰਨਾਕ ਗੈਂਗਸਟਰ ਭਿੰਦਾ ਸ਼ਾਦੀਪੁਰੀਆ ਲਈ ਕੰਮ ਕਰਨ ਵਾਲੇ ਨੂੰ ਦਬੋਚਿਆ

11/11/2017 3:54:34 PM

ਲੁਧਿਆਣਾ : ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਪੰਜਾਬ 'ਚ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਭਿੰਦਾ ਸ਼ਾਦੀਪੁਰੀਆ ਸਮੇਤ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜੀ. ਆਰ. ਪੀ. ਪੁਲਸ ਨੇ ਬੀਤੀ 11 ਅਕਤੂਬਰ ਨੂੰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਦੀ ਚੈਕਿੰਗ ਦੌਰਾਨ ਤੀਰਥ ਰਾਮ ਵਾਸੀ ਪਿੰਡ ਬਜੂਹਾ ਖੁਰਦ ਨਕੋਦਰ ਨੂੰ 32 ਬੋਰ ਦੀ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਮੌਕੇ 'ਤੇ ਉਸ ਦਾ ਸਾਥੀ ਸੰਦੀਪ ਸਿੰਘ ਵਾਸੀ ਪਿੰਡ ਸੁੰਨੜ ਕਲਾਂ, ਨਕੋਦਰ, ਪੁਲਸ ਨੂੰ ਚਕਮਾ ਦੇ ਕੇ ਜਲੰਧਰ ਭੱਜ ਗਿਆ ਸੀ ਪਰ ਪੁਲਸ ਨੇ ਅੱਜ ਉਸ ਨੂੰ ਵੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਜੀ. ਆਰ. ਪੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਪੰਜਾਬ 'ਚ ਬੈਂਕ ਡਕੈਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਭਿੰਦਾ ਸ਼ਾਦੀਪੁਰੀਆ, ਸਤਨਾਮ ਸਿੰਘ ਸੱਤਾ, ਜਗਰੂਪ ਰੂਬੀ, ਲਖਬੀਰ ਸਿੰਘ ਲੱਖੀ ਅਤੇ ਪਰਸਾ ਗੈਂਗ ਲਈ ਕੰਮ ਕਰਦੇ ਹਨ ਅਤੇ ਕਈ ਖੌਫਨਾਕ ਵਾਰਦਾਤਾਂ ਕਰ ਚੁੱਕੇ ਹਨ। ਦੋਸ਼ੀਆਂ 'ਤੇ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਦੋਸ਼ੀ ਬਨਾਰਸ ਤੋਂ ਅਸਲਾ ਖਰੀਦ ਕੇ ਲਿਆਉਂਦੇ ਸਨ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਇਨ੍ਹਾਂ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਮੁਤਾਬਕ ਦੋਸ਼ੀ ਸੰਦੀਪ ਸਿੰਘ ਦੀ ਰਿਹਾਇਸ਼ ਤੋਂ 32 ਅਤੇ 12 ਬੋਰ ਦੇ 16 ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਇਨ੍ਹਾਂ ਨੇ ਦੀਵਾਲੀ ਵਾਲੇ ਦਿਨ ਜੂਏ ਦੇ ਅੱਡੇ ਲੁੱਟਣ ਦੀ ਵੀ ਯੋਜਨਾ ਬਣਾਈ ਸੀ। ਪੁਲਸ ਮੁਤਾਬਕ ਅੱਜ ਫੜ੍ਹਿਆ ਗਿਆ ਦੋਸ਼ੀ ਨਵੀਂ ਗੈਂਗ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਅਤੇ ਇਸ ਦੇ ਲਈ ਉਹ ਬੇਰੋਜ਼ਗਾਰ ਅਤੇ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨਾਂ ਦੀ ਭਾਲ 'ਚ ਲੱਗਾ ਹੋਇਆ ਸੀ।


Related News