ਲੁਧਿਆਣਾ ਦਾ ਪਾਸਪੋਰਟ ਦਫਤਰ ਖੁੱਲ੍ਹਾ, ਸਮਾਜਿਕ ਦੂਰੀ ਦਾ ਰੱਖਿਆ ਜਾ ਰਿਹੈ ਖਾਸ ਖਿਆਲ

06/03/2020 1:20:41 PM

ਲੁਧਿਆਣਾ (ਨਰਿੰਦਰ) : ਤਾਲਾਬੰਦੀ-5 ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਮਹਿਕਮਿਆਂ 'ਚ ਹੁਣ ਢਿੱਲ ਦਿੱਤੀ ਜਾ ਰਹੀ ਹੈ ਅਤੇ ਕੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਪੰਜਾਬ 'ਚ ਵੀ ਅੱਜ ਤੋਂ ਪਾਸਪੋਰਟ ਦਫ਼ਤਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਲੁਧਿਆਣਾ ਦੇ ਪਾਸਪੋਰਟ ਦਫਤਰ ਵੱਲੋਂ ਵੀ ਲੋਕਾਂ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਕਿ ਉਹ ਦਫਤਰ ਆ ਕੇ ਆਪਣੇ ਪਾਸਪੋਰਟ ਬਣਵਾ ਸਕਦੇ ਹਨ, ਜਿਸ ਤੋਂ ਬਾਅਦ ਲੋਕ ਵੱਡੀ ਗਿਣਤੀ 'ਚ ਦਫਤਰ ਦੇ ਬਾਹਰ ਆਪਣਾ ਕੰਮ ਕਰਵਾਉਣ ਲਈ ਪਹੁੰਚ ਰਹੇ ਹਨ।

ਪਾਸਪੋਰਟ ਦਫ਼ਤਰ ਦੇ ਬਾਹਰ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਇਸ ਦੇ ਲਈ ਨਿਸ਼ਾਨ ਲਾਏ ਗਏ ਹਨ। ਪਾਸਪੋਰਟ ਦਫਤਰ ਦੇ 'ਚ ਅਜੇ ਅੱਧਾ ਹੀ ਸਟਾਫ ਕੰਮ ਕਰ ਰਿਹਾ ਹੈ। ਇਸ ਸਬੰਧੀ ਅਸੀਂ ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਏ. ਐੱਸ. ਆਈ. ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਡਿਊਟੀ ਪਾਸਪੋਰਟ ਦਫਤਰ ਦੇ ਬਾਹਰ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਭੀੜ ਇਕੱਠੀ ਨਹੀਂ ਹੋਣ ਦੇ ਰਹੇ ਅਤੇ ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਵੀ ਨਹੀਂ ਆਉਣ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਪਾਸਪੋਰਟ ਦਫ਼ਤਰ ਦੇ ਬਾਹਰ ਵੀ ਬਕਾਇਦਾ ਹੱਥ ਸੈਨੀਟਾਈਜ਼ ਕਰਕੇ ਅਤੇ ਸਰੀਰ ਦਾ ਤਾਪਮਾਨ ਚੈੱਕ ਕਰਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੇ ਵੀ ਕਿਹਾ ਕਿ ਸਿਰਫ ਜਿਨ੍ਹਾਂ ਨੂੰ ਮੈਸੇਜ ਆ ਰਹੇ ਹਨ, ਉਨ੍ਹਾਂ ਨੂੰ ਹੀ ਦਫਤਰ ਬੁਲਾਇਆ ਜਾ ਰਿਹਾ ਹੈ।


Babita

Content Editor

Related News