ਨਗਰ ਨਿਗਮ ਚੋਣ : ਲੁਧਿਆਣਾ ''ਚ ਰਹੇਗਾ ਇਕ ਹੀ ਮੇਅਰ, ਨਹੀਂ ਵਧੇਗੀ ਵਾਰਡਾਂ ਦੀ ਗਿਣਤੀ

Sunday, Sep 18, 2022 - 02:56 PM (IST)

ਨਗਰ ਨਿਗਮ ਚੋਣ : ਲੁਧਿਆਣਾ ''ਚ ਰਹੇਗਾ ਇਕ ਹੀ ਮੇਅਰ, ਨਹੀਂ ਵਧੇਗੀ ਵਾਰਡਾਂ ਦੀ ਗਿਣਤੀ

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਚੋਣ ਲਈ ਨਵੇਂ ਸਿਰੇ ਤੋਂ ਕਰਵਾਈ ਜਾ ਰਹੀ ਵਾਰਡਬੰਦੀ ਨੂੰ ਲੈ ਕੇ ਭਾਵੇਂ ਹੀ ਹੁਣ ਵਾਰਡਾਂ ਦੀ ਬਾਊਂਡਰੀ ਕਲੀਅਰ ਨਹੀਂ ਹੋਈ ਹੈ ਪਰ ਇਹ ਜ਼ਰੂਰ ਸਾਫ਼ ਹੋ ਗਿਆ ਹੈ ਕਿ ਮਹਾਨਗਰ 'ਚ ਵਾਰਡਾਂ ਦੀ ਗਿਣਤੀ 95 ਤੋਂ ਨਹੀਂ ਵਧੇਗੀ ਅਤੇ ਇਕ ਹੀ ਮੇਅਰ ਰਹੇਗਾ। ਇਸ ਸਬੰਧੀ ਨੋਟੀਫਿਕੇਸ਼ਨ ਲੋਕਲ ਬਾਡੀਜ਼ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵਿਵੇਕ ਪ੍ਰਤਾਪ ਸਿੰਘ ਦੇ ਹਵਾਲੇ ਤੋਂ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ 2011 ਦੀ ਜਨਗਣਨਾ ਵਿਚ ਸਾਹਮਣੇ ਆਈ 16.18 ਲੱਖ ਦੀ ਆਬਾਦੀ ਨੂੰ ਆਧਾਰ ਬਣਾਇਆ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਮਹਾਨਗਰ 'ਚ ਵਾਰਡਾਂ ਦੀ ਗਿਣਤੀ ਵਿਚ ਇਜ਼ਾਫਾ ਹੋਣ ਦੀਆਂ ਅਟਕਲਾਂ ’ਤੇ ਵਿਰਾਮ ਲੱਗ ਗਿਆ ਹੈ ਕਿਉਂਕਿ 100 ਤੋਂ ਜ਼ਿਆਦਾ ਵਾਰਡ ਬਣਾਉਣ ’ਤੇ 2 ਮੇਅਰ ਬਣਾਉਣ ਦਾ ਨਿਯਮ ਹੈ।
16 ਵਾਰਡ ਹੋਏ ਰਿਜ਼ਰਵ
ਸਰਕਾਰ ਵਲੋਂ ਐੱਸ. ਸੀ. ਅਤੇ ਬੀ. ਸੀ. ਕੈਟਾਗਿਰੀ 2.31 ਲੱਖ ਤੋਂ ਜ਼ਿਆਦਾ ਦੀ ਆਬਾਦੀ ਦੇ ਹਿਸਾਬ ਨਾਲ 16 ਵਾਰਡ ਰਿਜ਼ਰਵ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 14 ਵਾਰਡ ਐੱਸ. ਸੀ. ਕੈਟਾਗਿਰੀ ਲਈ ਹਨ, ਜਿਨ੍ਹਾਂ ਵਿਚੋਂ ਅੱਧੀਆਂ ਔਰਤਾਂ ਦੇ ਹਿੱਸਿਆਂ ’ਚ ਆਉਣਗੇ, ਜਦੋਂਕਿ ਬੀ. ਸੀ. ਕੈਟਾਗਿਰੀ ਲਈ 2 ਵਾਰਡ ਹੋਣਗੇ।
ਡੋਰ-ਟੂ-ਡੋਰ ਸਰਵੇ ਤੋਂ ਬਾਅਦ ਫਾਈਨਲ ਹੋਵੇਗੀ ਵਾਰਡ ਦੀ ਬਾਊਂਡਰੀ
ਭਾਵੇਂ ਹੀ ਸਰਕਾਰ ਵੱਲੋਂ ਨਗਰ ਨਿਗਮ ਚੋਣ ਲਈ ਵਾਰਡਾਂ ਦੀ ਗਿਣਤੀ ਅਤੇ ਰਿਜ਼ਰਵੇਸ਼ਨ ਫਿਕਸ ਕਰ ਦਿੱਤੀ ਗਈ ਹੈ। ਇਸ ਦੇ ਬਾਵਜੂਦ ਵਾਰਡਾਂ ਦੀ ਬਾਊਂਡਰੀ ਫਾਈਨਲ ਹੋਣਾ ਬਾਕੀ ਹੈ, ਜਿਸ ਲਈ ਡੋਰ-ਟੂ-ਡੋਰ ਸਰਵੇ 'ਚ ਸਾਹਮਣੇ ਆਉਣ ਵਾਲੇ ਅੰਕੜਿਆਂ ਨੂੰ ਆਧਾਰ ਬਣਾਇਆ ਜਾਵੇਗਾ, ਭਾਵੇਂ ਕਿ ਹੁਣ ਹਲਕਾ ਸੈਂਟਰਲ ਅਤੇ ਆਤਮ ਨਗਰ ਵਿਚ ਇਹ ਕੰਮ 50 ਫ਼ੀਸਦੀ ਵੀ ਨਹੀਂ ਹੋਇਆ ਅਤੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦਾ ਫ਼ੈਸਲਾ ਨਾ ਹੋਣ ਦੀ ਵਜ੍ਹਾ ਨਾਲ ਇਹ ਰਫ਼ਤਾਰ ਹੋਰ ਹੌਲੀ ਹੋ ਗਈ ਹੈ।


 


author

Babita

Content Editor

Related News