ਲੁਧਿਆਣਾ ਲੁੱਟ ਮਾਮਲਾ : ਸਾਰਾ ਭੇਤ ਇਕੱਠਾ ਕਰਕੇ ਹੀ ਅੰਦਰ ਵੜੇ ਸੀ ਲੁਟੇਰੇ, ਆਉਂਦਿਆਂ ਨੇ ਕੱਟੀ ਸੈਂਸਰ ਦੀ ਤਾਰ
Sunday, Jun 11, 2023 - 11:19 AM (IST)
ਲੁਧਿਆਣਾ (ਰਾਜ) : ਇੱਥੇ ਰਾਜਗੁਰੂ ਨਗਰ ਸਥਿਤ ਸੀ. ਐੱਮ. ਐੱਸ. ਕੈਸ਼ ਟਰਾਂਸਫਰ ਸਕਿਓਰਿਟੀ ਏਜੰਸੀ 'ਚ ਹੋਈ 7 ਕਰੋੜ ਦੀ ਲੁੱਟ ਕੰਪਨੀ ’ਤੇ ਹੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਹੀ ਹੈ ਕਿਉਂਕਿ ਲੁਟੇਰੇ ਕੰਪਨੀ ਦੇ ਸਕਿਓਰਿਟੀ ਸਿਸਟਮ ਬਾਰੇ ਸਭ ਕੁੱਝ ਜਾਣਦੇ ਸਨ। ਪੁਲਸ ਕਮਿਸ਼ਨਰ ਨੇ ਵੀ ਸਾਫ਼ ਤੌਰ ’ਤੇ ਕਿਹਾ ਹੈ ਕਿ ਇਸ ਵਾਰਦਾਤ 'ਚ ਕੰਪਨੀ ਦੀ ਸਭ ਤੋਂ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕਰੀਬ 10 ਹਥਿਆਰਬੰਦ ਨਾਕਬਪੋਸ਼ ਲੁਟੇਰੇ ਆਸਾਨੀ ਨਾਲ ਕੰਪਨੀ ਦੇ ਦਫ਼ਤਰ 'ਚ ਦਾਖ਼ਲ ਹੋ ਜਾਂਦੇ ਹਨ। ਅੰਦਰ ਜਾਣ ਤੋਂ ਪਹਿਲਾਂ ਲੁਟੇਰਿਆਂ ਨੇ ਸਭ ਤੋਂ ਪਹਿਲਾਂ ਸੈਂਸਰ ਦੀ ਤਾਰ ਕੱਟੀ, ਜੋ ਕਿ ਕਿਸੇ ਦੇ ਆਉਣ ’ਤੇ ਅਲਰਟ ਦਿੰਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਲੁਟੇਰਿਆਂ ਨੂੰ ਕਿਵੇਂ ਪਤਾ ਲੱਗਾ ਕਿ ਅੰਦਰ ਸੈਂਸਰ ਲੱਗੇ ਹੋਏ ਹਨ ਤੇ ਉਸ ਦੀ ਤਾਰ ਕਿੱਥੋਂ ਲੰਘਦੀ ਹੈ। ਇਸ ਤੋਂ ਇਲਾਵਾ ਲੁਟੇਰਿਆਂ ਨੂੰ ਇਹ ਵੀ ਪਤਾ ਸੀ ਕਿ ਅੰਦਰ ਜਾਣ ਲਈ ਦੋ ਰਸਤੇ ਹਨ। ਇਸ ਤੋਂ ਇਲਾਵਾ ਬੈਕ ਸਾਈਡ ’ਤੇ ਖ਼ਾਲੀ ਪਲਾਟ ’ਚ ਏਜੰਸੀ ਦੇ ਦਫ਼ਤਰ ਵੱਲ ਜਾਣ ਲਈ ਇਕ ਪੌੜੀ ਲੱਗੀ ਵੀ ਪੁਲਸ ਨੂੰ ਮਿਲੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅਚਾਨਕ ਬਦਲਿਆ ਮੌਸਮ, ਦੁਪਹਿਰੇ ਚੱਲੀ Heat Wave ਤਾਂ ਸ਼ਾਮ ਹੁੰਦੇ ਹੀ...
ਇਸ ਲਈ ਲੁਟੇਰਿਆਂ ਨੇ ਅੰਦਰ ਦਾਖ਼ਲ ਹੋਣ ਲਈ ਇਨ੍ਹਾਂ ਰਸਤਿਆਂ ਦੀ ਵਰਤੋਂ ਕੀਤੀ। ਪੁਲਸ ਨੂੰ ਸ਼ੱਕ ਹੈ ਕਿ ਜਿਸ ਹਿਸਾਬ ਨਾਲ ਲੁੱਟਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਕੰਪਨੀ ਦੇ ਹੀ ਕਿਸੇ ਮੁਲਾਜ਼ਮ ਦੀ ਮਿਲੀ-ਭੁਗਤ ਹੋ ਸਕਦੀ ਹੈ। ਲੁੱਟ ਤੋਂ ਪਹਿਲਾਂ ਲੁਟੇਰਿਆਂ ਕੋਲ ਕੰਪਨੀ ਦੇ ਸਕਿਓਰਿਟੀ ਸਿਸਟਮ ਦੀ ਸਾਰੀ ਜਾਣਕਾਰੀ ਸੀ। ਸੈਂਸਰ ਦੀ ਤਾਰ ਕੱਟਣ ਤੋਂ ਬਾਅਦ ਆਸਾਨੀ ਨਾਲ ਲੁਟੇਰੇ ਦਫ਼ਤਰ ਦੇ ਅੰਦਰ ਦਾਖ਼ਲ ਹੋਏ ਅਤੇ ਹਥਿਆਰਾਂ ਨਾਲ ਲੈਸ ਸਕਿਓਰਿਟੀ ਗਾਰਡਾਂ ਨੂੰ ਆਸਾਨੀ ਨਾਲ ਬੰਦੀ ਬਣਾ ਕੇ ਅਦੰਰ ਤੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਹਾਸਲ ਕਰ ਲਿਆ। ਇਸ ਤੋਂ ਬਾਅਦ ਜਿੱਥੇ ਕੈਸ਼ ਪਿਆ ਸੀ, ਉੱਥੇ ਪੁੱਜੇ ਅਤੇ ਕੈਸ਼ ਚੁੱਕ ਕੇ ਕੈਸ਼ ਵੈਨ 'ਚ ਲੈ ਗਏ। ਵੈਨ 'ਚ ਕੈਸ਼ ਲੈ ਕੇ ਮੁਲਜ਼ਮ ਬਹੁਤ ਹੀ ਆਸਾਨੀ ਨਾਲ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨਾਲ ਅਗਲੇ ਹਫ਼ਤੇ ਮੁਲਾਕਾਤ ਕਰ ਸਕਦੇ ਨੇ ਲੁਧਿਆਣਾ ਦੇ ਸਾਰੇ ਵਿਧਾਇਕ
ਅਨਸੇਫ ਦੱਸੇ ਜਾਣ ਦੇ ਬਾਵਜੂਦ 2 ਸਾਲ ਤੋਂ ਚੱਲ ਰਿਹਾ ਸੀ ਦਫ਼ਤਰ
ਪੁਲਸ ਦੀ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਕਿ ਕੰਪਨੀ ਦਾ ਦਫ਼ਤਰ ਪਹਿਲਾਂ ਫਿਰੋਜ਼ਗਾਂਧੀ ਮਾਰਕੀਟ 'ਚ ਸੀ। ਉਥੋਂ ਕੰਪਨੀ ਨੇ ਦਫ਼ਤਰ ਸ਼ਿਫਟ ਕਰਨਾ ਸੀ। ਇਸ ਲਈ ਰਾਜਗੁਰੂ ਨਗਰ ਸਥਿਤ ਇਸ ਦਫ਼ਤਰ ਨੂੰ ਦੇਖਿਆ ਗਿਆ ਸੀ। ਇਹ ਦਫ਼ਤਰ ਲੈਣ ਤੋਂ ਪਹਿਲਾਂ ਕੰਪਨੀ ਦੇ ਟੈਕਨੀਕਲ ਵਿਭਾਗ ਦੀ ਵਿਜ਼ੀਟ ਹੋਈ ਸੀ ਪਰ ਟੈਕਨੀਕਲ ਵਿਭਾਗ ਵੱਲੋਂ ਕੈਸ਼ ਦੀ ਸੁਰੱਖਿਆ ਸਬੰਧੀ ਇਸ ਦਫ਼ਤਰ ਨੂੰ ਅਨਸੇਫ ਡਿਕਲੇਅਰ ਕਰ ਦਿੱਤਾ ਗਿਆ ਸੀ, ਜੋ ਕਿ ਵਿਭਾਗ ਵੱਲੋਂ ਲਿਖ਼ਤੀ ਵਿਚ ਵੀ ਦਿੱਤਾ ਗਿਆ ਸੀ। ਬਾਵਜੂਦ ਇਸ ਦੇ ਦਫ਼ਤਰ ਨੂੰ ਰਾਜਗੁਰੂ ਨਗਰ 'ਚ ਸ਼ਿਫਟ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਦੱਸ ਦੇਈਏ ਕਿ ਇਸ ਜਗ੍ਹਾ ’ਤੇ ਸਿਰਫ ਇਕ ਹੀ ਨਹੀਂ, ਸਗੋਂ ਦੋ ਏਜੰਸੀਆਂ ਦੇ ਦਫ਼ਤਰ ਚੱਲ ਰਹੇ ਸਨ, ਜਿਸ ਵਿਚੋਂ ਇਕ ਸੀ. ਐੱਮ. ਐੱਸ. ਕੰਪਨੀ ਹੈ, ਦੂਜੀ ਕੰਪਨੀ ਸਾਲਟ ਸਕਿਓਰਿਟੀ ਹੈ, ਜੋ ਕੈਸ਼ ਕੈਰੀ ਕਰਨ ਦੇ ਨਾਲ-ਨਾਲ ਸੁਰੱਖਿਆ ਦਾ ਜਿੰਮਾ ਵੀ ਸੰਭਾਲਦੀ ਹੈ। ਦੋਵੇਂ ਦਫ਼ਤਰ ਪਹਿਲਾਂ ਵੱਖ-ਵੱਖ ਸਨ ਪਰ ਕੰਪਨੀ ਨੇ ਦੋਹਾਂ ਨੂੰ ਮਰਜ਼ ਕਰ ਦਿੱਤਾ ਅਤੇ ਇਕ ਹੀ ਜਗ੍ਹਾ ਦਫ਼ਤਰ ਬਣਾ ਲਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ 7 ਕਰੋੜ ਦੀ ਲੁੱਟ ਦੀ Exclusive ਵੀਡੀਓ ਆਈ ਸਾਹਮਣੇ, ਦੇਖੋ ਕਿਵੇਂ ਫ਼ਰਾਰ ਹੋਏ ਲੁਟੇਰੇ
300 ਤੋਂ ਵੱਧ ਮੁਲਾਜ਼ਮ, 35 ਦੇ ਕਰੀਬ ਹਨ ਕੈਸ਼ ਵੈਨਾਂ
ਦੋਵੇਂ ਕੰਪਨੀਆਂ ਦੇ ਕੁੱਲ ਮਿਲਾ ਕੇ 300 ਤੋਂ ਵੱਧ ਮੁਲਾਜ਼ਮ ਇੱਥੇ ਕੰਮ ਕਰਦੇ ਹਨ। ਇਨ੍ਹਾਂ ਕੋਲ 35 ਦੇ ਕਰੀਬ ਕੈਸ਼ ਵੈਨਾਂ ਹਨ, ਜੋ ਕੈਸ਼ ਕੈਰੀ ਕਰਦੀਆਂ ਹਨ। ਰੋਜ਼ਾਨਾ ਮੁਲਾਜ਼ਮਾਂ ਨੂੰ ਵੱਖ-ਵੱਖ ਰੂਟਾਂ ’ਤੇ ਭੇਜਿਆ ਜਾਂਦਾ ਹੈ ਪਰ ਸੁਰੱਖਿਆ ਦੇ ਲਿਹਾਜ਼ ਨਾਲ ਕਿਸੇ ਵੀ ਮੁਲਾਜ਼ਮ ਨੂੰ ਮੁੜ ਸੇਮ ਰੂਟ ’ਤੇ ਨਹੀਂ ਭੇਜਿਆ ਜਾਂਦਾ। ਕੰਪਨੀ ਦੇ ਦਫ਼ਤਰ ’ਚ ਸਵੇਰ ਦੀ ਸ਼ਿਫਟ 'ਚ 6 ਵਿਅਕਤੀ ਏ. ਟੀ. ਐੱਮ. ’ਚ ਕੈਸ਼ ਵਾਲੀ ਕੈਸਟ 'ਚ ਨਕਦੀ ਭਰਦੇ ਸਨ, ਰਾਤ ਨੂੰ 6 ਮੁਲਾਜ਼ਮ ਕੰਮ ਕਰਦੇ ਸਨ ਪਰ ਹੁਣ ਤਿੰਨ ਮੁਲਾਜ਼ਮ ਹੀ ਕੰਮ ਕਰ ਰਹੇ ਸਨ, ਜੋ ਟੀਮਾਂ ਏ. ਟੀ. ਐੱਮ. 'ਚ ਕੈਸ਼ ਭਰਨ ਜਾਂਦੀਆਂ ਸਨ, ਉਹ ਖਾਲੀ ਕੈਸਟ ਕੱਢ ਕੇ ਲਿਆਉਂਦੀਆਂ ਸਨ ਅਤੇ ਨਕਦੀ ਨਾਲ ਭਰੀਆਂ ਕੈਸਟਾਂ ਲਾ ਆਉਂਦੀਆਂ ਸਨ।
ਗੱਡੀ ਚੁੱਕਣੀ ਸੀ ਕੋਈ ਹੋਰ, ਗਲਤੀ ਨਾਲ ਲੈ ਗਏ ਕੋਈ ਹੋਰ
ਸੂਤਰ ਦੱਸਦੇ ਹਨ ਕਿ ਲੁਟੇਰਿਆਂ ਨੂੰ ਪੂਰੀ ਜਾਣਕਾਰੀ ਸੀ ਕਿ ਕੰਪਨੀ ਦੇ ਦਫ਼ਤਰ 'ਚ ਕੈਸ਼ ਕਿੱਥੇ ਹੁੰਦਾ ਹੈ ਅਤੇ ਕਿੰਨਾ ਹੁੰਦਾ ਹੈ। ਕੰਪਨੀ ਕਰੋੜਾਂ ਰੁਪਏ ਰੋਜ਼ਾਨਾ ਲੈ ਕੇ ਜਾਂਦੀ ਹੈ ਅਤੇ ਲੈ ਕੇ ਆਉਂਦੀ ਹੈ। ਸੂਤਰਾਂ ਮੁਤਾਬਕ ਜਿੰਨੀਆਂ ਗੱਡੀਆਂ ਕੰਪਨੀ ਦੇ ਦਫ਼ਤਰ 'ਚ ਖੜ੍ਹੀਆਂ ਸਨ, ਉਨ੍ਹਾਂ ਵਿਚੋਂ ਇਕ ਗੱਡੀ ਕੈਸ਼ ਨਾਲ ਭਰੀ ਹੋਈ ਸੀ, ਜਿਸ 'ਚ ਲੁੱਟ ਦੀ ਨਕਦੀ ਤੋਂ ਤਿੰਨ ਗੁਣਾ ਜ਼ਿਆਦਾ ਨਕਦੀ ਸੀ। ਪਤਾ ਲੱਗਾ ਹੈ ਕਿ ਲੁਟੇਰੇ ਉਸ ਕੈਸ਼ ਵੈਨ ਨੂੰ ਲੁੱਟਣ ਲਈ ਆਏ ਸਨ ਪਰ ਗਲਤੀ ਨਾਲ ਦੂਜੀ ਵੈਸ਼ ਵੈਨ ਚੁੱਕ ਕੇ ਲੈ ਗਏ, ਜਿਸ 'ਚ ਸਿਰਫ ਤਿੰਨ ਕਰੋੜ ਰੁਪਏ ਪਏ ਸਨ। ਲੁਟੇਰਿਆਂ ਨੂੰ ਰਾਤ ਦੇ ਹਨ੍ਹੇਰੇ 'ਚ ਉਕਤ ਗੱਡੀ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਇਹ ਵੀ ਦੱਸਦੇ ਹਨ ਕਿ ਲੁਟੇਰਿਆਂ ਨੇ ਦਫ਼ਤਰ ਤੋਂ 4 ਕਰੋੜ ਰੁਪਏ ਲੁੱਟੇ ਸਨ, ਜਦੋਂ ਕਿ ਬਾਕੀ ਤਿੰਨ ਕਰੋੜ ਗੱਡੀ 'ਚ ਹੀ ਪਏ ਸਨ।
ਦਫ਼ਤਰ ਵਿਚ ਦੋ ਸੁਰੱਖਿਆ ਗਾਰਡ, ਬਾਕੀ ਤਿੰਨ ਹੋਰ ਮੁਲਾਜ਼ਮ ਸਨ
ਏਜੰਸੀ ਦੇ ਦਫ਼ਤਰ ਦੇ ਅੰਦਰ ਰਾਤ ਨੂੰ 2 ਸੁਰੱਖਿਆ ਗਾਰਡ ਸਨ। ਸੁਖਵਿੰਦਰ ਸੰਧੂ ਅਤੇ ਹਰੀਸ਼ ਸ਼ਰਮਾ 12 ਬੋਰ ਦੀ ਦੋਨਾਲੀ ਦੇ ਨਾਲ ਮੌਜੂਦ ਸਨ, ਜਦਕਿ ਉਨ੍ਹਾਂ ਨਾਲ ਤਿੰਨ ਨੌਜਵਾਨ ਹੋਰ ਡਿਊਟੀ ’ਤੇ ਸਨ। ਰਾਤ ਨੂੰ ਲੁਟੇਰਿਆਂ ਨੇ ਅੰਦਰ ਆਉਂਦੇ ਹੀ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫੜ੍ਹਿਆ ਅਤੇ ਉਨ੍ਹਾਂ ਦੇ ਹਥਿਆਰ ਕਬਜ਼ੇ 'ਚ ਲੈ ਲਏ। ਇਸ ਤੋਂ ਬਾਅਦ ਬਾਕੀ ਤਿੰਨ ਨੂੰ ਬੰਦੀ ਬਣਾ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ 5 ਮੁਲਾਜ਼ਮਾਂ ਦੇ ਮੋਬਾਇਲ ਤੋੜ ਦਿੱਤੇ। ਸੁਰੱਖਿਆ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵਾਰਦਾਤ ਕਰਨ ਆਏ ਲੁਟੇਰਿਆਂ 'ਚ ਇਕ ਦੀ ਆਵਾਜ਼ ਔਰਤ ਦੀ ਸੀ। ਇਸ ਲਈ ਲੁਟੇਰਿਆਂ 'ਚ ਇਕ ਔਰਤ ਵੀ ਸ਼ਾਮਲ ਸੀ, ਜਦੋਂਕਿ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸੁਰੱਖਿਆ ਗਾਰਡ ਦੇ ਕਬਜ਼ੇ 'ਚ ਲਏ 12 ਬੋਰ ਦੇ ਹਥਿਆਰ ਗੱਡੀ ਦੇ ਅੰਦਰ ਹੀ ਛੱਡ ਦਿੱਤੇ ਸਨ, ਜੋ ਪੁਲਸ ਨੂੰ ਗੱਡੀ ਦੇ ਨਾਲ ਹੀ ਬਰਾਮਦ ਹੋ ਗਏ ਹਨ।
ਵਰਕਰਾਂ ਨੇ ਲੁਟੇਰਿਆਂ ਦੇ ਜਾਣ ਤੋਂ ਢਾਈ ਘੰਟੇ ਬਾਅਦ ਕੀਤਾ ਪੁਲਸ ਨੂੰ ਸੂਚਿਤ
ਡੇਢ ਵਜੇ ਲੁਟੇਰੇ ਦਫ਼ਤਰ 'ਚ ਦਾਖ਼ਲ ਹੋਏ ਸਨ, ਲੁਟੇਰੇ ਦਫ਼ਤਰ ਦੇ ਅੰਦਰ ਢਾਈ ਤੋਂ ਤਿੰਨ ਘੰਟੇ ਤੱਕ ਰਹੇ। ਇਸ ਦੌਰਾਨ ਸੁਰੱਖਿਆ ਗਾਰਡ ਨੇ ਉਨ੍ਹਾਂ ਦਾ ਮੁਕਾਬਲਾ ਤੱਕ ਕਰਨ ਦਾ ਯਤਨ ਨਹੀਂ ਕੀਤਾ। ਮੁਲਜ਼ਮ ਤੜਕੇ ਕਰੀਬ ਚਾਰ ਵਜੇ ਕੈਸ਼ ਵੈਨ ਨਾਲ ਫ਼ਰਾਰ ਹੋਏ ਸਨ ਪਰ ਲੁਟੇਰਿਆਂ ਦੇ ਜਾਣ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਗਈ। ਏਜੰਸੀ ਮੁਲਾਜ਼ਮਾਂ ਨੇ ਕਰੀਬ ਢਾਈ ਘੰਟੇ ਬਾਅਦ ਜਾ ਕੇ ਪੁਲਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ, ਜਿਸ ਕਾਰਨ ਪੁਲਸ ਉਨ੍ਹਾਂ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ