ਲੁਧਿਆਣਾ ''ਚ ਵੋਟਾਂ ਦੀ ਗਿਣਤੀ ਸ਼ੁਰੂ, ਧੱਕ-ਧੱਕ ਕਰ ਰਿਹੈ ਉਮੀਦਵਾਰਾਂ ਦਾ ਦਿਲ

05/23/2019 8:39:54 AM

ਲੁਧਿਆਣਾ (ਮਹਿੰਦਰੂ) : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਇਕ ਲੁਧਿਆਣਾ ਲੋਕ ਸਭਾ ਸੀਟ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਸੀਟ 'ਤੇ ਕਾਂਗਰਸ ਵਲੋਂ ਰਵਨੀਤ ਸਿੰਘ ਬਿੱਟੂ ਚੋਣਾਂ ਲੜ ਰਹੇ ਹਨ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਅਕਾਲੀ-ਭਾਜਪਾ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਆਮ ਆਦਮੀ ਪਾਰਟੀ ਦੇ ਪ੍ਰੋ. ਤੇਜਪਾਲ ਸਿੰਘ ਗਿੱਲ ਖੜ੍ਹੇ ਹੋਏ ਹਨ, ਜਦੋਂ ਕਿ ਪੀ. ਡੀ. ਏ. ਵਲੋਂ ਸਿਮਰਜੀਤ ਸਿੰਘ ਬੈਂਸ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਸੀਟ 'ਤੇ ਸੱਤਵੇਂ ਗੇੜ 'ਚ 19 ਮਈ ਨੂੰ ਵੋਟਾਂ ਪਈਆਂ ਸਨ ਅਤੇ 62 ਫੀਸਦੀ ਵੋਟਿੰਗ ਹੋਈ ਸੀ।
ਸੀਟ ਅੰਦਰ 9 ਵਿਧਾਨ ਸਭਾ ਹਲਕੇ
ਲੁਧਿਆਣਾ ਲੋਕ ਸਭਾ ਸੀਟ ਅਧੀਨ 9 ਹਲਕੇ ਪੈਂਦੇ ਹਨ, ਜਿਨ੍ਹਾਂ 'ਚ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਆਤਮ ਨਗਰ, ਲੁਧਿਆਣਾ ਸੈਂਟਰਲ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਗਿੱਲ, ਦਾਖਾਂ ਅਤੇ ਜਗਰਾਓਂ ਸ਼ਾਮਲ ਹਨ।
ਸੀਟ ਦਾ ਇਤਿਹਾਸ
ਲੁਧਿਆਣਾ ਲੋਕ ਸਭਾ ਸੀਟ ਜਨਰਲ ਲਈ ਰਾਖਵੀਂ ਹੈ। ਇਹ ਇਕ ਅਰਬਨ ਸੰਸਦੀ ਹਲਕਾ ਹੈ। ਸੀਟ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੋਂ 1957 'ਚ ਕਾਂਗਰਸ ਦੇ ਬਹਾਦਰ ਸਿੰਘ ਨੇ ਜਿੱਤ ਹਾਸਲ ਕੀਤੀ ਸੀ। 1962 'ਚ ਏ. ਡੀ. ਦੇ ਕਪੂਰ ਸਿੰਘ, 1967 ਅਤੇ 1971 'ਚ ਕਾਂਗਰਸ ਦੇ ਦਵਿੰਦਰ ਸਿੰਘ, 1977 'ਚ ਅਕਾਲੀ ਦਲ ਦੇ ਜਗਦੇਵ ਸਿੰਘ, 1980 'ਚ ਕਾਂਗਰਸ ਦੇ ਦਵਿੰਦਰ ਸਿੰਘ, 1985 ਅਕਾਲੀ ਦਲ ਦੇ ਮੇਵਾ ਸਿੰਘ, 1989 'ਚ ਅਕਾਲੀ ਦਲ (ਐੱਮ.) ਦੀ ਰਾਜਿੰਦਰ ਕੌਰ, 1992 'ਚ ਕਾਂਗਰਸ ਦੇ ਗੁਰਚਰਨ ਸਿੰਘ, 1996 ਅਤੇ 1998 'ਚ ਅਕਾਲੀ ਦਲ ਦੇ ਅਮਰੀਕ ਸਿੰਘ, 1999 'ਚ ਕਾਂਗਰਸ ਦੇ ਗੁਰਚਰਨ ਸਿੰਘ, 2004 'ਚ ਸ਼ਰਨਜੀਤ ਸਿੰਘ ਅਤੇ 2009 'ਚ ਕਾਂਗਰਸ ਦੇ ਮਨੀਸ਼ ਤਿਵਾੜੀ ਨੇ ਕਬਜ਼ਾ ਕੀਤਾ ਸੀ। 
2014 'ਚ ਜਿੱਤੇ ਸੀ ਰਵਨੀਤ ਬਿੱਟੂ
ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੂੰ 3,00,459 ਵੋਟਾਂ ਮਿਲੀਆਂ ਸਨ। ਇੱਥੋਂ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ 2,80,750 ਵੋਟਾਂ ਨਾਲ ਦੂਜੇ ਨੰਬਰ 'ਤੇ ਰਹੇ ਸਨ। 


Babita

Content Editor

Related News