ਜਾਣੋ ਲੁਧਿਆਣਾ ਲੋਕ ਸਭਾ ਸੀਟ ਦਾ ਇਤਿਹਾਸ
Sunday, Jan 20, 2019 - 02:22 PM (IST)

ਲੁਧਿਆਣਾ: ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਭਾਵੇਂ ਚੋਣ ਕਮਿਸ਼ਨ ਵਲੋਂ ਅਜੇ ਤਕ ਚੋਣ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਬਾਵਜੂਦ ਇਸ ਦੇ ਸਾਰੀਆਂ ਪਾਰਟੀਆਂ ਨੇ ਆਪੋ-ਆਪਣੇ ਪੱਧਰ 'ਤੇ ਚੋਣ ਸਰਗਰਮੀਆਂ ਵਿੱਢ ਦਿੱਤੀਆਂ ਗਈਆਂ ਹਨ। ਜੇਕਰ ਗੱਲ ਕੀਤੀ ਜਾਵੇ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਇਸ ਸੀ ਸੀਟ 'ਤੇ ਕਿਸੇ ਇਕ ਪਾਰਟੀ ਦਾ ਦਬਦਬਾ ਦੇਖਣ ਨੂੰ ਨਹੀਂ ਮਿਲਿਆ ਹੈ। ਹੁਣ ਤਕ ਹੋਈਆਂ 15 ਲੋਕ ਸਭਾ ਚੋਣਾਂ ਵਿਚ ਇਥੇ 8 ਵਾਰ ਕਾਂਗਰਸ ਜਿੱਤ ਚੁੱਕੀ ਹੈ ਜਦਕਿ 6 ਵਾਰ ਅਕਾਲੀ ਦਲ ਇਸ ਸੀਟ 'ਤੇ ਜਿੱਤ ਦਰਜ ਕਰਵਾ ਚੁੱਕਾ ਹੈ। ਇਸ ਤੋਂ ਇਲਾਵਾ ਇਕ ਵਾਰ ਅਕਾਲੀ ਦਲ (ਅੰਮ੍ਰਿਤਸਰ) ਵੀ ਇਸ ਸੀਟ 'ਤੇ ਜਿੱਤ ਦਾ ਝੰਡਾ ਲਹਿਰਾ ਚੁੱਕਾ ਹੈ।
ਕੀ ਹੈ ਲੁਧਿਆਣਾ ਸੀਟ ਦਾ ਇਤਿਹਾਸ -
ਜੇਕਰ ਗੱਲ ਕਰੀਏ ਲੁਧਿਆਣਾ ਲੋਕ ਸਭਾ ਸੀਟ ਦੇ ਇਤਿਹਾਸ ਬਾਰੇ ਤਾਂ ਹੁਣ ਮੌਜੂਦਾ ਸਮੇਂ 'ਚ ਰਵਨੀਤ ਸਿੰਘ ਬਿੱਟੂ (ਕਾਂਗਰਸ) ਲੋਕ ਸਭਾ ਸੀਟ 'ਤੇ ਹਨ, ਜਿਨ੍ਹਾਂ ਨੇ ਸਾਲ 2014 ਦੌਰਾਨ ਤ੍ਰਿਕੋਣੇ ਮੁਕਾਬਲੇ 'ਚੋਂ 19,709 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਹ ਤ੍ਰਿਕੋਣਾ ਮੁਕਾਬਲਾ ਰਵਨੀਤ ਸਿੰਘ ਬਿੱਟੂ (ਕਾਂਗਰਸ) ਅਤੇ ਮਨਪ੍ਰੀਤ ਸਿੰਘ ਇਯਾਲੀ (ਸ਼੍ਰੋਮਣੀ ਅਕਾਲੀ ਦਲ) ਸਮੇਤ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਹਰਵਿੰਦਰ ਸਿੰਘ ਫੂਲਕਾ 'ਚ ਹੋਇਆ ਸੀ। ਚੋਣ ਮੈਦਾਨ 'ਚ ਰਵਨੀਤ ਸਿੰਘ ਬਿੱਟੂ ਨੂੰ 3,00,459 ਵੋਟਾਂ, ਮਨਪ੍ਰੀਤ ਸਿੰਘ ਇਯਾਲੀ ਨੂੰ 2,56,590 ਵੋਟਾਂ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ 2,80,750 ਵੋਟਾਂ ਮਿਲੀਆਂ ਸਨ। ਇਸੇ ਤਰ੍ਹਾ 2009 ਦੀਆਂ ਲੋਕ ਸਭਾ ਚੋਣਾਂ 'ਚ ਮੁਨੀਸ਼ ਤਿਵਾੜੀ (ਕਾਂਗਰਸ) ਨੇ 1,13,706 ਵੋਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਜਿਨ੍ਹਾਂ ਦੇ ਹਿੱਸੇ 4,49,264 ਵੋਟਾਂ ਆਈਆ ਸਨ। ਦੂਜੇ ਪਾਸੇ ਵਿਰੋਧੀ ਪਾਰਟੀ 'ਚ ਗੁਰਚਰਨ ਸਿੰਘ ਗਾਲਿਬ (ਸ਼੍ਰੋਮਣੀ ਅਕਾਲੀ ਦਲ) ਨੂੰ 3,35,558 ਵੋਟਾਂ ਮਿਲੀਆਂ ਸਨ।
ਲੁਧਿਆਣਾ ਲੋਕ ਸਭਾ 'ਚ ਵਿਧਾਨ ਸਭਾ ਹਲਕੇ ਅਤੇ ਅਬਾਦੀ ਦਾ ਵੇਰਵਾ-
ਲੁਧਿਆਣਾ ਲੋਕ ਸਭਾ 'ਚ 14 ਵਿਧਾਨ ਸਭਾ ਦੇ ਹਲਕੇ ਹਨ, ਜਿਨ੍ਹਾਂ 'ਚ ਲੁਧਿਆਣਾ ਪੂਰਬੀ, ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ, ਲੁਧਿਆਣਾ ਦੱਖਣੀ, ਲੁਧਿਆਣਾ ਕੇਂਦਰੀ, ਆਤਮਾ ਨਗਰ, ਗਿੱਲ, ਦਾਖਾ, ਜਗਰਾਓ, ਪਾਇਲ, ਸਾਹਨੇਵਾਲ, ਰਾਏਕੋਟ, ਸਮਰਾਲਾ ਅਤੇ ਖੰਨਾ ਸ਼ਾਮਿਲ ਹਨ। ਇਸ ਤੋਂ ਇਲਾਵਾ ਪੇਂਡੂ ਅਤੇ ਸ਼ਹਿਰੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪੇਂਡੂ ਆਬਾਦੀ 27 ਫੀਸਦੀ ਅਤੇ ਸ਼ਹਿਰੀ ਆਬਾਦੀ 73 ਫੀਸਦੀ ਹੈ। ਲੁਧਿਆਣਾ ਲੋਕ ਸਭਾ ਹਲਕੇ 'ਚ ਸਭ ਤੋਂ ਵੱਧ ਸਿੱਖ ਵੋਟਰ ਹਨ, ਜਿਨ੍ਹਾਂ ਦੀ ਗਿਣਤੀ 50-55 ਫੀਸਦੀ ਹੈ।