ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ, 228 ਨਵੇਂ ਮਾਮਲਿਆਂ ਦੀ ਪੁਸ਼ਟੀ, 9 ਦੀ ਮੌਤ

08/03/2020 7:30:54 PM

ਲੁਧਿਆਣਾ,(ਨਰਿੰਦਰ/ਸਹਿਗਲ) : ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ ਅਤੇ ਦਿਨ-ਬ-ਦਿਨ ਸੈਂਕੜੇ ਤੋਂ ਵੀ ਵੱਧ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਕਾਰਨ ਜ਼ਿਲ੍ਹੇ ਦੇ ਲੋਕ ਤੇ ਸਿਹਤ ਵਿਭਾਗ ਦੀ ਚਿੰਤਾ ਵੀ ਵੱਧਦੀ ਜਾ ਰਹੀ ਹੈ। ਅੱਜ ਜ਼ਿਲ੍ਹੇ 'ਚ ਕੋਰੋਨਾ ਦੇ ਨਵੇਂ 228 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ 211 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ 9 ਲੋਕਾਂ ਦੀ ਕੋਰੋਨਾ ਕਾਰਨ ਮੌਤ ਜਾਣ ਦੀ ਵੀ ਖਬਰ ਹੈ।

ਜਾਣਕਾਰੀ ਮੁਤਾਬਕ ਸਿਵਲ ਸਰਜਨ ਲੁਧਿਆਣਾ ਡਾ. ਰਜੇਸ਼ ਕੁਮਾਰ ਬੱਗਾ ਨੇ ਕੋਵਿਡ-19 (ਕੋਰੋਨਾ ਵਾਇਰਸ ਬਿਮਾਰੀ) ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅੰਦਰ ਅੱਜ ਤਕ 65721 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਅੱਜ ਪੈਡਿੰਗ ਰਿਪੋਰਟਾਂ 'ਚ 148 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਹੈ, ਜਿਨ੍ਹਾਂ 'ਚੋਂ 143 ਜ਼ਿਲਾ ਲੁਧਿਆਣਾ, ਜ਼ਿਲ੍ਹਾ ਜਲੰਧਰ, ਗੁਰਦਾਸਪੁਰ, ਰੋਪੜ, ਸੰਗਰੂਰ ਅਤੇ ਜ਼ਿਲ੍ਹਾ ਫਤਿਹਗੜ੍ਹ ਨਾਲ 1-1 ਮਰੀਜ਼ ਸਬੰਧਿਤ ਹੈ।
ਉਥੇ ਹੀ ਜ਼ਿਲ੍ਹਾ ਲੁਧਿਆਣਾ ਦੇ ਕੋਰੋਨਾ ਪਾਜ਼ੇਟਿਵ ਕੇਸ ਜੋ ਕਿ ਤਹਿਸੀਲ ਜਗਰਾਓਂ 'ਚ 6, ਤਹਿਸੀਲ ਰਾਏਕੋਟ 'ਚ 6, ਤਹਿਸੀਲ ਸਮਰਾਲਾ 'ਚ 2, ਤਹਿਸੀਲ ਖੰਨਾ 'ਚ 5, ਤਹਿਸੀਲ ਪਾਇਲ 'ਚ 1, ਤਹਿਸੀਲ ਪੂਰਬੀ 'ਚ 82 ਅਤੇ ਤਹਿਸੀਲ ਪੱਛਮੀ 'ਚ 41 ਹਨ। ਇਸ ਤੋਂ ਇਲਾਵਾ ਅੱਜ 80 ਕੋਰੋਨਾ ਪਾਜ਼ੇਟਿਵ ਕੇਸ ਜਿਨ੍ਹਾਂ ਦੀ ਰਿਪੋਰਟ ਪ੍ਰਾਈਵੇਟ ਹਸਪਤਾਲ ਅਤੇ ਲੈਬਾਰੇਟਰੀ ਤੋਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 68 ਜ਼ਿਲ੍ਹਾ ਲੁਧਿਆਣਾ, 2 ਜ਼ਿਲ੍ਹਾ ਬਰਨਾਲਾ, 1 ਜ਼ਿਲ੍ਹਾ ਸੰਗਰੂਰ, 1 ਜ਼ਿਲ੍ਹਾ ਮੋਗਾ, 1 ਜ਼ਿਲ੍ਹਾ ਗੁਰਦਾਸਪੁਰ, 1 ਜ਼ਿਲਾ ਜਲੰਧਰ, 1 ਰਾਜ ਬਿਹਾਰ, 1 ਰਾਜ ਹਿਮਾਚਲ, 1 ਉਤਰਾਖੰਡ ਅਤੇ 3 ਜੰਮੂ-ਕਸ਼ਮੀਰ ਨਾਲ ਸਬੰਧਿਤ ਹਨ।

ਜ਼ਿਲ੍ਹਾ ਲੁਧਿਆਣਾ ਦੇ ਕੋਰੋਨਾ ਪਾਜ਼ੇਟਿਵ ਕੇਸ ਜੋ ਕਿ ਤਹਿਸੀਲ ਜਗਰਾਓਂ 'ਚ 1 ਤਹਿਸੀਲ ਰਾਏਕੋਟ 'ਚ 1, ਪੂਰਬੀ 'ਚ 30 ਅਤੇ ਤਹਿਸੀਲ ਪੱਛਮੀ 'ਚ 36 ਹਨ। ਇਸ ਤਰ੍ਹਾਂ ਅੱਜ ਜ਼ਿਲ੍ਹਾ ਲੁਧਿਆਣਾ ਦੇ 211 ਕੋਰੋਨਾ ਪਾਜ਼ੇਟਿਵ ਕੇਸ ਹੋ ਗਏ ਹਨ। ਉਥੇ ਹੀ ਉਨ੍ਹਾਂ ਦੱਸਿਆ ਕਿ ਅੱਜ ਕੋਰੋਨਾ ਨਾਲ 9 ਮੌਤਾਂ ਦੀ ਪੁਸ਼ਟੀ ਹੋਈ ਹੈ ਜੋ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਹਨ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ 'ਚ ਹੁਣ ਤਕ ਕੋਰੋਨਾ ਕਾਰਨ 114 ਲੋਕਾਂ ਦੀ ਮੌਤ ਹੋ ਗਈ ਅਤੇ ਬਾਹਰਲੇ ਜ਼ਿਲ੍ਹਿਆਂ/ਸੂਬਿਆਂ ਦੀ ਮੌਤਾਂ ਦੀ ਗਿਣਤੀ 41 ਹੈ।

ਇਲੈਕਟਿਵ ਆਪ੍ਰੇਸ਼ਨ ਟਾਲਣ ਦੇ ਨਿਰਦੇਸ਼

ਸੂਬੇ ਦੇ ਪਰਿਵਾਰ ਭਲਾਈ ਵਿਭਾਗ ਦੇ ਸਿਹਤ ਨਿਰਦੇਸ਼ਕ ਨੇ ਇਕ ਪੱਤਰ ਲਿਖ ਕੇ ਸਾਰੇ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਇਲੈਕਟਿਵ ਅਾਪ੍ਰੇਸ਼ਨ ਪਾਉਣ ਦੇ ਨਿਰਦੇਸ਼ ਦਿੱਤੇ ਹਨ। ਪੱਤਰ ਵਿਚ ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦਿਨ-ਬ-ਦਿਨ ਪੈਰ ਪਸਾਰ ਰਹੀ ਹੈ। ਇਸ ਲਈ 15 ਦਿਨ ਲਈ ਸਰਕਾਰੀ ਹਸਪਤਾਲਾਂ ਵਿਚ ਇਲੈਕਟਿਵ ਆਪ੍ਰੇਸ਼ਨਾਂ ਨੂੰ ਟਾਲ ਦੇਣ ਪਰ ਐਮਰਜੈਂਸੀ ਵਿਚ ਆਏ ਕੇਸਾਂ ਅਤੇ ਕੋਰੋਨਾਂ ਦੇ ਕੇਸਾਂ ਨੂੰ ਪਹਿਲ ਦੇ ਆਧਾਰ ’ਤੇ ਬਿਨਾਂ ਰੁਕਾਵਟ ਇਲਾਜ ਦਿੱਤਾ ਜਾਵੇ। ਸਿਹਤ ਵਿਭਾਗ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਕੋਰੋਨਾ ਵਾਇਰਸ ਦੀ ਮਹਾਮਾਰੀ ਪੈਰ ਪਸਾਰ ਸਕਦੀ ਹੈ ਅਤੇ ਹਾਲਾਤ ਗੰਭੀਰ ਹੋ ਸਕਦੇ ਹਨ।

ਸਿਹਤ ਵਿਭਾਗ ਨੇ ਘਟਾਈ ਸੈਂਪਲਾਂ ਦੀ ਗਿਣਤੀ

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸੈਂਪਲਾਂ ਦੀ ਗਿਣਤੀ ਵਿਚ ਕਮੀ ਕੀਤੀ ਗਈ ਹੈ। ਹਾਲਾਂਕਿ ਪਿਛਲੇ ਕੁੱਝ ਦਿਨਾਂ ਵਿਚ ਕੁੱਝ ਨਵੇਂ ਸੈਂਟਰ ਬਣਾਏ ਗਏ ਹਨ, ਜਿੱਥੇ ਮਰੀਜ਼ਾਂ ਦੇ ਸੈਂਪਲ ਲੈਣ ਦੀ ਗੱਲ ਕੀਤੀ ਗਈ ਹੈ। ਅਜਿਹੇ ਵਿਚ ਸੈਂਪਲਾਂ ਦੀ ਗਿਣਤੀ ਪਹਿਲਾਂ ਤੋਂ ਵਧਣੀ ਚਾਹੀਦੀ ਹੈ। ਵਰਣਨਯੋਗ ਹੈ ਕਿ ਸੂਬੇ ਦੇ ਸਿਹਤ ਵਿਭਾਗ ਨੇ ਵੀ ਜ਼ਿਲੇ ਲਈ ਘੱਟ ਤੋਂ ਘੱਟ 1050 ਸੈਂਪਲ ਰੋਜ਼ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਕੁਲੈਕਸ਼ਨ ਸੈਂਟਰ ਵਧਣ ਦੇ ਬਾਵਜੂਦ ਇਨ੍ਹਾਂ ਦੀ ਗਿਣਤੀ ਵਿਚ ਕਮੀ ਕਰ ਦਿੱਤੀ ਗਈ ਹੈ। ਅੱਜ ਸਿਰਫ 640 ਸੈਂਪਲ ਜਾਂਚ ਲਈ ਭੇਜੇ ਗਏ ਹਨ।

ਮਰੀਜ਼ਾਂ ਦਾ ਬਿਓਰਾ ਦੇਣ ’ਤੇ ਰੋਕ

ਸਿਹਤ ਵਿਭਾਗ ਨੇ ਮਰੀਜ਼ਾਂ ਦਾ ਬਿਓਰਾ ਦੇਣ ’ਤੇ ਰੋਕ ਲਗਾ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਜ਼ ਦੇ ਕੇਸ ਵਧਣ ਕਾਰਨ ਹੁਣ ਇਹ ਸੰਭਵ ਨਹੀਂ ਕਿ ਹਰ ਮਰੀਜ਼ ਦਾ ਬਿਓਰਾ ਦਿੱਤਾ ਜਾਵੇ ਪਰ ਲੋਕਾਂ ਦਾ ਮੰਨਣਾ ਹੈ ਕਿ ਅਜਿਹੇ ਵਿਚ ਸਿਹਤ ਵਿਭਾਗ ਮਰੀਜ਼ਾਂ ਦੀ ਗਿਣਤੀ ਘੱਟ ਕਰ ਕੇ ਦਰਸਾ ਸਕਦਾ ਹੈ। 3 ਦਿਨ ਪਹਿਲਾਂ ਸਿਹਤ ਵਿਭਾਗ ਵੱਲੋਂ ਲਗਭਗ 60 ਨਵੇਂ ਮਰੀਜ਼ਾਂ ਦੇ ਆਉਣ ਦੀ ਗੱਲ ਕਹੀ ਗਈ ਸੀ, ਜਦੋਂ ਇੰਨੇ ਮਰੀਜ਼ ਦਯਾਨੰਦ ਹਸਪਤਾਲ ਤੋਂ ਹੀ ਸਾਹਮਣੇ ਆਏ ਸਨ।

2960 ਸੈਂਪਲਾਂ ਦੀ ਰਿਪੋਰਟ ਦਾ ਹੈ ਇੰਤਜ਼ਾਰ

ਸਿਹਤ ਵਿਭਾਗ ਵੱਲੋਂ ਭੇਜੀ ਜਾ ਰਹੀ ਸੈਂਪਲਾਂ ਦੀ ਰਿਪੋਰਟ ਵਿਚ ਕਈ ਦਿਨ ਲੱਗ ਰਹੇ ਹਨ, ਜਿਸ ਦਾ ਸਿੱਧਾ ਕਾਰਨ ਇਹੀ ਦੱਸਿਆ ਜਾ ਰਿਹਾ ਹੈ ਕਿ ਹਰ ਲੈਬ ਵਿਚ ਸੈਂਪਲਾਂ ਦੀ ਗਿਣਤੀ ਵਧ ਰਹੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਹੁਣ ਤੱਕ ਕੁੱਲ 65,721 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 62,761 ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿਚੋਂ 58,545 ਨਮੂਨੇ ਨੈਗੇਟਿਵ ਪਾਏ ਗਏ ਹਨ।

320 ਵਿਅਕਤੀਆਂ ਨੂੰ ਭੇਜਿਆ ਹੋਮ ਆਈਸੋਲੇਸ਼ਨ ’ਚ

ਡੀ. ਸੀ. ਵਰਿੰਦਰ ਸ਼ਰਮਾ ਮੁਤਾਬਕ ਜ਼ਿਲੇ ਵਿਚ ਹੁਣ ਤੱਕ 22,760 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ਵਿਚ ਏਕਾਂਤਵਾਸ ਰੱਖਿਆ ਗਿਆ ਹੈ, ਜਦੋਂਕਿ ਮੌਜੂਦਾ ਵਿਚ 4573 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਅੱਜ ਵੀ 320 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ।


Deepak Kumar

Content Editor

Related News