ਲੁਧਿਆਣਾ 'ਚ ਕੋਰੋਨਾ ਦਾ ਕਹਿਰ, 131 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਹੋਈ ਮੌਤ

Thursday, Jul 23, 2020 - 07:07 PM (IST)

ਲੁਧਿਆਣਾ 'ਚ ਕੋਰੋਨਾ ਦਾ ਕਹਿਰ, 131 ਨਵੇਂ ਮਾਮਲੇ ਆਏ ਸਾਹਮਣੇ ਤੇ 2 ਮਰੀਜ਼ਾਂ ਦੀ ਹੋਈ ਮੌਤ

ਲੁਧਿਆਣਾ,(ਸਹਿਗਲ /ਨਰਿੰਦਰ) - ਬੇਕਾਬੂ ਕੋਰੋਨਾ ਵਾਇਰਸ ਕਾਰਨ ਦੋ ਬਜ਼ੁਰਗ ਔਰਤਾਂ ਦੀ ਮੌਤ ਹੋ ਗਈ। ਦੋਵੇਂ ਔਰਤਾਂ ਐੱਸ. ਪੀ. ਐੱਸ. ਹਸਪਤਾਲ ’ਚ ਦਾਖਲ ਸਨ। ਇਨ੍ਹਾਂ ’ਚੋਂ ਇਕ 80 ਸਾਲਾਂ ਔਰਤ ਜਲੰਧਰ ਦੇ ਨਿਊ ਜਵਾਹਰ ਨਗਰ ਦੀ ਰਹਿਣ ਵਾਲੀ ਸੀ, ਜਦੋਂਕਿ ਦੂਜੀ 73 ਸਾਲਾ ਔਰਤ ਪਟਿਆਲਾ ਦੀ ਰਹਿਣ ਵਾਲੀ ਸੀ। ਇਸ ਤੋਂ ਇਲਾਵਾ ਜ਼ਿਲੇ ਦੇ ਵੱਖ-ਵੱਖ ਹਸਪਤਾਲਾਂ ’ਚ 131 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 120 ਮਰੀਜ਼ ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ 11 ਦੂਜੇ ਜ਼ਿਲਿਆਂ ਨਾਲ ਸਬੰਧਤ ਹੈ। ਹੁਣ ਤੱਕ ਮਹਾਨਗਰ ਵਿਚ 2170 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 51 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 345 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ ਅਤੇ ਜਿਨ੍ਹਾਂ ’ਚੋਂ 36 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਸ਼ਾਹਪੁਰ ਰੋਡ ਬਣੇਗਾ ਮਾਈਕ੍ਰੋ ਕੰਟੇਨਮੈਂਟ ਜ਼ੋਨ

ਇਕ ਕਾਂਗਰਸੀ ਨੇਤਾ ਸਮੇਤ ਉਸ ਦੇ 9 ਦੇ ਕਰੀਬ ਪਰਿਵਾਰਾਂ ਦੇ ਕੋਰੋਨਾ ਵਾਇਰਸ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਸ਼ਾਹਪੁਰ ਰੋਡ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਬਣਾਉਣ ਦਾ ਫੈਸਲਾ ਕਰ ਲਿਆ ਹੈ। ਜ਼ਿਲਾ ਮਲੇਰੀਆ ਅਫਸਰ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਇਲਾਕੇ ਨੂੰ ਸੀਲ ਕਰਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

54,113 ਵਿਅਕਤੀਆਂ ਦੀ ਹੋ ਚੁੱਕੀ ਜਾਂਚ

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਸ ਬੀਮਾਰੀ ਤੋਂ ਬਚਾਈ ਰੱਖਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿਚ ਹੁਣ ਤੱਕ ਕੁੱਲ 54,113 ਸੈਂਪਲ ਲਏ ਗਏ ਸਨ, ਜਿਨ੍ਹਾਂ ’ਚੋਂ 53,074 ਦੀ ਰਿਪੋਰਟ ਮਿਲੀ ਹੈ, ਜਿਸ ਵਿਚੋਂ 50,559 ਦੇ ਨਤੀਜੇ ਨੈਗੇਟਿਵ ਆਏ ਹਨ।

1039 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ

ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ 1039 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ 842 ਵਿਅਕਤੀਆਂ ਦੇ ਟੈਸਟ ਲੈ ਕੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 18,893 ਵਿਅਕਤੀਆਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ, ਜਦੋਂਕਿ ਮੌਜੂਦਾ ਸਮੇਂ ਵਿਚ 3152 ਵਿਅਕਤੀ ਏਕਾਂਤਵਾਸ ਹਨ। ਅੱਜ ਵੀ 345 ਵਿਅਕਤੀਆਂ ਨੂੰ ਘਰਾਂ ਵਿਚ ਏਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਯਤਨ ਕੀਤਾ ਜਾਂਦਾ ਹੈ ਕਿ ਜਦੋਂ ਵੀ ਕੋਈ ਵਿਅਕਤੀ ਸਬੰਧੀ ਕੋਵਿਡ-19 ਪੀੜਤ ਹੋਣ ਜਾਂ ਸ਼ੱਕ ਹੋਣ ਦਾ ਪਤਾ ਲਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜੇ ਵਿਚ ਹੈ। ਇਸੇ ਤਰ੍ਹਾਂ ਅੱਜ ਵੀ 842 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।

ਡੀ. ਸੀ. ਵਰਿੰਦਰ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬੀਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਨਾਂ ਵਿਅਕਤੀਆਂ ਨੂੰ ਵੀ ਬਚਾਉਣ ’ਚ ਮਦਦ ਕਰਨਗੇ।

3 ਪੁਲਸ ਮੁਲਾਜ਼ਮ ਵੀ ਆਏ ਪਾਜ਼ੇਟਿਵ

ਕੋਰੋਨਾ ਵਾਇਰਸ ਦੀ ਲਪੇਟ ’ਚ 3 ਪੁਲਸ ਮੁਲਾਜ਼ਮ ਵੀ ਆਏ ਹਨ। ਇਨ੍ਹਾਂ ਵਿਚੋਂ ਇਕ 54 ਸਾਲਾ ਏ. ਐੱਸ. ਆਈ. ਦੁਰਗਾਪੁਰੀ ਹੈਬੋਵਾਲ ਕਲਾਂ ਦਾ ਰਹਿਣ ਵਾਲਾ ਹੈ, ਜਦੋਂਕਿ ਦੂਜਾ 47 ਸਾਲਾ ਕਾਂਸਟੇਬਲ ਸ਼ਿਮਲਾਪੁਰੀ ਅਤੇ ਤੀਜਾ ਪੁਲਸ ਮੁਲਾਜ਼ਮ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦਾ ਰਹਿਣ ਵਾਲਾ ਹੈ।


author

Deepak Kumar

Content Editor

Related News