ਫਤਿਹਵੀਰ ਮਾਮਲੇ 'ਚ ਸਰਕਾਰ ਖਿਲਾਫ ਹਾਈਕੋਰਟ 'ਚ ਰਿੱਟ ਦਾਇਰ

06/12/2019 4:59:46 PM

ਲੁਧਿਆਣਾ (ਸਲੂਜਾ)— ਲੁਧਿਆਣਾ ਦੇ ਸਿੱਧਵਾਂ ਕਲਾਂ ਦੇ ਰਹਿਣ ਵਾਲੇ ਨੌਜਵਾਨ ਸਮਾਜ ਸੇਵੀ ਗੁਰਦੀਪ ਸਿੰਘ ਨੇ ਸੰਗਰੂਰ ਦੇ ਪਿੰਡ ਭਗਵਾਨਪੁਰ ਦੇ ਰਹਿਣ ਵਾਲੇ 2 ਸਾਲਾ ਬੱਚੇ ਫਤਿਹਵੀਰ ਸਿੰਘ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ ਹੋ ਜਾਣ ਦੇ ਮਾਮਲੇ 'ਚ ਹਾਈ ਕੋਰਟ 'ਚ ਪੰਜਾਬ ਸਰਕਾਰ ਦੇ ਖਿਲਾਫ ਰਿੱਟ ਦਾਇਰ ਕਰ ਦਿੱਤੀ ਹੈ।

ਮਾਣਯੋਗ ਜੱਜ ਅਵਨੀਸ਼ ਝਿੰਗਣ ਦੀ ਕੋਰਟ 'ਚ ਦਾਇਰ ਕੀਤੀ ਗਈ ਰਿੱਟ 'ਚ ਪੰਜਾਬ ਸਰਕਾਰ ਦੇ ਚੀਫ ਸੈਕਟਰੀ, ਹੋਮ ਸੈਕਟਰੀ ਤੇ ਸੰਗਰੂਰ ਦੇ ਡੀ.ਸੀ. ਨੂੰ ਪਾਰਟੀ ਬਣਾਇਆ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਦੇਰ ਸ਼ਾਮ ਹਾਈ ਕੋਰਟ ਦੇ ਵਕੀਲ ਫਰਿਆਦ ਸਿੰਘ ਵਿਰਕ ਨੇ ਦਿੰਦਿਆਂ ਦੱਸਿਆ ਕਿ ਇਸ ਰਿੱਟ ਦੇ ਜ਼ਰੀਏ ਕੋਰਟ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਦੁੱਖਦਾਈ ਘਟਨਾ ਪੰਜਾਬ ਸਰਕਾਰ ਤੇ ਜ਼ਿਲਾ ਸੰਗਰੂਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਦੀ ਵਜ੍ਹਾ ਨਾਲ ਹੀ ਵਾਪਰੀ, ਜਿਸ ਨਾਲ ਇਕ ਪਰਿਵਾਰ ਦਾ ਚਿਰਾਗ ਬੁਝ ਗਿਆ।

ਵਕੀਲ ਵਿਰਕ ਨੇ ਦੱਸਿਆ ਕਿ ਇਸ ਰਿੱਟ 'ਚ 2010 'ਚ ਸੁਪਰੀਮ ਕੋਰਟ ਵਲੋਂ ਬੋਰਵੈੱਲ ਸਬੰਧੀ ਜਾਰੀ ਕੀਤੀਆਂ ਗਈਆਂ 10 ਗਾਈਡਲਾਈਨਸ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ 'ਚ ਪੰਜਾਬ ਸਮੇਤ ਦੇਸ਼ ਭਰ ਦੇ ਰਾਜਾਂ ਦੀਆਂ ਸਰਕਾਰਾਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਬੋਰਵੈੱਲ ਨੂੰ ਕਵਰ ਕਰਨਾ ਹੈ ਤੇ ਕਿੰਨੇ ਘੇਰੇ ਤੱਕ ਬੋਰਵੈੱਲ ਦੇ ਆਲੇ-ਦੁਆਲੇ ਕੰਡਿਆਲੀ ਤਾਰ ਲਾਉਣੀ ਹੈ। ਇਸ ਸਬੰਧ 'ਚ ਕਿਸ-ਕਿਸ ਅਧਿਕਾਰੀ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ ਤੇ ਇਸ ਦੇ ਲਈ ਕੌਣ-ਕੌਣ ਜਵਾਬਦੇਹ ਹੋਵੇਗਾ। ਵਕੀਲ ਫਰਿਆਦ ਸਿੰਘ ਵਿਰਕ ਨੇ ਦੱਸਿਆ ਕਿ ਲਗਭਗ 9 ਸਾਲ ਪਹਿਲਾਂ ਸੁਪਰੀਮ ਕੋਰਟ ਵਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਪੰਜਾਬ ਸਰਕਾਰ ਨੇ ਪ੍ਰੈਕਟੀਕਲ ਤੌਰ 'ਤੇ ਲਾਗੂ ਨਹੀਂ ਕੀਤਾ, ਜਿਸ ਵਜ੍ਹਾ ਨਾਲ ਫਤਿਹਵੀਰ ਸਿੰਘ ਨਾਮਕ ਮਾਸੂਮ ਬੱਚਾ ਅੱਜ ਇਸ ਦੁਨੀਆ 'ਚ ਨਹੀਂ ਰਿਹਾ। ਮਾਣਯੋਗ ਅਦਾਲਤ ਨੇ ਇਸ ਰਿੱਟ ਨੂੰ ਮਨਜ਼ੂਰ ਕਰਦੇ ਹੋਏ ਅਗਲੀ ਸੁਣਵਾਈ 3 ਜੁਲਾਈ ਨਿਸ਼ਚਿਤ ਕੀਤੀ ਹੈ।


Baljit Singh

Content Editor

Related News