ਮੁੰਡੇ ਦੀ ਤਾਂਘ 'ਚ 3 ਧੀਆਂ ਦੇ ਪਿਓ ਨੂੰ ਭੁੱਲਿਆ ਖੁਦਾ, ਦਰਿੰਦਗੀ ਦੀ ਮੁਕਾ ਛੱਡੀ ਹੱਦ (ਵੀਡੀਓ)
Tuesday, May 26, 2020 - 03:03 PM (IST)
ਲੁਧਿਆਣਾ (ਨਰਿੰਦਰ) : ਅੱਜ ਦਾ ਜ਼ਮਾਨਾ ਭਾਵੇਂ ਹੀ ਬਹੁਤ ਜ਼ਿਆਦਾ ਆਧੁਨਿਕ ਹੋ ਗਿਆ ਹੈ ਪਰ ਘਟੀਆ ਲੋਕ ਅੱਜ ਵੀ ਸੌੜੀਆਂ ਗੱਲਾਂ ਆਪਣੇ ਦਿਮਾਗ 'ਚ ਬਿਠਾਈ ਬੈਠੇ ਹਨ। ਵੱਡੀ ਗਿਣਤੀ 'ਚ ਲੋਕਾਂ ਵੱਲੋਂ ਅੱਜ ਵੀ ਕੁੜੀ ਅਤੇ ਮੁੰਡੇ 'ਚ ਬਹੁਤ ਜ਼ਿਆਦਾ ਫਰਕ ਕੀਤਾ ਜਾਂਦਾ ਹੈ, ਜਿਸ ਕਾਰਨ ਇਹ ਘਟੀਆ ਸੋਚ ਦੇ ਮਾਲਕ ਆਪਣੀ ਬੇਹੁਦਗੀ ਭਰੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਲੁਧਿਆਣਾ ਦੇ ਪਿੰਡ ਪੋਹੀੜ 'ਚ ਵੀ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ। ਮੁੰਡੇ ਦੀ ਤਾਂਘ ਰੱਖਣ ਵਾਲੇ 3 ਧੀਆਂ ਦੇ ਪਿਓ ਨੂੰ ਖੁਦਾ ਹੀ ਭੁੱਲ ਗਿਆ ਅਤੇ ਉਸ ਨੇ ਧੀਆਂ ਅਤੇ ਆਪਣੀ ਜੀਵਨ ਸਾਥਣ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਹੀ ਮੁਕਾ ਛੱਡੀਆਂ, ਜਿਸ ਕਾਰਨ ਪਿੰਡ ਪੋਹੀੜ ਦੀਆਂ ਇਹ 3 ਬੱਚੀਆਂ ਆਪਣੀ ਮਾਂ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਰਹੀਆਂ ਹਨ।
ਇਨ੍ਹਾਂ ਬੱਚੀਆਂ ਦਾ ਪਿਓ ਦਿਹਾੜੀਆਂ ਕਰਦਾ ਸੀ ਪਰ ਜਦੋਂ ਘਰ 'ਚ ਤੀਜੀ ਕੁੜੀ ਨੇ ਜਨਮ ਲਿਆ ਤਾਂ ਪਿਓ ਨੇ ਮਾਂ ਸਮੇਤ ਆਪਣੀਆਂ ਤਿੰਨੇ ਕੁੜੀਆਂ ਨੂੰ ਘਰੋਂ ਬਾਹਰ ਕੱਢ ਦਿੱਤਾ। ਇਨ੍ਹਾਂ ਬੱਚੀਆਂ ਨੂੰ ਨਾਨਾ-ਨਾਨੀ ਜਾਂ ਮਾਮੇ-ਮਾਮੀਆਂ 'ਚੋਂ ਕਿਸੇ ਨੇ ਸਹਾਰਾ ਨਾ ਦਿੱਤਾ ਅਤੇ ਨਾ ਹੀ ਸਹੁਰੇ ਪਰਿਵਾਰ 'ਚੋਂ ਕਿਸੇ ਨੇ ਬੱਚੀਆਂ ਦਾ ਸਾਥ ਦਿੱਤਾ। ਹੁਣ 2 ਬੱਚੀਆਂ ਆਪਣੀ ਮਾਸੀ ਕੋਲ ਲੁਧਿਆਣਾ ਦੇ ਪਿੰਡ ਪੋਹੀੜ 'ਚ ਰਹਿ ਰਹੀਆਂ ਹਨ, ਜਦੋਂ ਕਿ ਇੱਕ ਬੱਚੀ ਆਪਣੀ ਮਾਂ ਦੇ ਨਾਲ ਸਹੁਰੇ ਕਿਰਾਏ ਦੇ ਮਕਾਨ 'ਤੇ ਮਾਨਸਾ 'ਚ ਰਹਿ ਰਹੀ ਹੈ। ਮਾਂ ਅਤੇ ਮਾਸੀ ਦਿਹਾੜੀਆਂ ਕਰਕੇ ਇਨ੍ਹਾਂ ਕੁੜੀਆਂ ਦਾ ਪਾਲਣ-ਪੋਸ਼ਣ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਪੜ੍ਹਾ ਰਹੀਆਂ ਹਨ। ਤਿੰਨ ਬੱਚੀਆਂ 'ਚੋਂ ਇੱਕ ਦੀ ਉਮਰ 10 ਸਾਲ, ਦੂਜੀ ਦੀ 9 ਸਾਲ ਜਦੋਂ ਕਿ ਸਭ ਤੋਂ ਛੋਟੀ ਬੇਟੀ ਦੀ ਉਮਰ 6 ਸਾਲਾਂ ਦੀ ਹੈ।
ਬੱਚੀਆਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਪਿਓ ਉਨ੍ਹਾਂ ਨੂੰ ਸਿਖਰ ਦੁਪਹਿਰੇ ਨੰਗੇ ਪੈਰ ਸ਼ਰਾਬ ਲੈਣ ਲਈ ਠੇਕੇ 'ਤੇ ਭੇਜ ਦਿੰਦਾ ਸੀ ਅਤੇ ਉਹ ਅੱਧੇ ਪੈਸੇ ਆਪਣੇ ਪਿਓ ਤੋਂ ਅਤੇ ਅੱਧੇ ਪੈਸੇ ਲੋਕਾਂ ਤੋਂ ਇਕੱਠੇ ਕਰਕੇ ਸ਼ਰਾਬ ਲਿਆ ਕੇ ਆਪਣੇ ਪਿਓ ਨੂੰ ਦਿੰਦੀਆਂ ਸਨ। ਇਥੋਂ ਤੱਕ ਕਿ ਠੇਕੇ ਵਾਲੇ ਵੀ ਉਨ੍ਹਾਂ ਨੂੰ ਬਿਨਾਂ ਸੋਚੇ-ਸਮਝੇ ਸ਼ਰਾਬ ਦੀ ਬੋਤਲ ਹੱਥ 'ਚ ਫੜ੍ਹਾ ਦਿੰਦੇ ਸਨ। ਬੱਚੀਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਹੀ ਸ਼ਰਾਬ ਮੰਗਵਾ ਕੇ ਪਿਓ ਉਨ੍ਹਾਂ ਨਾਲ ਅਤੇ ਉਨ੍ਹਾਂ ਦੀ ਮਾਂ ਨਾਲ ਕੁੱਟਮਾਰ ਕਰਦਾ ਸੀ। ਛੋਟੀਆਂ-ਛੋਟੀਆਂ ਬੱਚੀਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਹ ਮੁੰਡਾ ਹੁੰਦੀਆਂ ਤਾਂ ਸ਼ਾਇਦ ਉਨ੍ਹਾਂ ਦਾ ਪਿਓ ਉਨ੍ਹਾਂ ਨਾਲ ਇਸ ਤਰ੍ਹਾਂ ਕੁੱਟਮਾਰ ਨਹੀਂ ਕਰਦਾ। ਉਧਰ ਦੂਜੇ ਪਾਸੇ ਬੱਚੀਆਂ ਦੀ ਮਾਸੀ ਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਹੀਂ ਹੈ। ਉਸ ਨੂੰ ਮਰੇ ਕਾਫੀ ਸਮਾਂ ਹੋ ਗਿਆ ਹੈ ਅਤੇ ਉਸ ਦੇ ਦੋਵੇਂ ਬੇਟੇ ਵੀ ਬੇਰੋਜ਼ਗਾਰ ਹਨ ਅਤੇ ਉਹ ਦਿਹਾੜੀਆਂ ਕਰਕੇ ਇਨ੍ਹਾਂ ਬੱਚੀਆਂ ਨੂੰ ਪੜ੍ਹਾ-ਲਿਖਾ ਰਹੀ ਹੈ।
ਉਸ ਨੇ ਦੱਸਿਆ ਕਿ ਬੱਚੀਆਂ ਬਹੁਤ ਲਾਇਕ ਹਨ ਪਰ ਉਸ ਦੇ ਭਰਾਵਾਂ ਨੇ ਵੀ ਉਸ ਦੀ ਭੈਣ ਅਤੇ ਬੱਚੀਆਂ ਨੂੰ ਨਹੀਂ ਰੱਖਿਆ। ਉਸ ਨੇ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਇਹ ਬੱਚੀਆਂ ਉਸ ਕੋਲ ਹੀ ਰਹਿ ਰਹੀਆਂ ਹਨ ਅਤੇ ਪਿੰਡ 'ਚ ਹੀ ਪੜ੍ਹਾਈ ਕਰ ਰਹੀਆਂ ਹਨ। ਬੱਚੀਆਂ ਦੀ ਮਾਸੀ ਨੇ ਕਿਹਾ ਕਿ ਇਸ ਬਾਰੇ ਪੁਲਸ ਕੋਲ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਅਤੇ ਅਦਾਲਤ 'ਚ ਕੇਸ ਵੀ ਚੱਲ ਰਿਹਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਸ ਤਰ੍ਹਾਂ ਆਪਣੇ ਪਿਓ ਦੀ ਦਰਿੰਦਗੀ ਦਾ ਸ਼ਿਕਾਰ ਇਨ੍ਹਾਂ ਬੱਚੀਆਂ ਦੇ ਸੁਪਨੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੁੱਟਦੇ ਵਿਖਾਈ ਦੇ ਰਹੇ ਹਨ ਕਿਉਂਕਿ ਜਿਸ ਉਮਰ 'ਚ ਬੱਚੇ ਹੱਸਦੇ-ਖੇਡਦੇ ਹਨ, ਸ਼ਰਾਰਤਾਂ ਕਰਦੇ ਹਨ, ਉਸ ਉਮਰ 'ਚ ਇਨ੍ਹਾਂ ਬੱਚੀਆਂ ਨੂੰ ਇਹ ਪਤਾ ਲੱਗ ਗਿਆ ਹੈ ਕਿ ਉਹ ਕੁੜੀਆਂ ਹਨ, ਇਸ ਕਰਕੇ ਉਨ੍ਹਾਂ ਦੇ ਪਿਓ ਵੱਲੋਂ ਉਨ੍ਹਾਂ ਨਾਲ ਇਹ ਵਿਤਕਰਾ ਕੀਤਾ ਗਿਆ ਹੈ।