ਲੁਧਿਆਣਾ ਗੈਂਗਰੇਪ :ਤਿੰਨ ਮੁਲਜ਼ਮਾਂ ਦੇ ਡੀ. ਐੱਨ. ਏ. ਟੈਸਟ ਲਈ ਦਾਖਲ ਕੀਤੀ ਅਰਜ਼ੀ
Sunday, Feb 17, 2019 - 01:13 PM (IST)
ਲੁਧਿਆਣਾ (ਮਹਿਰਾ/ਕਾਲੀਆ) - ਪਿੰਡ ਈਸੇਵਾਲ ਗੈਂਗਰੇਪ ਮਾਮਲੇ 'ਚ ਪੁਲਸ ਵਲੋਂ ਪਹਿਲੇ ਦਿਨ ਗ੍ਰਿਫਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਦਾ ਡੀ. ਐੱਨ. ਏ. ਟੈਸਟ ਕਰਵਾਉਣ ਲਈ ਸਥਾਨਕ ਅਦਾਲਤ 'ਚ ਇਕ ਅਰਜ਼ੀ ਦਾਖਲ ਕੀਤੀ ਗਈ ਹੈ। ਪੁਲਸ ਥਾਣਾ ਦਾਖਾ ਵਲੋਂ ਮਾਣਯੋਗ ਜੱਜ ਅੰਕਿਤ ਏਰੀ ਦੀ ਅਦਾਲਤ 'ਚ ਦਾਖਲ ਕੀਤੀ ਅਰਜ਼ੀ 'ਚ ਕਿਹਾ ਕਿ ਉਹ ਗੈਂਗਰੇਪ ਦੇ ਮੁਲਜ਼ਮ ਨਵਾਂਸ਼ਹਿਰ ਨਿਵਾਸੀ ਸਾਦਿਕ ਅਲੀ, ਪਿੰਡ ਚੱਕ ਕਲਾਂ ਨਿਵਾਸੀ ਸੁਮਰੂ ਅਤੇ ਜਸਪਾਲ ਬਾਂਗਰ ਨਿਵਾਸੀ ਜਗਰੂਪ ਸਿੰਘ ਉਰਫ ਰੂਪੀ ਦਾ ਡੀ. ਐੱਨ. ਏ. ਟੈਸਟ ਕਰਵਾਉਣਾ ਚਾਹੁੰਦੇ ਹਨ। ਜੱਜ ਨੇ ਪੁਲਸ ਦੀ ਉਪਰੋਕਤ ਅਰਜ਼ੀ 'ਤੇ 18 ਫਰਵਰੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ।
ਉਧਰ, ਗੈਂਗਰੇਪ ਦੇ ਮੁਲਜ਼ਮਾਂ ਵਲੋਂ ਕੋਈ ਵਕੀਲ ਪੇਸ਼ ਨਹੀਂ ਹੋਇਆ ਜਦੋਂਕਿ ਸ਼ਿਕਾਇਤਕਰਤਾ ਪੱਖ ਵਲੋਂ ਪੇਸ਼ ਹੋਣ ਵਾਲੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਉਪਕਾਰ ਸਿੰਘ ਘੁੰਮਣ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਜਲਦ ਅਦਾਲਤ 'ਚ ਚਲਾਨ ਪੇਸ਼ ਕਰਨ ਲਈ ਦਬਾਅ ਬਣਾਇਆ ਜਾਵੇਗਾ ਅਤੇ ਇਸ ਕੇਸ ਦੀ ਸੁਣਵਾਈ ਕਿਸੇ ਫਾਸਟ ਟਰੈਕ ਅਦਾਲਤ 'ਚ ਕੀਤੇ ਜਾਣ ਲਈ ਸਰਕਾਰ ਅਤੇ ਮੁੱਖ ਜੱਜ ਕੋਲ ਗੁਹਾਰ ਲਾਈ ਜਾਵੇਗੀ।