ਲੁਧਿਆਣਾ 'ਚ ਫਰਨੀਚਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ (ਵੀਡੀਓ)
Monday, Jun 11, 2018 - 08:33 AM (IST)
ਲੁਧਿਆਣਾ, (ਨਰਿੰਦਰ)— ਲੁਧਿਆਣਾ 'ਚ ਪਿਛਲੇ 3 ਦਿਨਾਂ 'ਚ ਅੱਗ ਲੱਗਣ ਦੀਆਂ 3 ਵੱਡੀਆਂ ਘਟਨਾਵਾਂ ਵਾਪਰੀਆਂ ਹਨ। ਸ਼ਹਿਰ ਦੀ ਘੁਮਾਰ ਮੰਡੀ 'ਚ ਸਥਿਤ ਰਾਣੀ ਝਾਂਸੀ ਰੋਡ 'ਤੇ ਇਕ ਫਰਨੀਚਰ ਨਿਰਮਾਤਾ ਦੀ ਕੰਪਨੀ ਦੇ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਅੰਦਾਜ਼ੇ ਮੁਤਾਬਕ ਇੱਥੇ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ। ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਘਟਨਾ ਵਾਲੀ ਥਾਂ 'ਤੇ ਪੁੱਜ ਗਈਆਂ । ਜਾਣਕਾਰੀ ਮੁਤਾਬਕ ਤਕਰੀਬਨ ਇਕ ਘੰਟੇ ਦੀ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ।
ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਮੁਤਾਬਕ ਸ਼ਾਮ 7 ਵਜੇ ਇੱਥੇ ਅੱਗ ਲੱਗੀ। ਗੋਦਾਮ ਐਵਰਸਟ ਕੰਪਨੀ ਦਾ ਹੈ ਅਤੇ ਇਸ ਕਾਰਨ ਕਾਫੀ ਸਮਾਨ ਸੜ ਗਿਆ, ਹਾਲਾਂਕਿ ਇਸ 'ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਗ 4 ਮੰਜ਼ਲਾਂ ਇਮਾਰਤ ਦੀ ਚੌਥੀ ਮੰਜ਼ਲ 'ਤੇ ਲੱਗੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਹੈ ਕਿ ਸ਼ਾਰਟ ਸਰਕਟ ਕਾਰਨ ਹੀ ਗੋਦਾਮ 'ਚ ਅੱਗ ਲੱਗੀ ਹੋਵੇਗੀ।
