ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਗੈਂਗਸਟਰ ਜਿੰਦੀ ਨੇ ਸਾਥੀਆਂ ਸਮੇਤ ਕੀਤੀ ਅੰਨ੍ਹੇਵਾਹ ਫਾਇਰਿੰਗ

Monday, May 09, 2022 - 01:58 PM (IST)

ਲੁਧਿਆਣਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਗੈਂਗਸਟਰ ਜਿੰਦੀ ਨੇ ਸਾਥੀਆਂ ਸਮੇਤ ਕੀਤੀ ਅੰਨ੍ਹੇਵਾਹ ਫਾਇਰਿੰਗ

ਲੁਧਿਆਣਾ (ਰਾਜ) : ਦਿਨੋਂ-ਦਿਨ ਸ਼ਹਿਰ ਦੇ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ। ਅਪਰਾਧੀਆਂ ’ਚ ਪੁਲਸ ਦਾ ਡਰ ਘੱਟ ਹੋ ਰਿਹਾ ਹੈ। ਕਤਲ, ਲੁੱਟ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਆਮ ਹੋ ਰਹੀਆਂ ਹਨ। ਦੇਰ ਰਾਤ ਵੀ ਥਾਣਾ ਟਿੱਬਾ ਦੇ ਇਲਾਕੇ ’ਚ ਗੈਂਗਸਟਰ ਜਿੰਦੀ ਨੇ ਆਪਣੇ ਸਾਥੀਆਂ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਮਾਮੂਲੀ ਗੱਲ ਨੂੰ ਲੈ ਕੇ ਸ਼ਾਸਤਰੀ ਨਗਰ ਇਲਾਕੇ ’ਚ ਨੌਜਵਾਨਾਂ ਨਾਲ ਪਹਿਲਾਂ ਗਾਲੀ-ਗਲੋਚ ਕੀਤਾ। ਫਿਰ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਲੜਾਈ-ਝਗੜੇ ਦੀ ਆਵਾਜ਼ ਸੁਣ ਕੇ ਬਾਹਰ ਆਏ ਬਜ਼ੁਰਗ ਮਹਿੰਦਰ ਸਿੰਘ ਨੂੰ ਇਕ ਗੋਲੀ ਲੱਗ ਗਈ, ਜਿਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ : ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਦਾ ਵੱਡਾ ਬਿਆਨ ਆਇਆ ਸਾਹਮਣੇ

ਇਸ ਤੋਂ ਬਾਅਦ ਧਮਕਾਉਂਦੇ ਹੋਏ ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸੂਚਨਾ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਸ ਅਧਿਕਾਰੀਆਂ ਸਮੇਤ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜ ਗਈ। ਪੁਲਸ ਨੂੰ ਮੌਕੇ ਤੋਂ ਗੋਲੀਆਂ ਦੇ 8 ਖੋਲ੍ਹ ਬਰਾਮਦ ਹੋਏ ਹਨ। ਇਸ ਮਾਮਲੇ ’ਚ ਪੁਲਸ ਨੇ ਕਰਣ ਸ਼ਰਮਾ ਦੀ ਸ਼ਿਕਾਇਤ ’ਤੇ ਜਤਿੰਦਰ ਉਰਫ ਜਿੰਦੀ, ਲਾਡੀ, ਡੰਗ ਅਤੇ ਅਣਪਛਾਤੇ ’ਤੇ ਕਤਲ ਦੇ ਯਤਨ, ਘਰ ਵਿਚ ਦਾਖ਼ਲ ਹੋ ਕੇ ਕੁੱਟਮਾਰ ਅਤੇ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਕਰਨ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਸੈਂਡੀ ਦੇ ਨਾਲ ਇਕ ਹੀ ਫੈਕਟਰੀ ’ਚ ਕੰਮ ਕਰਦੇ ਹਨ। ਸ਼ਨੀਵਾਰ ਦੀ ਰਾਤ ਨੂੰ ਉਹ ਦੋਵੇਂ ਬਾਈਕ ’ਤੇ ਘਰ ਵਾਪਸ ਆਏ ਸਨ।

ਇਹ ਵੀ ਪੜ੍ਹੋ : ਅਕਾਲੀ ਆਗੂ ਵਿੱਕੀ ਮਿੱਡੂਖੇੜਾ ਕਤਲ ਮਾਮਲਾ, ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਬਰਾਮਦ ਕੀਤੇ ਹਥਿਆਰ

ਸੈਂਡੀ ਉਸ ਨੂੰ ਘਰ ਦੇ ਬਾਹਰ ਛੱਡ ਕੇ ਜਾਣ ਵਾਲਾ ਸੀ। ਇਸ ਦੌਰਾਨ ਉਸ ਨੇ ਬਾਈਕ ਰੋਕੀ ਅਤੇ ਪਿੱਛੋਂ ਸਕੌਡਾ ਗੱਡੀ ਆਈ, ਜਿਸ ਵਿਚ ਉਕਤ ਮੁਲਜ਼ਮ ਬੈਠੇ ਹੋਏ ਸਨ, ਜਿਨ੍ਹਾਂ ਨੇ ਬਾਈਕ ਸਾਈਡ ’ਤੇ ਕਰਨ ਲਈ ਕਿਹਾ ਤਾਂ ਕਰਨ ਨੇ ਕਿਹਾ ਕਿ ਉਸ ਦਾ ਘਰ ਹੈ, ਉਹ ਉਤਰ ਰਿਹਾ ਹੈ। ਇਸ ’ਤੇ ਕਾਰ ਸਵਾਰਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਆਵਾਜ਼ਾਂ ਸੁਣ ਕੇ ਇਲਾਕੇ ਵਾਲੇ ਬਾਹਰ ਆ ਗਏ। ਇਹ ਦੇਖ ਕੇ ਮੁਲਜ਼ਮ ਗੱਡੀ ਛੱਡ ਕੇ ਚਲੇ ਗਏ। ਉਸ ਤੋਂ 10 ਮਿੰਟ ਬਾਅਦ ਮੁਲਜ਼ਮ ਆਪਣੇ ਹੋਰ ਸਾਥੀਆਂ ਨਾਲ ਮੌਕੇ ’ਤੇ ਆਏ ਅਤੇ ਇੱਟਾਂ-ਪੱਥਰ ਵਰ੍ਹਾਉਣ ਲੱਗ ਗਏ। ਕਰਨ ਦਾ ਕਹਿਣਾ ਹੈ ਕਿ ਉਹ ਜਾਨ ਬਚਾਉਣ ਲਈ ਆਪਣੇ ਘਰ ’ਚ ਚਲਾ ਗਿਆ ਤਾਂ ਮੁਲਜ਼ਮਾਂ ਨੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : CM ਮਾਨ ਨੇ ਪਾਰਟੀ ਦਾ ਵਾਅਦਾ ਪੁਗਾਇਆ, PRTC ਡਰਾਈਵਰ ਦੇ ਪਰਿਵਾਰ ਨੂੰ 50 ਲੱਖ ਮੁਆਵਜ਼ਾ ਦੇਣ ਦੇ ਹੁਕਮ

ਉਸ ਦੇ ਘਰ ਦੇ ਅੰਦਰ ਵੀ ਮੁਲਜ਼ਮਾਂ ਨੇ ਗੋਲੀਆਂ ਚਲਾਈਆਂ। ਫਾਇਰਿੰਗ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਗੁਆਂਢ ’ਚ ਰਹਿਣ ਵਾਲੇ ਬਜ਼ੁਰਗ ਮਹਿੰਦਰ ਸਿੰਘ ਘਰ ਦੇ ਬਾਹਰ ਦੇਖਣ ਲਈ ਆਏ ਤਾਂ ਇਕ ਗੋਲੀ ਉਨ੍ਹਾਂ ਦੇ ਪੱਟ ’ਚ ਜਾ ਲੱਗੀ। ਉਹ ਜ਼ਖਮੀ ਹੋ ਕੇ ਥੱਲੇ ਡਿੱਗ ਗਏ। ਕਰਨ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ 15 ਤੋਂ 16 ਫਾਇਰ ਕੀਤੇ, ਜਿਸ ਤੋਂ ਬਾਅਦ ਕੁੱਝ ਖੋਲ੍ਹ ਮੁਲਜ਼ਮ ਚੁੱਕ ਕੇ ਲੈ ਗਏ ਪਰ ਪੁਲਸ ਜਾਂਚ ਦੌਰਾਨ 8 ਖੋਲ੍ਹ ਮੌਕੇ ਤੋਂ ਬਰਾਮਦ ਵੀ ਹੋਏ ਹਨ। ਇਸ ਸਬੰਧੀ ਐੱਸ. ਐੱਚ. ਓ. ਥਾਣਾ ਟਿੱਬਾ ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ ਕਿ 3 ਮੁਲਜ਼ਮਾਂ ਨੂੰ ਨਾਮਜ਼ਦ ਕਰ ਕੇ ਬਾਕੀ ਅਣਪਛਾਤਿਆਂ ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੌਕੇ ਤੋਂ ਗੋਲੀਆਂ ਦੇ ਖੋਲ੍ਹ ਬਰਾਮਦ ਹੋਏ ਹਨ। ਮੁਲਜ਼ਮਾਂ ਨੂੰ ਫੜ੍ਹਨ ਲਈ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਜਲਦ ਹੀ ਮੁਲਜ਼ਮਾਂ ਨੂੰ ਫੜ੍ਹਨ ਦਾ ਯਤਨ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News