ਸਿਟੀ ਸੈਂਟਰ ਘਪਲੇ ''ਚ ਆਇਆ ਨਵਾਂ ਮੋੜ, ਸੁਮੇਧ ਸੈਣੀ ਨੇ ਪਾਈ ਪਟੀਸ਼ਨ

Thursday, Nov 29, 2018 - 07:22 PM (IST)

ਸਿਟੀ ਸੈਂਟਰ ਘਪਲੇ ''ਚ ਆਇਆ ਨਵਾਂ ਮੋੜ, ਸੁਮੇਧ ਸੈਣੀ ਨੇ ਪਾਈ ਪਟੀਸ਼ਨ

ਲੁਧਿਆਣਾ (ਨਰਿੰਦਰ)— ਬਹੁਚਰਚਿਤ ਸਿਟੀ ਸੈਂਟਰ ਘਪਲੇ 'ਚ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਨੇ ਜ਼ਿਲਾ ਅਤੇ ਸੈਸ਼ਨ ਜੱਜ ਜਗਬੀਰ ਸਿੰਘ ਦੀ ਅਦਾਲਤ 'ਚ ਇਕ ਪਟੀਸ਼ਨ ਦਾਇਰ ਕੀਤੀ। ਇਸ ਪਟੀਸ਼ਨ 'ਚ ਉਨ੍ਹਾਂ ਨੇ ਕਿਹਾ ਕਿ ਇਸ ਕੇਸ ਨੂੰ ਬੰਦ ਕਰਨ ਤੋਂ ਪਹਿਲਾਂ ਇਕ ਵਾਰ ਉਨ੍ਹਾਂ ਦਾ ਪੱਖ ਜ਼ਰੂਰ ਸੁਣਿਆ ਜਾਵੇ, ਕਿਉਂਕਿ ਜਿਸ ਸਮੇਂ ਸਾਲ 2007 'ਚ ਇਹ ਕੇਸ ਆਇਆ ਸੀ, ਉਸ ਸਮੇਂ ਉਹ ਪੰਜਾਬ ਦੇ ਡਾਇਰੈਕਟਰ ਸਨ। 

ਸੈਣੀ ਨੇ ਆਪਣੇ ਵਕੀਲ ਰਮਨਜੀਤ ਸਿੰਘ ਸੰਧੂ ਦੇ ਜ਼ਰੀਏ ਅਦਾਲਤ 'ਚ ਪਟੀਸ਼ਨ ਦਰਜ ਕਰਕੇ ਕਿਹਾ ਕਿ ਜੇਕਰ ਅਦਾਲਤ ਉਨ੍ਹਾਂ ਨੂੰ ਬੁਲਾਉਂਦੀ ਹੈ ਤਾਂ ਉਹ ਕੋਰਟ ਦੇ ਸਾਹਮਣੇ ਅਹਿਮ ਦਸਤਾਵੇਜ਼ ਅਤੇ ਤੱਥ ਰੱਖ ਸਕਦੇ ਹਨ। ਸੁਮੇਧ ਸੈਣੀ ਨੇ ਕਿਹਾ ਕਿ ਇਸ ਕੇਸ 'ਚ 10 ਸਾਲ ਪਹਿਲਾਂ ਚਾਰਜਸ਼ੀਟ ਦਾਇਰ ਹੋਈ ਸੀ ਅਤੇ ਹੁਣ ਅਚਾਨਕ ਇਕ ਸਾਲ ਅੰਦਰ ਵਿਜੀਲੈਂਸ ਬਿਊਰੋ ਦਾ ਕੇਸ ਪ੍ਰਤੀ ਰਵੱਈਆ ਬਦਲ ਗਿਆ ਹੈ। ਸੈਣੀ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਪੰਜਾਬ ਸਰਕਾਰ ਅਤੇ ਸਾਰੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕਰਕੇ 7 ਦਸੰਬਰ ਤੱਕ ਜਵਾਬ ਦੇਣ ਲਈ ਕਿਹਾ ਹੈ। ਦੱਸ ਦੇਈਏ ਕਿ ਇਸ ਕੇਸ 'ਚ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਸਮੇਤ 13 ਮੁਲਜ਼ਮ ਹਨ। ਵਿਜੀਲੈਂਸ ਬਿਊਰੋ ਨੇ ਹਾਲ 'ਚ ਹੀ ਕਲੋਜ਼ਰ ਰਿਪੋਰਟ ਦਾਇਰ ਕੀਤੀ ਹੈ। ਸੈਣੀ ਤੋਂ ਪਹਿਲਾਂ ਵਿਜੀਲੈਂਸ ਬਿਊਰੋ ਦੇ ਸਾਬਕਾ ਐੱਸ. ਐੱਸ. ਪੀ. ਵੀ ਪੱਖ ਰੱਖਣ ਲਈ ਅਦਾਲਤ 'ਚ ਪਟੀਸ਼ਨ ਪਾ ਚੁੱਕੇ ਹਨ ਪਰ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।


author

shivani attri

Content Editor

Related News