ਲੁਧਿਆਣਾ ਬੰਬ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਮ੍ਰਿਤਕ ਵਿਅਕਤੀ ਨੂੰ ਲੈ ਕੇ ਮਿਲਿਆ ਅਹਿਮ ਸੁਰਾਗ
Friday, Dec 24, 2021 - 11:14 AM (IST)
ਲੁਧਿਆਣਾ : ਲੁਧਿਆਣਾ ਕੋਰਟ ਕੰਪਲੈਕਸ 'ਚ ਬੀਤੇ ਦਿਨ ਹੋਏ ਵੱਡੇ ਬੰਬ ਧਮਾਕੇ ਤੋਂ ਮਗਰੋਂ ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਕੋਰਟ ਕੰਪਲੈਕਸ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਅੰਦਰ ਜਾਂਚ ਚੱਲ ਰਹੀ ਹੈ। ਕੋਰਟ ਕੰਪਲੈਕਸ ਅੰਦਰ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ, ਉਸ ਦੀ ਪਛਾਣ ਤਾਂ ਫਿਲਹਾਲ ਨਹੀਂ ਹੋ ਸਕੀ ਹੈ ਪਰ ਉਸ ਦੀ ਬਾਂਹ 'ਤੇ ਇਕ ਟੈਟੂ ਛਪਿਆ ਹੋਇਆ ਦੇਖਿਆ ਗਿਆ ਹੈ।
ਇਸ ਦੇ ਆਧਾਰ 'ਤੇ ਹੀ ਉਕਤ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਧਮਾਕੇ ਵਾਲੀ ਥਾਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਇਕ ਮੋਬਾਇਲ ਵੀ ਬਰਾਮਦ ਕੀਤਾ ਗਿਆ ਹੈ। ਕੋਰਟ ਕੰਪਲੈਕਸ ਅੰਦਰ ਪੂਰੀ ਰਾਤ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਮੁਹਿੰਮ ਜਾਰੀ ਰਹੀ। ਜਾਂਚ ਏਜੰਸੀਆਂ ਵੱਲੋਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਸਫੋਟ ਕਿਸ ਤਰ੍ਹਾਂ ਦਾ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਬੰਬ ਧਮਾਕੇ ਨਾਲ ਵਿਅਕਤੀ ਦੇ ਚਿੱਥੜੇ ਉੱਡੇ, 10 ਫੁੱਟ ਉੱਚੀ ਛੱਤ 'ਤੇ ਜਾ ਪਏ ਖੂਨ ਦੇ ਛਿੱਟੇ
ਲੁਧਿਆਣਾ ਕੋਰਟ ’ਚ ਬੰਬ ਵਿਸਫੋਟ ਦੇ ਰੋਸ ਵੱਜੋਂ ਸਟੇਟ ਪੱਧਰ ’ਤੇ ‘ਨੋ ਵਰਕ ਡੇਅ’ ਅੱਜ
ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਵੱਲੋਂ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿਚ ਹੋਏ ਬੰਬ ਧਮਾਕੇ ਨੂੰ ਵੇਖਦੇ ਹੋਏ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਬਾਰ ਪ੍ਰਧਾਨ ਓਮ ਪ੍ਰਕਾਸ਼ ਸ਼ਰਮਾ ਦੀ ਪ੍ਰਧਾਨਗੀ ’ਚ ਹੋਈ, ਜਿਸ ’ਚ ਵਾਪਰੀ ਉਕਤ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਗਈ। ਇਸ ਵਿਸਫੋਟ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਕੇ 2 ਮਿੰਟ ਦਾ ਮੌਨ ਵੀ ਰਖਿਆ ਗਿਆ। ਉਪਰੰਤ ਉਥੇ ਜ਼ਖ਼ਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਵੱਲੋਂ ਲੁਧਿਆਣਾ ਦੀ ਅਦਾਲਤ ਵਿਚ ਹੋਏ ਵਿਸਫੋਟ ਦੇ ਵਿਰੋਧ ’ਚ ਪੰਜਾਬ ਰਾਜ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ 24 ਦਸੰਬਰ ਨੂੰ ‘ਨੋ ਵਰਕ ਡੇਅ’ ਰੱਖਣ ਦਾ ਸੱਦਾ ਭੇਜਿਆ। ਇਹ ਫ਼ੈਸਲਾ ਸਾਰੀ ਕਾਰਜਕਾਰਨੀ ਵੱਲੋਂ ਸਰਬਸੰਮਤੀ ਨਾਲ ਲਿਆ ਗਿਆ। ਅੱਜ ਵਕੀਲਾਂ ਵੱਲੋਂ ਸਾਰੀਆਂ ਅਦਾਲਤਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਵਕੀਲ ਅਦਾਲਤਾਂ ’ਚ ਪੇਸ਼ ਨਹੀਂ ਹੋਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ