ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 23 ਨਵੇਂ ਪਾਜ਼ੇਟਿਵ ਕੇਸ ਤੇ 48 ਹੋਏ ਡਿਸਚਾਰਜ

01/06/2021 1:39:11 AM

ਲੁਧਿਆਣਾ, (ਸਹਿਗਲ)- ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਕਮੀ ਆਉਂਦੀ ਜਾ ਰਹੀ ਹੈ। ਅੱਜ ਜ਼ਿਲ੍ਹੇ ਵਿਚ 23 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦੋਂਕਿ ਦੂਜੇ ਪਾਸੇ 48 ਮਰੀਜ਼ਾਂ ਨੂੰ ਠੀਕ ਹੋਣ ’ਤੇ ਡਿਸਚਾਰਜ ਕਰ ਦਿੱਤਾ ਗਿਆ। ਸਿਹਤ ਅਧਿਕਾਰੀਆਂ ਮੁਤਾਬਕ ਇਹ ਇਕ ਸੁਖਦ ਸੰਕੇਤ ਹੈ ਕਿ ਕੋਰੋਨਾ ਵਾਇਰਸ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਜੇਕਰ ਜਾਗਰੂਕ ਰਹਿਣ ਤਾਂ ਇਸ ਸਥਿਤੀ ਤੋਂ ਜਲਦ ਹੀ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋ ਗਈ। 62 ਸਾਲਾ ਮ੍ਰਿਤਕ ਢੰਡਾਰੀ ਖੁਰਦ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਦਾਖਲ ਸੀ। ਜ਼ਿਲੇ ਵਿਚ ਹੁਣ ਤੱਕ 24916 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 969 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਇਸ ਤੋਂ ਇਲਾਵਾ 3727 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਦੇ ਰਹਿਣ ਵਾਲੇ ਸਨ। ਇਨ੍ਹਾਂ ਵਿਚੋਂ 452 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਮਹਾਮਾਰੀ ਦਾ ਦੂਜਾ ਪਹਿਲੂ ਇਹ ਹੈ ਕਿ ਪਾਜ਼ੇਟਿਵ ਮਰੀਜ਼ਾਂ ’ਚੋਂ 23,674 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿਚ 273 ਐਕਟਿਵ ਮਰੀਜ਼ ਰਹਿ ਗਏ ਹਨ।

21 ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਵੱਲੋਂ ਅੱਜ 21 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਹੈ। ਮੌਜੂਦਾ ਸਮੇਂ ਵਿਚ 195 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਡਾਕਟਰ ਰਮੇਸ਼ ਭਗਤ ਮੁਤਾਬਕ ਅੱਜ 46 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ 69 ਮਰੀਜ਼ਾਂ ਦੀ ਜਾਂਚ ਕੀਤੀ, ਜਿਸ ਵਿਚ 5 ਵਿਚ ਕੋਰੋਨਾ ਦੇ ਲੱਛਣ ਮਿਲੇ। ਸ¬ਕ੍ਰੀਨਿੰਗ ਉਪਰੰਤ 46 ਸ਼ੱਕੀ ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜ ਦਿੱਤਾ ਗਿਆ ਹੈ, ਜਿਸ ਨਾਲ ਸ਼ੱਕੀ ਮਰੀਜ਼ਾਂ ਦੀ ਗਿਣਤੀ 1020 ਹੋ ਗਈ ਹੈ।

ਸਰਕਾਰੀ ਹਸਪਤਾਲਾਂ ’ਚ 12 ਤੇ ਨਿੱਜੀ ਹਸਪਤਾਲਾਂ ’ਚ 97 ਕੋਰੋਨਾ ਮਰੀਜ਼

ਕੋਰੋਨਾ ਦੇ ਘੱਟ ਹੋ ਰਹੇ ਮਰੀਜ਼ਾਂ ਦੀ ਗਿਣਤੀ ਕਾਰਨ ਸਰਕਾਰੀ ਹਸਪਤਾਲਾਂ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 12 ਰਹਿ ਗਈ ਹੈ, ਜਦੋਂਕਿ ਨਿੱਜੀ ਹਸਪਤਾਲਾਂ ਵਿਚ ਅਜੇ 97 ਮਰੀਜ਼ ਦਾਖਲ ਹਨ। ਇਨ੍ਹਾਂ ਮਰੀਜ਼ਾਂ ਵਿਚ 4 ਮਰੀਜ਼ ਗੰਭੀਰ ਹਾਲਤ ਵਿਚ ਦੱਸੇ ਜਾਂਦੇ ਹਨ। ਇਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਹੈ। ਇਨ੍ਹਾਂ ਵਿਚ ਇਕ ਮਰੀਜ਼ ਜ਼ਿਲੇ ਦਾ ਰਹਿਣ ਵਾਲਾ, ਜਦੋਂਕਿ 3 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਯੂ. ਕੇ. ਤੋਂ ਪਰਤੀ ਔਰਤ ਦੀ ਰਿਪੋਰਟ ਆਈ ਨੈਗੇਟਿਵ, ਸਿਹਤ ਵਿਭਾਗ ਨੇ ਲਿਆ ਸੁੱਖ ਦਾ ਸਾਹ

ਯੂ. ਕੇ. ਤੋਂ ਪਰਤੀ ਜਗਰਾਓਂ ਨਿਵਾਸੀ ਔਰਤ ਜਿਸ ਦੀ ਪਹਿਲਾਂ ਹੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਦੀ ਮੁੜ ਜਾਂਚ ਰਿਪੋਰਟ ਨੈਗੇਟਿਵ ਆਉਣ ’ਤੇ ਸਿਹਤ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂ. ਕੇ. ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਆਉਣ ਨਾਲ ਅਧਿਕਾਰੀਆਂ ਵਿਚ ਕਾਫੀ ਤਣਾਅ ਸੀ ਅਤੇ ਇਸ ਕੇਸ ਸਬੰਧੀ ਚੰਡੀਗੜ੍ਹ ਵਿਚ ਬੈਠੇ ਉੱਚ ਅਧਿਕਾਰੀ ਰੋਜ਼ ਅਪਡੇਟ ਲੈ ਰਹੇ ਸਨ।

ਵਰਣਨਯੋਗ ਹੈ ਕਿ 23 ਦਸੰਬਰ ਨੂੰ ਭਾਰਤ ਪਰਤੀ ਉਕਤ ਔਰਤ ਨੂੰ ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਸੀ। ਪਹਿਲਾਂ ਤੋਂ ਅੰਮ੍ਰਿਤਸਰ ਵਿਚ ਸਥਿਤ ਫੋਰਟਿਸ ਹਸਪਤਾਲ ਵਿਚ ਦਾਖਲ ਕੀਤਾ ਗਿਆ। ਬਾਅਦ ਵਿਚ ਉਸ ਨੂੰ ਸਿਵਲ ਹਸਪਤਾਲ ਲÇੁਿਧਆਣਾ ਲਿਆਂਦਾ ਗਿਆ, ਜਦੋਂਕਿ ਉਸ ਦੇ ਨਾਲ ਜ਼ਿਲੇ ਦੇ 17 ਹੋਰ ਵਿਅਕਤੀ ਵੀ ਸ਼ਾਮਲ ਸਨ। ਜਾਂਚ ਦੌਰਾਨ 17 ਵਿਚੋਂ 16 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ, ਜਦੋਂਕਿ ਇਕ ਔਰਤ ਜੋ ਪੀਲੀਭੀਤ ਦੀ ਰਹਿਣ ਵਾਲੀ ਹੈ, ਦੀ ਰਿਪੋਰਟ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆ ਚੁੱਕੀ ਹੈ।

ਸਿਹਤ ਅਧਿਕਾਰੀਆਂ ਮੁਤਾਬਕ ਉਕਤ ਔਰਤ ਪੀਲੀਭੀਤ ਚਲੀ ਗਈ ਹੈ ਪਰ ਕੋਈ ਰਿਸਕ ਨਾ ਲੈਂਦੇ ਹੋਏ ਸਿਹਤ ਅਧਿਕਾਰੀਆਂ ਨੇ ਪੀਲੀਭੀਤ ਵਿਚ ਸਿਹਤ ਵਿਭਾਗ ਨੂੰ ਉਕਤ ਔਰਤ ਸਬੰਧੀ ਸੂਚਿਤ ਕਰ ਦਿੱਤਾ ਹੈ ਅਤੇ ਉਸ ਦਾ ਟੈਸਟ ਕਨਫਰਮ ਕਰਨ ਲਈ ਆਰ. ਟੀ. ਪੀ. ਸੀ. ਆਰ. ਵਿਧੀ ਨਾਲ ਜਾਂਚ ਕਰਨ ਲਈ ਕਿਹਾ ਹੈ। ਜ਼ਿਲਾ ਐਪੀਡੋਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਜਗਰਾਓਂ ਨਿਵਾਸੀ ਉਕਤ ਔਰਤ ਦਾ ਸੈਂਪਲ ਜਾਂਚ ਲਈ ਪੁਣੇ ਲੈਬ ਵਿਚ ਭੇਜਿਆ ਗਿਆ ਸੀ, ਜਿੱਥੋਂ ਅੱਜ ਉਸ ਦੀ ਰਿਪੋਰਟ ਨੈਗੇਟਿਵ ਆਈ ਹੈ।


Bharat Thapa

Content Editor

Related News