ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ, ਇਕੋ ਦਿਨ ਸਾਹਮਣੇ ਆਏ 178 ਨਵੇਂ ਮਾਮਲੇ

Sunday, Jul 26, 2020 - 01:00 AM (IST)

ਲੁਧਿਆਣਾ,(ਸਹਿਗਲ): ਕੋਰੋਨਾ ਵਾਇਰਸ ਨੇ ਅੱਜ ਇਕ ਵੱਡਾ ਧਮਾਕਾ ਕਰਦੇ ਹੋਏ 178 ਵਿਅਕਤੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਦੋਂਕਿ 5 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ। 178 ਮਰੀਜ਼ਾਂ ਵਿਚ 164 ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਹਨ, ਜਦੋਂਕਿ 14 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਹੜੇ 5 ਵਿਅਕਤੀਆਂ ਦੀ ਅੱਜ ਮੌਤ ਹੋਈ ਹੈ, ਉਨ੍ਹਾਂ ਵਿਚ 66 ਸਾਲਾ ਔਰਤ ਸੁਭਾਸ਼ ਨਗਰ ਦੀ ਰਹਿਣ ਵਾਲੀ ਸੀ ਅਤੇ ਓਸਵਾਲ ਹਸਪਤਾਲ ਵਿਚ ਭਰਤੀ ਸੀ, ਜਦੋਂਕਿ 58 ਸਾਲਾ ਪੁਰਸ਼ ਬਸੰਤ ਐਵੇਨਿਊ ਦੁੱਗਰੀ ਦਾ ਰਹਿਣ ਵਾਲਾ ਸੀ, ਜੋ ਕਿ ਸਿਵਲ ਹਸਪਤਾਲ ਵਿਚ ਭਰਤੀ ਸੀ। ਇਸ ਤੋਂ ਇਲਾਵਾ ਤੀਸਰਾ ਮਰੀਜ਼ 26 ਸਾਲਾ ਪੰਜਾਬੀ ਬਾਗ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ਵਿਚ ਭਰਤੀ ਸੀ। ਹੋਰਨਾ ਮਰੀਜ਼ਾਂ ਵਿਚ ਇਕ 59 ਸਾਲਾ ਔਰਤ ਕਿਦਵਈ ਨਗਰ ਅਤੇ 69 ਸਾਲਾ ਪੁਰਸ਼ ਮਾਡਲ ਟਾਊਨ ਦਾ ਰਹਿਣ ਵਾਲਾ ਸੀ । ਦੋਵੇਂ ਮਰੀਜ਼ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸਨ। ਮਹਾਨਗਰ ਵਿਚ ਹੁਣ ਤੱਕ 2439 ਵਿਅਕਤੀ ਕੋਰੋਨਾ ਪਾਜ਼ੇਟਿਵ ਹੋ ਕੇ ਸਾਹਮਣੇ ਆ ਚੁੱਕੇ ਹਨ, ਜਦੋਂਕਿ ਇਨ੍ਹਾਂ ਵਿਚੋਂ 50 ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਦੂਜੇ ਜ਼ਿਲਿਆਂ ਦੇ 371 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 37 ਦੀ ਮੌਤ ਹੋ ਚੁੱਕੀ ਹੈ।

ਹਾਲਾਤ ਬਦ ਤੋਂ ਬਦਤਰ ਹੋਣ ਵੱਲ
ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਹਾਲਾਤ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਜਦੋਂਕਿ ਕੋਵਿਡ-19 ਦੇ ਮਰੀਜ਼ਾਂ ਲਈ ਸਿਹਤ ਸਬੰਧੀ ਸਾਧਨ ਸੀਮਿਤ ਪੱਧਰ 'ਤੇ ਚੱਲ ਰਹੇ ਹਨ।

1200 ਬਿਸਤਰਿਆਂ ਦਾ ਪ੍ਰਬੰਧ ਅਤੇ ਵੈਂਟੀਲੇਟਰ 31
ਸਿਹਤ ਵਿਭਾਗ ਵੱਲੋਂ ਵੱਖ-ਵੱਖ ਜਗ੍ਹਾ 'ਤੇ ਆਈਸੋਲੇਸ਼ਨ ਸੈਂਟਰ ਬਣਾਏ ਗਏ ਹਨ। 1200 ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਨ੍ਹਾਂ ਵਿਚ ਮਾਈਲਡ ਕੋਵਿਡ-19 ਦੇ ਮਰੀਜ਼ ਰੱਖੇ ਜਾ ਸਕਦੇ ਹਨ ਪਰ ਗੰਭੀਰ ਮਰੀਜ਼ਾਂ ਲਈ ਸਾਧਨ ਸੀਮਤ ਹਨ। ਉਦਾਹਰਣ ਵਜੋਂ ਨਿਜੀ ਹਸਪਤਾਲਾਂ ਵਿਚ ਰਾਖਵੇਂ ਬਿਸਤਰਿਆਂ ਦੀ ਗਿਣਤੀ ਵੀ ਸੀਮਤ ਹੈ। ਇਨ੍ਹਾਂ ਵਿਚੋਂ 78 ਬੈੱਡ ਸਧਾਰਨ ਮਰੀਜ਼ਾਂ ਲਈ ਹਨ, ਜਦੋਂਕਿ ਆਕਸੀਜ਼ਨ ਬੈੱਡਾਂ ਦੀ ਗਿਣਤੀ 70 ਹੈ। ਆਈ. ਸੀ. ਯੂ. ਵਿਚ ਬਿਸਤਰਿਆਂ ਦੀ ਰਾਖਵੀਂ ਗਿਣਤੀ 60 ਹੈ ਅਤੇ ਜ਼ਿਲੇ ਵਿਚ 31 ਵੈਂਟੀਲੇਟਰ ਵੱਖ-ਵੱਖ ਹਸਪਤਾਲਾਂ ਵਿਚ ਰਾਖਵੇਂ ਰੱਖੇ ਗਏ ਹਨ। ਇਨ੍ਹਾਂ ਵਿਚੋਂ ਚਾਰ ਵੈਂਟੀਲੇਟਰ ਸਿਵਲ ਹਸਪਤਾਲ ਦੇ ਵੀ ਸ਼ਾਮਲ ਹਨ, ਜੋ ਸੀ. ਐੱਮ. ਸੀ. ਹਸਪਤਾਲ ਵਿਚ ਸਥਾਪਤ ਕੀਤੇ ਗਏ ਹਨ। ਸਿਵਲ ਹਸਪਤਾਲ ਵਿਚ ਵੀ ਕੋਵਿਡ-19 ਮਰੀਜ਼ਾਂ ਲਈ 150 ਬਿਸਤਰੇ ਰੱਖੇ ਗਏ ਹਨ, ਜਿਨ੍ਹਾਂ ਵਿਚ 46 ਆਕਸੀਜ਼ਨ ਫਿਟਿਡ ਬੈੱਡ ਸ਼ਾਮਲ ਹਨ। ਇਸ ਤੋਂ ਇਲਾਵਾ 104 ਪੋਰਟੇਬਲ ਆਕਸੀਜ਼ਨ ਦਾ ਪ੍ਰਬੰਧ ਕੀਤਾ ਗਿਆ।
ਵੱਖ-ਵੱਖ ਥਾਵਾਂ 'ਤੇ ਸਥਿਤ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਐੱਮ. ਸੀ. ਐੱਚ. ਵਰਧਮਾਨ ਵਿਚ 100 ਬਿਸਤਰਿਆਂ ਦਾ ਪ੍ਰਬੰਧ ਹੈ ਪਰ 28 ਬਿਸਤਰਿਆਂ 'ਤੇ ਹੀ ਆਕਸੀਜ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਜਗਰਾਓਂ ਦੇ ਸਬ-ਡਵੀਜ਼ਨਲ ਹਸਪਤਾਲ ਵਿਚ 50 ਬਿਸਤਰਿਆਂ ਦੀ ਸਹੂਲਤ ਰੱਖੀ ਗਈ ਹੈ ਪਰ ਆਕਸੀਜ਼ਨ ਬੈੱਡ 18 ਰੱਖੇ ਗਏ ਹਨ। ਸਿਵਲ ਹਸਪਤਾਲ ਖੰਨਾ ਵਿਚ 100 ਬਿਸਤਰੇ ਕੋਵਿਡ-19 ਮਰੀਜ਼ਾਂ ਲਈ ਰਾਖਵੇਂ ਰੱਖੇ ਗਏ ਹਨ ਪਰ 30 'ਤੇ ਹੀ ਆਕਸੀਜ਼ਨ ਦਾ ਪ੍ਰਬੰਧ ਹੈ। ਸੀ. ਐੱਚ. ਸੀ. ਕੂਮ ਕਲਾਂ ਵਿਚ 50 ਬਿਸਤਰਿਆਂ ਦਾ ਪ੍ਰਬੰਧ ਹੈ। 11 ਬਿਸਤਰਿਆਂ 'ਤੇ ਆਕਸੀਜ਼ਨ ਦੀ ਸਹੂਲਤ ਮੁਹੱਈਆ ਹੈ। ਧਿਆਨ ਦੇਣਯੋਗ ਹੈ ਕਿ ਇਨ੍ਹਾਂ ਚਾਰੇ ਥਾਵਾਂ 'ਤੇ ਇਕ ਵੀ ਵੈਂਟੀਲੇਟਰ ਨਹੀਂ ਹੈ।

ਡਾਕਟਰਾਂ ਅਤੇ ਸਟਾਫ ਦੀ ਕਮੀ

ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ, ਸਟਾਫ ਨਰਸਾਂ , ਪੈਰਾ-ਮੈਡੀਕਲ ਸਟਾਫ, ਲੈਬ ਟੈਕਨੀਸ਼ੀਅਨ ਅਤੇ ਵਾਰਡ ਬੁਆਏ ਤੋਂ ਇਲਾਵਾ ਸੁਰੱਖਿਆ ਮੁਲਾਜ਼ਮਾਂ ਦੀ ਵੀ ਭਾਰੀ ਕਮੀ ਪਾਈ ਜਾ ਰਹੀ ਹੈ। ਨਵੇਂ ਬਣੇ ਆਈਸੋਲੇਸ਼ਨ ਸੈਂਟਰਾਂ ਵਿਚ ਪਹਿਲਾਂ ਹੀ ਘੱਟ ਪੈ ਰਹੇ ਡਾਕਟਰਾਂ ਅਤੇ ਸਟਾਫ ਵਿਚੋਂ ਕੁਝ ਕੁ ਨੂੰ ਇਧਰ-ਉਧਰ ਕੀਤਾ ਗਿਆ ਹੈ, ਜਿਸ 'ਤੇ ਇਹ ਕਮੀ ਹੋਰ ਵਧ ਗਈ ਹੈ। ਸਿਵਲ ਹਸਪਤਾਲ ਵਿਚ ਸੈਂਕਸ਼ਨ ਪੋਸਟਾਂ ਉਦੋਂ ਦੀਆਂ ਹਨ ਜਦੋਂ ਇਹ 100 ਬਿਸਤਰਿਆਂ ਦਾ ਹਸਪਤਾਲ ਹੁੰਦਾ ਸੀ। ਅੱਜ ਇਸ ਦੀ ਵਿਵਸਥਾ ਦੁੱਖ ਵਿਚ ਦੁੱਗਣੀ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ। ਜੇਕਰ 500 ਬਿਸਤਰਿਆਂ 'ਤੇ ਨਿਰਧਾਰਤ ਮਾਪਦੰਡ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਹਰ 500 ਬਿਸਤਰਿਆਂ 'ਤੇ 14 ਮੈਡੀਕਲ ਸਪੈਸ਼ਲਿਸਟ ਚਾਹੀਦੇ ਹਨ, ਜਦੋਂਕਿ ਮੁਹੱਈਆ ਇਕ ਵੀ ਨਹੀਂ।
ਇਸੇ ਤਰ੍ਹਾਂ ਮੈਡੀਕਲ ਅਫਸਰ ਹਰ 500 ਬਿਸਤਰਿਆਂ 'ਤੇ 24 ਹੋਣੇ ਚਾਹੀਦੇ ਹਨ। ਅਜਿਹਾ ਕਿਹਾ ਗਿਆ ਹੈ ਕਿ ਜੋ ਸਿਰਫ 14 ਹਨ। 10 ਦੀ ਕਮੀ ਚੱਲ ਰਹੀ ਹੈ। ਸਟਾਫ ਨਰਸ ਏ. ਐੱਨ. ਐੱਮ. ਨੂੰ ਦੇਖਿਆ ਜਾਵੇ ਤਾਂ ਇਨ੍ਹਾਂ ਦੀ ਗਿਣਤੀ 48 ਹੋਣੀ ਚਾਹੀਦੀ ਹੈ, ਜੋ ਕਿ 36 ਹੈ, ਫਾਰਮਾਸਿਸਟਾਂ ਦੀ 24 ਹੋਣੀ ਚਾਹੀਦੀ ਹੈ, ਜੋ 22 ਹਨ। ਲੈਬ ਟੈਕਨੀਸ਼ੀਅਨ ਵੀ 24 ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਗਿਣਤੀ ਘੱਟ ਹੈ। ਇਸੇ ਤਰ੍ਹਾਂ ਵਾਰਡ ਬੁਆਏ 500 ਬਿਸਤਰਿਆਂ 'ਤੇ 68 ਹੋਣੇ ਚਾਹੀਦੇ ਹਨ, ਜੋ ਸਿਰਫ 38 ਹਨ।

ਸਿਹਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਿਵਲ ਹਸਪਤਾਲਾਂ ਵਿਚ ਸੈਂਕਸ਼ਨ ਪੋਸਟਾਂ ਪੁਰਾਣੀਆਂ ਹੀ ਹਨ। ਬਿਸਤਰਿਆਂ ਦੀ ਗਿਣਤੀ ਹੌਲੀ-ਹੌਲੀ ਵਧਾਈ ਜਾ ਰਹੀ ਹੈ ਅਤੇ ਸਟਾਫ ਦੀ ਕਮੀ ਲਗਾਤਾਰ ਵਧ ਰਹੀ ਹੈ। ਸਿਹਤ ਵਿਭਾਗ ਨੇ ਕਮੀ ਸਬੰਧੀ ਡੇਲੀਵੇਜ਼ 'ਤੇ ਡਾਕਟਰਾਂ ਅਤੇ ਸਟਾਫ ਦੀ ਭਰਤੀ ਦੇ ਯਤਨ ਸ਼ੁਰੂ ਕੀਤੇ ਹਨ, ਜਿਸ ਵਿਚ ਉਨ੍ਹਾਂ ਨੂੰ ਆਸ ਮੁਤਾਬਕ ਸਫਲਤਾ ਨਹੀਂ ਮਿਲ ਰਹੀ।

1,286 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਹੁਣ ਤੱਕ 56,772 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 55,436 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ ਵਿਚੋਂ 53,626 ਦੀ ਰਿਪੋਰਟ ਨੈਗੇਟਿਵ ਹੈ ਅਤੇ 1,286 ਦੀ ਪੈਂਡਿੰਗ ਹੈ। ਲੁਧਿਆਣਾ ਨਾਲ ਸਬੰਧਤ ਰੋਗੀਆਂ ਦੀ ਕੁੱਲ ਗਿਣਤੀ 2,439 ਹੈ, ਜਦੋਂਕਿ 371 ਰੋਗੀ ਹੋਰਨਾ ਜ਼ਿਲਿਆਂ/ਰਾਜਾਂ ਨਾਲ ਸਬੰਧਤ ਹਨ। ਲੁਧਿਆਣਾ ਦੇ 59 ਅਤੇ ਹੋਰਨਾ ਜ਼ਿਲਿਆਂ ਦੇ 37 ਲੋਕ ਕੋਰੋਨਾ ਵਾਇਰਸ ਕਾਰਣ ਆਪਣੀ ਜਾਨ ਗੁਆ ਚੁੱਕੇ ਹਨ।

328 ਲੋਕਾਂ ਨੂੰ ਹੋਮ ਕਵਾਰੰਟਾਈਨ 'ਚ ਭੇਜਿਆ
ਜ਼ਿਲੇ ਵਿਚ 19,620 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਤਹਿਤ ਰੱਖਿਆ ਗਿਆ ਹੈ ਅਤੇ ਮੌਜੂਦਾ ਸਮੇਂ ਵਿਚ ਅਜਿਹੇ ਵਿਅਕਤੀਆਂ ਦੀ ਗਿਣਤੀ 3,441 ਹੈ। ਅੱਜ 328 ਵਿਅਕਤੀਆਂ ਨੂੰ ਹੋਮ ਕਵਾਰੰਟਾਈਨ ਲਈ ਭੇਜਿਆ ਗਿਆ ਹੈ।

1163 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ
ਅੱਜ ਸਾਹਮਣੇ ਆਏ ਕੋਰੋਨਾ ਵਾਇਰਸ ਦੇ 1,163 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਹਸਪਤਾਲ 'ਚ ਜਗ੍ਹਾ ਨਾ ਮਿਲਣ 'ਤੇ ਮਰੀਜ਼ ਦੀ ਹੋਈ ਮੌਤ ਦੀ ਜਾਂਚ ਸ਼ੁਰੂ ਕੱਲ ਇਕ 47 ਸਾਲਾ ਮਰੀਜ਼ ਦੀ ਮੌਤ ਕਈ ਹਸਪਤਾਲਾਂ ਵਿਚ ਭਰਤੀ ਹੋਣ ਲਈ ਜਗ੍ਹਾ ਨਾ ਮਿਲਣ ਕਾਰਣ ਹੋਈ ਸੀ, ਦੀ ਸਿਵਲ ਸਰਜਨ ਦਫਤਰ ਨੇ ਆਪਣੇ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਿਲਸਿਲੇ ਵਿਚ ਇਕ ਨਿੱਜੀ ਹਸਪਤਾਲ ਨੂੰ ਪੱਤਰ ਲਿਖ ਕੇ ਦੋ ਦਿਨਾਂ ਵਿਚ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਵਰਣਨਯੋਗ ਹੈ ਕਿ ਉਕਤ ਮਰੀਜ਼ ਕੱਲ ਕਈ ਹਸਪਤਾਲਾਂ ਵਿਚ ਭਰਤੀ ਹੋਣ ਲਈ ਚੱਕਰ ਕੱਟਦਾ ਰਿਹਾ ਪਰ ਸੀਮਤ ਸਾਧਨਾਂ ਕਾਰਣ ਹਸਪਤਾਲਾਂ ਨੇ ਆਪਣੇ ਇੱਥੇ ਹਾਊਸਫੁੱਲ ਹੋਣ ਦੀ ਗੱਲ ਕੀਤੀ ਅਤੇ ਉਸ ਨੂੰ ਦੂਜੇ ਹਸਪਤਾਲ ਵਿਚ ਭੇਜ ਦਿੱਤਾ । ਹਾਰ ਕੇ ਉਹ ਮਰੀਜ਼ ਸਿਵਲ ਹਸਪਤਾਲ ਪੁੱਜਾ, ਜਿੱਥੇ ਉਸ ਨੂੰ ਭਰਤੀ ਤਾਂ ਕਰ ਲਿਆ ਗਿਆ ਪਰ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਕਤ ਮਰੀਜ਼ 5 ਘੰਟੇ ਨਿੱਜੀ ਹਸਪਤਾਲਾਂ ਦੇ ਚੱਕਰ ਕੱਢਦਾ ਰਿਹਾ। ਜੇਕਰ ਉਸ ਨੂੰ ਸਮੇਂ ਸਿਰ ਭਰਤੀ ਕਰ ਲਿਆ ਜਾਂਦਾ ਤਾਂ ਉਸ ਦੀ ਜਾਨ ਬਚ ਸਕਦੀ ਸੀ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਰੀਜ਼ ਵਧਦੇ ਜਾ ਰਹੇ ਹਨ, ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਖਰਾਬ ਹੋ ਸਕਦੀ ਹੈ।

 


Deepak Kumar

Content Editor

Related News