ਮਾਮਲਾ ਸਕੂਲ ਵਿਦਿਆਰਥੀਆਂ ਦੇ ਵੀਜ਼ਾ ਰਿਫਿਊਜ਼ ਦਾ, ਪੁਲਸ ਨੂੰ ਕੀਤੀ ਏਜੰਟ ਦੀ ਸ਼ਿਕਾਇਤ

07/23/2019 3:09:14 PM

ਲੁਧਿਆਣਾ (ਵਿੱਕੀ) - ਸੈਕਰਡ ਹਾਰਟ ਕਾਨਵੈਂਟ ਸਕੂਲ ਸਰਾਭਾ ਨਗਰ ਦੇ ਵਿਦਿਆਰਥੀਆਂ ਦਾ ਅਮਰੀਕੀ ਵੀਜ਼ਾ ਰਿਫਿਊਜ਼ ਹੋਣ ਦੇ ਬਾਅਦ ਪੇਮੈਂਟ ਰਿਫੰਡ ਦਾ ਮਾਮਲਾ ਹੁਣ ਪੁਲਸ ਦੇ ਕੋਲ ਪੁੱਜ ਗਿਆ ਹੈ। ਵਿਦਿਆਰਥੀਆਂ ਦਾ ਵੀਜ਼ਾ ਲਗਵਾਉਣ ਵਿਚ ਅਸਫਲ ਰਹੇ ਏਜੰਟ ਦੇ ਖਿਲਾਫ ਪੇਮੈਂਟ ਵਾਪਸ ਨਾ ਕਰਨ ਦੀ ਸ਼ਿਕਾਇਤ ਸਕੂਲ ਵੱਲੋਂ ਹੀ ਪੁਲਸ ਨੂੰ ਕੀਤੀ ਗਈ ਹੈ। ਮਾਮਲੇ ਦੀ ਜਾਂਚ ਆਈ.ਪੀ.ਐੱਸ. ਅਧਿਕਾਰੀ ਸੁਰਿੰਦਰ ਲਾਂਬਾ (ਏ.ਡੀ.ਸੀ.ਪੀ. ਸਪੈਸ਼ਲ ਬਰਾਂਚ) ਕਰ ਰਹੇ ਹਨ।

ਇਹ ਹੈ ਮਾਮਲਾ
ਜਾਣਕਾਰੀ ਦੇ ਮੁਤਾਬਕ ਸਕੂਲ ਦੇ 147 ਵਿਦਿਆਰਥੀਆਂ ਦਾ ਅਮਰੀਕਾ ਸਥਿਤ ਨਾਸਾ ਐਜੂਕੇਸ਼ਨਲ ਟੂਰ 'ਤੇ ਜਾਣ ਦਾ ਪ੍ਰੋਗਰਾਮ ਸੀ। ਟੂਰ ਲਈ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪ੍ਰਤੀ ਵਿਦਿਆਰਥੀ 2.80 ਲੱਖ ਰੁਪਏ ਦੀ ਰਾਸ਼ੀ ਜਮ੍ਹਾ ਕਰਵਾਈ ਗਈ। ਵੀਜ਼ਾ ਪ੍ਰਕਿਰਿਆ ਪੂਰੀ ਕਰਨ ਲਈ ਵਿਦਿਆਰਥੀਆਂ ਨੂੰ 3 ਗਰੁੱਪਾਂ ਵਿਚ ਵੰਡ ਕੇ ਅਮਰੀਕਾ ਅੰਬੈਸੀ ਭੇਜਣ ਦਾ ਪ੍ਰਬੰਧ ਕੀਤਾ ਪਰ ਪਹਿਲੇ 2 ਗਰੁੱਪਾਂ ਵਿਚ ਗਏ ਵਿਦਿਆਰਥੀਆਂ ਦਾ ਵੀਜ਼ਾ ਰਿਫਿਊਜ਼ ਹੋਣ ਦੇ ਬਾਅਦ ਤੀਜੇ ਗਰੁੱਪ ਨੂੰ ਅਮਰੀਕੀ ਅੰਬੈਸੀ ਵਿਚ ਭੇਜਿਆ ਹੀ ਨਹੀਂ ਗਿਆ। ਵੀਜ਼ਾ ਰਿਫਿਊਜ਼ ਹੋਣ ਦੇ ਬਾਅਦ ਚਿੰਤਤ ਮਾਪਿਆਂ ਨੇ ਸਕੂਲ ਤੋਂ ਟੂਰ ਲਈ ਜਮ੍ਹਾ ਕਰਵਾਈ ਗਈ 2.80 ਲੱਖ ਰੁਪਏ ਦੀ ਰਾਸ਼ੀ ਵਾਪਸ ਕਰਨ ਦੀ ਮੰਗ ਕੀਤੀ ਤਾਂ ਸਕੂਲ ਨੇ ਪਹਿਲੇ ਪੜਾਅ ਵਿਚ ਸਾਰੇ ਮਾਪਿਆਂ ਨੂੰ ਪ੍ਰਤੀ ਵਿਦਿਆਰਥੀ 80 ਹਜ਼ਾਰ ਰੁਪਏ ਦੀ ਰਾਸ਼ੀ ਵਾਪਸ ਕਰ ਕੇ ਬਾਕੀ 1 ਲੱਖ ਰੁਪਏ ਦੀ ਰਕਮ ਏਜੰਟ ਵੱਲੋਂ ਵਾਪਸ ਕੀਤੇ ਜਾਣ ਦਾ ਭਰੋਸਾ ਦਿੱਤਾ।

ਰਿਫੰਡ ਨਾ ਹੋਣ ਕਾਰਨ ਚਿੰਤਤ ਸਨ ਮਾਪੇ
ਮਾਮਲਾ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣਨ ਦੇ ਬਾਅਦ ਸਕੂਲ ਦੇ ਨਾਲ ਮਾਪਿਆਂ ਦੀ ਚਿੰਤਾ ਵੀ ਹੋਰ ਵਧ ਗਈ। ਦੱਸਿਆ ਜਾ ਰਿਹਾ ਹੈ ਮਾਪਿਆਂ ਨੇ ਸਕੂਲ ਤੋਂ ਜਦ ਇਸ ਬਾਕੀ ਪੇਮੈਂਟ ਵਾਪਸ ਮੰਗੀ ਤਾਂ ਸਕੂਲ ਵੱਲੋਂ ਸੰਪਰਕ ਕੀਤੇ ਜਾਣ 'ਤੇ ਏਜੰਟ ਟਾਲਮਟੋਲ ਕਰਨ ਲੱਗ ਗਿਆ। ਮਾਪਿਆਂ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਵਾਉਣ ਦੇ ਉਦੇਸ਼ ਨਾਲ ਸਕੂਲ ਨੇ ਏਜੰਟ ਦੇ ਖਿਲਾਫ ਪੁਲਸ ਵਿਚ ਸ਼ਿਕਾਇਤ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਏਜੰਟ ਨੇ ਬਾਕੀ 2 ਲੱਖ ਦੀ ਰਾਸ਼ੀ ਵਿਚ ਪਿਛਲੇ ਹਫਤੇ ਸਕੂਲ ਦੇ ਲਗਭਗ 24 ਵਿਦਿਆਰਥੀਆਂ ਨੂੰ 50-50 ਹਜ਼ਾਰ ਰੁਪਏ ਦੇ ਚੈੱਕ ਵਾਪਸ ਕਰ ਦਿੱਤੇ ਸਨ ਪਰ ਹੋਰ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਦ ਇਹ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਫਿਰ ਤੋਂ ਸਕੂਲ ਵਿਚ ਆਪਣੀ ਬਕਾਇਆ ਪੇਮੈਂਟ ਬਾਰੇ ਗੱਲ ਕੀਤੀ।

ਬਕਾਇਆ 2 ਲੱਖ ਰੁਪਏ 'ਚੋਂ ਮਿਲੇ 50 ਹਜ਼ਾਰ ਰੁਪਏ ਦੇ ਚੈੱਕ
ਸੂਤਰ ਦੱਸਦੇ ਹਨ ਕਿ ਪੇਮੈਂਟ ਵਾਪਸੀ ਦਾ ਦਬਾਅ ਵਧਣ ਦੇ ਬਾਅਦ ਸੋਮਵਾਰ ਨੂੰ ਏਜੰਟ ਨੇ ਬਾਕੀ 123 ਮਾਪਿਆਂ ਨੂੰ ਵੀ ਪ੍ਰਤੀ ਵਿਦਿਆਰਥੀ 50 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਵਾਪਸ ਕਰ ਦਿੱਤੇ ਸਗੋਂ ਹੁਣ ਵੀ ਸਾਰੇ ਵਿਦਿਆਰਥੀਆਂ ਵੱਲੋਂ ਪ੍ਰਤੀ ਵਿਦਿਆਰਥੀ ਜਮ੍ਹਾਂ ਕਰਵਾਈ ਗਈ 2.80 ਲੱਖ ਰੁਪਏ ਦੀ ਰਾਸ਼ੀ ਵਿਚੋਂ ਪ੍ਰਤੀ ਵਿਦਿਆਰਥੀ 1.50 ਲੱਖ ਰੁਪਏ ਏਜੰਟ ਨੇ ਹੋਰ ਵਾਪਸ ਮੋੜਨੇ ਹਨ ਜਿਸ ਲਈ ਮਾਪੇ ਫਿਲਹਾਲ ਚਿੰਤਤ ਹਨ ਪਰ ਸਕੂਲ ਵੱਲੋਂ ਏਜੰਟ ਖਿਲਾਫ ਸ਼ਿਕਾਇਤ ਨੂੰ ਲੈ ਕੇ ਕਿਤੇ ਨਾ ਕਿਤੇ ਰਾਹਤ ਵੀ ਮਹਿਸੂਸ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਏਜੰਟ ਵੱਲੋਂ ਮਾਪਿਆਂ ਨੂੰ ਬਕਾਇਆ ਰਾਸ਼ੀ ਸ਼ੁੱਕਰਵਾਰ ਤੱਕ ਦੇਣ ਦਾ ਵਾਅਦਾ ਕੀਤਾ ਗਿਆ ਹੈ। ਏ.ਡੀ.ਸੀ.ਪੀ. ਸਪੈਸ਼ਲ ਬਰਾਂਚ ਦੇ ਸੁਰਿੰਦਰ ਲਾਂਬਾ ਨੇ ਸੈਕਰਡ ਹਾਰਟ ਕਾਨਵੈਂਟ ਸਕੂਲ ਵਲੋਂ ਸ਼ਿਕਾਇਤ ਕੀਤੀ ਕਿ ਨਾਸਾ ਟੂਰ 'ਤੇ ਜਾਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਰਿਫਿਊਜ਼ ਹੋਣ ਦੇ ਬਾਅਦ ਮਾਪਿਆਂ ਵਲੋਂ ਜਮ੍ਹਾ ਕਰਵਾਈ ਗਈ ਰਾਸ਼ੀ ਵਾਪਸ ਨਹੀਂ ਕਰ ਰਿਹਾ। ਸਕੂਲ ਦੀ ਸ਼ਿਕਾਇਤ ਦੇ ਆਧਾਰ 'ਤੇ ਅੱਜ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ ਸੀ ਜਿਸ ਵਿਚ ਏਜੰਟ ਨੇ ਕੁਲ ਪੇਮੈਂਟ 'ਚੋਂ ਕੁਝ ਰਾਸ਼ੀ ਮਾਪਿਆਂ ਨੂੰ ਵਾਪਸ ਕੀਤੀ ਹੈ। ਸ਼ਿਕਾਇਤ ਦੇ ਆਧਾਰ 'ਤੇ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।


rajwinder kaur

Content Editor

Related News