ਲੁਧਿਆਣਾ ’ਚ ਦਿਖਾਈ ਦਿੱਤਾ ਜਨਤਾ ਕਰਫਿਊ ਦਾ ਅਸਰ, ਪੁਲਸ ਨੇ ਕੀਤੀ ਨਾਕੇਬੰਦੀ

Sunday, Mar 22, 2020 - 03:28 PM (IST)

ਲੁਧਿਆਣਾ ’ਚ ਦਿਖਾਈ ਦਿੱਤਾ ਜਨਤਾ ਕਰਫਿਊ ਦਾ ਅਸਰ, ਪੁਲਸ ਨੇ ਕੀਤੀ ਨਾਕੇਬੰਦੀ

ਲੁਧਿਆਣਾ (ਨਰਿੰਦਰ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ ਜਨਤਾ ਕਰਫਿਊ ਦੇ ਸੱਦੇ ਦਾ ਲੁਧਿਆਣਾ ’ਚ ਚੰਗਾ ਅਸਰ ਵਿਖਾਈ ਦੇ ਰਿਹਾ ਹੈ। ਇਸ ਮੌਕੇ ਜਿਥੇ ਮੇਨ ਹਾਈਵੇ ਅਤੇ ਟਾਵਾਂ ਟਾਵਾਂ ਵੀਕਲ ਦਿਖਾਈ ਦੇ ਰਿਹਾ ਹੈ, ਉੱਥੇ ਹੀ ਬੱਸ ਸਟੈਂਡ ਵੀ ਸੁੰਨ ਪਸਰੀ ਹੋਈ ਹੈ। ਕੋਈ ਵੀ ਬੱਸ ਨਹੀਂ ਚੱਲ ਰਹੀ। ਇੱਕ ਦੋ ਸਵਾਰੀਆਂ ਨੂੰ ਛੱਡ ਕੇ ਬੱਸ ਸਟੈਂਡ ਪੂਰੀ ਤਰ੍ਹਾਂ ਖਾਲੀ ਹੈ। ਲੁਧਿਆਣਾ ਬੱਸ ਸਟੈਂਡ ਅਤੇ ਪਾਰਕਿੰਗ ਦੇ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਵੇਰ ਦਾ ਕੋਈ ਵੀ ਯਾਤਰੀ ਅੱਜ ਨਹੀਂ ਆਇਆ। ਲੁਧਿਆਣਾ ਪੁਲਸ ਵਲੋਂ ਵੀ ਵਿਸ਼ੇਸ਼ ਮੁਸਤੈਦੀ ਵਿਖਾਈ ਜਾ ਰਹੀ ਹੈ ਅਤੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਦਾ ਕਾਰਨ ਪੁੱਛਿਆ ਜਾ ਰਿਹਾ ਹੈ।

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਲੁਧਿਆਣਾ ਟ੍ਰੈਫਿਕ ਪੁਲਸ ਦੇ ਡੀ.ਸੀ.ਪੀ. ਨੇ ਦੱਸਿਆ ਕਿ ਪੰਜਾਬ ਪੁਲਸ ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਪੂਰੀ ਤਰ੍ਹਾਂ ਜਾਗਰੂਕ ਕਰ ਰਹੀ ਹੈ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮੁੱਖ ਪਿੰਡਾਂ ’ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਬਿਨਾਂ ਵਜੇ ਸਫ਼ਰ ਕਰਨ ਵਾਲਿਆਂ ਨੂੰ ਵਾਪਸ ਵੀ ਭੇਜਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕਈਆਂ ਦੇ ਚਲਾਨ ਵੀ ਕੱਟੇ ਗਏ। ਡੀ.ਸੀ.ਪੀ. ਨੇ ਦੱਸਿਆ ਕਿ ਸਿਰਫ ਮੈਡੀਕਲ ਸਹੂਲਤਾ ਦੇਣ ਵਾਲਿਆਂ ਜਾਂ ਫਿਰ ਐਮਰਜੈਂਸੀ ’ਚ ਜਾਣ ਵਾਲਿਆਂ ਜਾਂ ਫਿਰ ਹਸਪਤਾਲ ਜਾਣ ਵਾਲਿਆਂ ਨੂੰ ਹੀ ਜਾਣ ਦਿੱਤਾ ਜਾ ਰਿਹਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ਦੇ ਬਾਹਰ ਜਨਤਾ ਕਰਫਿਊ ਦਾ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲਿਆ। ਹਾਲਾਂਕਿ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਵਿਖਾਈ ਦਿੱਤੀ ਪਰ ਹੋਰਨਾਂ ਸੂਬਿਆਂ ਤੋਂ ਆਈਆਂ ਟ੍ਰੇਨਾਂ ਲੁਧਿਆਣਾ ਸਟੇਸ਼ਨ ’ਤੇ ਹੀ ਰੁਕੀਆਂ ਰਹੀਆਂ। ਇਸ ਦੌਰਾਨ ਕਈ ਯਾਤਰੀ ਸਟੇਸ਼ਨ ’ਤੇ ਉੱਤਰੇ। ਪੁਲਸ ਅਧਿਕਾਰੀ ਜਸਕਰਨ ਸਿੰਘ ਨੇ ਕਿਹਾ ਕਿ ਇਹ ਲੰਮੇ ਰੂਟਾਂ ਦੀਆਂ ਟਰੇਨਾਂ ਹਨ। ਜੋ ਸਵਾਰੀਆਂ ਇਨ੍ਹਾਂ ਟਰੇਨਾਂ ਰਾਹੀਂ ਲੁਧਿਆਣਾ ਸਟੇਸ਼ਨ ’ਤੇ ਉੱਤਰੀਆਂ ਹਨ, ਉਨ੍ਹਾਂ ਨੂੰ ਜਾਂ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਲੈ ਕੇ ਜਾ ਰਹੇ ਹਨ ਜਾਂ ਕਈ ਲੋਕਾਂ ਨੂੰ ਉਡੀਕ ਕਰਨ ਲਈ ਕਿਹਾ ਜਾ ਰਿਹਾ ਹੈ। ਇਸੇ ਕਾਰਨ ਉਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ।


author

rajwinder kaur

Content Editor

Related News