ਢਾਈ ਕਰੋੜ ਦੀ ਹੈਰੋਇਨ ਸਮੇਤ 2 ਸਮੱਗਲਰ ਗ੍ਰਿਫਤਾਰ

10/16/2019 6:19:27 PM

ਲੁਧਿਆਣਾ,(ਅਨਿਲ) : ਐਸ. ਟੀ. ਐਫ. ਦੀ ਲੁਧਿਆਣਾ ਟੀਮ ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨਸ਼ਾ ਸਮੱਗਲਰਾਂ ਨੂੰ ਢਾਈ ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਸਬੰਧੀ ਅੱਜ ਐਸ. ਟੀ. ਐਫ. ਲੁਧਿਆਣਾ ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਰਹਿਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਟੀਮ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ 2 ਨਸ਼ਾ ਤਸਕਰ ਹੈਰੋਇਨ ਦੀ ਖੇਪ ਲੈ ਕੇ ਜਮਾਲਪੁਰ ਕਾਲੋਨੀ ਤੋਂ ਆ ਰਹੇ ਹਨ। ਜਿਸ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਨਾਕਾਬੰਦੀ ਦੌਰਾਨ ਮੋਟਰ ਸਾਈਕਲ 'ਤੇ ਆਉਂਦੇ ਹੋਏ 2 ਵਿਅਕਤੀਆਂ ਨੂੰ ਚੈਕਿੰਗ ਲਈ ਰੋਕਿਆ। ਜਦ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ 455 ਗ੍ਰਾਮ ਹੈਰੋਇਨ, ਇਕ ਇਲੈਕ੍ਰਟਾਨਿਕ ਕਾਂਟਾ ਤੇ 70 ਖਾਲੀ ਲਿਫਾਫੇ ਬਰਾਮਦ ਕੀਤੇ ਗਏ। ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਪਛਾਣ ਵਰਿੰਦਰ ਠਾਕੁਰ ਵਿੱਕੀ (40) ਪੁੱਤਰ ਬਨਾਰਸੀ ਦਾਸ ਵਾਸੀ ਕਿਰਾਏਦਾਰ ਬੇਅੰਤ ਕਾਲੋਨੀ 33 ਫੁੱਟਾ ਰੋਡ ਮੁਡੀਆ ਕਲਾ ਤੇ ਬਿਕਰਮ ਸਿੰਘ (33) ਪੁੱਤਰ ਪ੍ਰਤਾਪ ਸਿੰਘ ਵਾਸੀ ਜਮਾਲਪੁਰ ਕਾਲੋਨੀ ਲੁਧਿਆਣਾ ਦੇ ਰੂਪ 'ਚ ਕੀਤੀ ਗਈ ਹੈ, ਜਿਨ੍ਹਾਂ ਖਿਲਾਫ ਐਸ. ਟੀ. ਐਫ. ਮੋਹਾਲੀ ਪੁਲਸ ਸਟੇਸ਼ਨ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News