CBSE ਦਾ ਫਰਮਾਨ : ਅਟੈਂਡੈਂਸ 75 ਫੀਸਦੀ ਤੋਂ ਘੱਟ ਹੈ ਤਾਂ ਪ੍ਰੀਖਿਆ ਤੋਂ ਰਹਿਣਾ ਪੈ ਸਕਦੈ ਵਾਂਝਾ
Friday, Jan 03, 2020 - 09:44 AM (IST)

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਂਕਡਰੀ ਐਜੂਕੇਸ਼ਨ ਨੇ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਇਕ ਨਿਰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ 10ਵੀਂ ਅਤੇ 12ਵੀਂ ਦੇ ਜਿਨ੍ਹਾਂ ਵਿਦਿਆਰਥੀਆਂ ਦੀ ਕਲਾਸ ਵਿਚ ਹਾਜ਼ਰੀ 75 ਫੀਸਦੀ ਤੋਂ ਘੱਟ ਹੈ, ਉਨ੍ਹਾਂ ਨੂੰ ਸਾਲਾਨਾ ਪ੍ਰੀਖਿਆਵਾਂ ਵਿਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਇੱਥੇ ਦੱਸ ਦੇਈਏ ਕਿ ਸੀ. ਬੀ. ਐੱਸ. ਈ. ਦੀਆਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਸੀ. ਬੀ. ਐੱਸ. ਈ. ਨੇ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਪ੍ਰੀਖਿਆ ਲਈ ਐਡਮਿਟ ਕਾਰਡ ਸਿਰਫ ਉਨ੍ਹਾਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣਗੇ, ਜਿਨ੍ਹਾਂ ਦੀ ਹਾਜ਼ਰੀ 75 ਫੀਸਦੀ ਤੋਂ ਜ਼ਿਆਦਾ ਹੋਵੇਗੀ। ਬੋਰਡ ਨੇ ਸਕੂਲਾਂ ਨੂੰ ਵੀ ਕਿਹਾ ਹੈ ਕਿ ਹਾਜ਼ਰੀ ਸਬੰਧੀ ਨਿਸਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ। ਸਕੂਲਾਂ ਨੂੰ ਵੀ ਦੱਸਣਾ ਹੋਵੇਗਾ ਕਿ ਆਖਰ ਵਿਦਿਆਰਥੀ ਦੀ ਹਾਜ਼ਰੀ ਘੱਟ ਕਿਉਂ ਹੋਈ। ਬੋਰਡ ਨੇ ਵਿਦਿਆਰਥੀ ਦੀ ਹਾਜ਼ਰੀ ਸਬੰਧੀ 1 ਜਨਵਰੀ 2020 ਤੱਕ ਦਾ ਡਾਟਾ ਮੰਗਿਆ ਹੈ ਜਿਸ ਦੇ ਹਿਸਾਬ ਨਾਲ ਵਿਦਿਆਰਥੀ ਦੀ ਹਾਜ਼ਰੀ ਮੰਨੀ ਜਾਵੇਗੀ।
7 ਜਨਵਰੀ ਤੱਕ ਦੱਸਣਾ ਹੋਵੇਗਾ ਕਾਰਨ
ਹਾਲਾਂਕਿ ਘੱਟ ਹਾਜ਼ਰੀ ਵਾਲੇ ਵਿਦਿਆਰਥੀਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਦੀ ਗੈਰ-ਹਾਜ਼ਰੀ ਸਬੰਧੀ ਪੁਖਤਾ ਕਾਰਨ ਅਤੇ ਸਰਟੀਫਿਕੇਟ ਬੋਰਡ ਕੋਲ ਪੇਸ਼ ਕਰਨੇ ਹੋਣਗੇ। ਇਸ ਸਬੰਧੀ ਸਰਟੀਫਿਕੇਟ ਦਫਤਰ ਜਾਂ ਸਕੂਲ ਕੋਲ 7 ਜਨਵਰੀ ਤੱਕ ਪੇਸ਼ ਕਰਨੇ ਹੋਣਗੇ।
ਬੀਮਾਰ ਹੋਣ 'ਤੇ ਜਮ੍ਹਾ ਕਰਵਾਉਣਾ ਹੋਵੇਗਾ ਸਰਟੀਫਿਕੇਟ
ਨਿਯਮਾਂ ਦੇ ਮੁਤਾਬਕ ਜੇਕਰ ਵਿਦਿਆਰਥੀ ਲੰਬੇ ਸਮੇਂ ਤੱਕ ਬੀਮਾਰ ਹੋਣ ਕਾਰਨ ਸਕੂਲ ਵਿਚ ਹਾਜ਼ਰ ਨਾ ਹੋਇਆ ਹੋਵੇ ਤਾਂ ਮਾਤਾ ਪਿਤਾ ਦੀ ਅਗੇਤੀ ਅਪੀਲ, ਸਰਕਾਰੀ ਡਾਕਟਰ ਦਾ ਸਰਟੀਫਿਕੇਟ ਅਤੇ ਸਾਰੀਆਂ ਮੈਡੀਕਲ ਰਿਪੋਰਟਾਂ ਪੇਸ਼ ਕਰਨੀਆਂ ਹੋਣਗੀਆਂ। ਨਾਲ ਹੀ ਕਰੀਬੀ ਰਿਸ਼ਤੇਦਾਰ, ਮਾਤਾ ਪਿਤਾ ਦੀ ਮੌਤ ਜਾਂ ਹੋਰ ਦੁਰਘਟਨਾ 'ਤੇ ਮੌਤ ਸਰਟੀਫਿਕੇਟ ਸਬੰਧਤ ਸਕੂਲ ਨੂੰ ਪੇਸ਼ ਕਰਨਾ ਪਵੇਗਾ। ਪ੍ਰੀਖਿਆ ਵਿਚ ਕਿਹੜੇ ਵਿਦਿਆਰਥੀ ਅਪੀਅਰ ਹੋ ਸਕਦੇ ਹਨ, ਇਸ ਸਬੰਧੀ ਬੋਰਡ ਵੱਲੋਂ 7 ਜਨਵਰੀ ਤੋਂ ਬਾਅਦ ਹੀ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ।
ਖੇਡ ਮੁਕਾਬਲੇ ਵਾਲੇ ਖਿਡਾਰੀਆਂ ਨੂੰ ਮਿਲੇਗੀ ਰਿਆਇਤ
ਹਾਲਾਂਕਿ ਖੇਡਾਂ ਵਿਚ ਨੁਮਾਇੰਦਗੀ ਕਰਨ ਵਾਲੇ ਵਿਦਿਆਰਥੀਆਂ ਨੂੰ 75 ਫੀਸਦੀ ਹਾਜ਼ਰੀ ਦੀ ਪਾਬੰਦੀ ਨਹੀਂ ਹੈ। ਅਜਿਹੇ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿਚ ਸ਼ਾਮਲ ਹੋਣ 'ਤੇ ਮਾਤਾ ਪਿਤਾ ਦੀ ਅਗੇਤੀ ਅਪੀਲ, ਸਬੰਧਤ ਅਧਿਆਪਕਾਂ ਦਾ ਸਰਟੀਫਿਕੇਟ ਦੇਣ 'ਤੇ ਰਿਆਇਤ ਮਿਲੇਗੀ। ਇੱਥੇ ਦੱਸ ਦੇਈਏ ਕਿ ਬੀਤੇ ਸਾਲਾਂ ਵਿਚ ਖੇਡ ਮੰਤਰਾਲਾ ਨੇ ਵੀ ਅਜਿਹਾ ਹਰਫਨਮੌਲਾ ਖਿਡਾਰੀਆਂ ਨੂੰ ਪ੍ਰੀਖਿਆਵਾਂ ਦੇ ਲਈ ਕੁਝ ਛੂਟ ਦੇਣ ਦਾ ਸੁਝਾਅ ਬੋਰਡ ਅਤੇ ਐੱਮ.ਐੱਚ.ਆਰ.ਡੀ. ਨੂੰ ਦਿੱਤਾ ਸੀ।