ਲੁਧਿਆਣਾ ''ਚ 652 ਨਮੂਨਿਆਂ ''ਚੋਂ 490 ਆਏ ਨੈਗੇਟਿਵ
Saturday, Apr 11, 2020 - 11:20 PM (IST)

ਲੁਧਿਆਣਾ,(ਸਹਿਗਲ)- ਜੇਕਰ ਕਿਸੇ ਮਰੀਜ਼ ਨੂੰ ਐਮਰਜੈਂਸੀ ਸਿਹਤ ਸਹੂਲਤ ਦੀ ਲੋੜ ਪੈਂਦੀ ਹੈ ਤਾਂ ਉਹ 108 ਸੇਵਾ ਦਾ ਲਾਭ ਲੈ ਸਕਦੇ ਹਨ। ਪੰਜਾਬ ਸਰਕਾਰ ਦੀ ਹਦਾਇਤ 'ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਹੀ 108 ਐਂਬੂਲੈਂਸ ਸੇਵਾ ਦਾ ਦਾਇਰਾ ਹੋਰ ਵਧਾਇਆ ਜਾ ਸਕੇ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਪੇਸ਼ ਨਾ ਆਵੇ। ਇਸ ਸਬੰਧੀ ਪ੍ਰਸ਼ਾਸਨਿਕ ਅਧਿਕਾਰੀ ਨੇ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਮਰੀਜ਼ ਨੂੰ ਇਲਾਜ ਮੁਹੱਈਆ ਕਰਵਾਉਣ ਅਤੇ ਦਾਖਲ ਕਰਨ ਤੋਂ ਮਨ੍ਹਾ ਨਾ ਕਰਨ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ। ਉਨ੍ਹਾਂ ਦੱਸਿਆ ਕਿ ਜ਼ਿਲਾ ਲੁਧਿਆਣਾ 'ਚ ਹੁਣ ਤੱਕ 652 (ਸਮੇਤ 3 ਨਮੂਨੇ ਜੋ ਚੰਡੀਗੜ੍ਹ 'ਚ ਲਏ ਗਏ ਹਨ) ਨਮੂਨੇ ਚੈੱਕ ਕੀਤੇ ਗਏ ਹਨ, ਜਿਨ੍ਹਾਂ 'ਚੋਂ 519 ਦੀ ਰਿਪੋਰਟ ਪ੍ਰਾਪਤ ਹੋ ਗਈ ਹੈ ਤੇ 131 ਦੀ ਰਿਪੋਰਟ ਬਾਕੀ ਹੈ। ਇਨ੍ਹਾਂ 'ਚੋਂ 490 ਨੈਗੇਟਿਵ, 12 ਪਾਜ਼ੇਟਿਵ (1-1 ਜਲੰਧਰ ਅਤੇ ਬਰਨਾਲਾ) ਮਰੀਜ਼ ਪਾਏ ਗਏ ਹਨ, ਜਦਕਿ 1 ਮਰੀਜ਼ ਠੀਕ ਹੋ ਕੇ ਆਪਣੇ ਪਰਿਵਾਰ ਵਿਚ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰਪੁਰਾ ਅਤੇ ਚੌਕੀਮਾਨ ਤੋਂ ਇਲਾਵਾ ਹਾਲੇ ਹੋਰ ਕਿਸੇ ਖੇਤਰ ਨੂੰ ਹੌਟਸਪਾਟ ਬਣਾਉਣ ਦਾ ਕੋਈ ਇਰਾਦਾ ਨਹੀਂ ਹੈ।
ਮਜ਼ਦੂਰਾਂ ਨੂੰ ਨੌਕਰੀ ਤੋਂ ਕੱਢਣ ਜਾਂ ਤਨਖਾਹ ਨਾ ਦੇਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ
ਜ਼ਿਲਾ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਕਰਫਿਊ ਕਾਰਣ ਜੇਕਰ ਕੋਈ ਸਨਅਤਕਾਰ, ਦੁਕਾਨਦਾਰ ਜਾਂ ਫੈਕਟਰੀ ਮਾਲਕ ਮਜ਼ਦੂਰਾਂ ਨੂੰ ਬਿਨਾਂ ਕਿਸੇ ਕਾਰਣ ਤੋਂ ਨੌਕਰੀ ਤੋਂ ਕੱਢੇਗਾ ਜਾਂ ਤਨਖਾਹ ਰੋਕੇਗਾ ਤਾਂ ਉਸ ਖਿਲਾਫ ਕਿਰਤ ਕਾਨੂੰਨ ਅਧੀਨ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਭਾਰਤ ਸਰਕਾਰ ਦੀਆਂ ਹਦਾਇਤਾਂ ਸਪੱਸ਼ਟ ਹਨ ਕਿ ਮਜ਼ਦੂਰ ਨੂੰ 100 ਫੀਸਦੀ ਤਨਖਾਹ ਦੇਣੀ ਲਾਜ਼ਮੀ ਹੈ। ਕਰਫਿਊ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮਾਜਿਕ ਜਾਂ ਧਾਰਮਿਕ ਇਕੱਤਰਤਾ ਆਦਿ ਕਰਨ ਦੀ ਖੁੱਲ੍ਹ ਨਹੀਂ ਹੈ।
ਰੇਸਤਰਾਂ ਵਾਲਿਆਂ 'ਤੇ ਟ੍ਰਾਇਲ
ਸ਼ਹਿਰ ਵਿਚਲੇ ਕੁਝ ਰੇਸਤਰਾਂ ਅਤੇ ਬੇਕਰੀਆਂ ਨੂੰ ਸ਼ਾਮ ਨੂੰ 7.30 ਤੋਂ ਰਾਤ 10 ਵਜੇ ਤੱਕ ਤਜਰਬੇ ਦੇ ਤੌਰ 'ਤੇ ਲੋਕਾਂ ਨੂੰ ਹੋਮ ਡਲਿਵਰੀ ਲਈ ਖਾਣਾ ਭਿਜਵਾਉਣ ਦੀ ਖੁੱਲ੍ਹ ਦਿੱਤੀ ਗਈ ਹੈ। ਇਸ ਨੂੰ ਕੁਝ ਦਿਨਾਂ ਬਾਅਦ ਰੀਵਿਊ ਕੀਤਾ ਜਾਵੇਗਾ। ਜੇਕਰ ਇਹ ਲੋਕ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਨਗੇ ਤਾਂ ਇਨ੍ਹਾਂ ਲਈ ਅੱਗੇ ਦੀ ਇਜਾਜ਼ਤ ਜਾਰੀ ਰੱਖੀ ਜਾਵੇਗੀ, ਨਹੀਂ ਤਾਂ ਇਨ੍ਹਾਂ ਨੂੰ ਵੀ ਬੰਦ ਕਰਵਾ ਦਿੱਤਾ ਜਾਵੇਗਾ।