ਥਾਣੇ ਪਹੁੰਚੀ ਅਨੋਖੀ ਪ੍ਰੇਮ ਕਹਾਣੀ, ਵਿਆਹ ਕਰਵਾ ਕੇ ਪਛਤਾਇਆ ਪੰਜਾਬੀ ਮੁੰਡਾ

07/26/2016 5:14:57 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)— ਮਾਛੀਵਾੜਾ ਪੁਲਸ ਥਾਣੇ ਵਿਚ ਇਕ ਅਨੋਖੀ ਪ੍ਰੇਮ ਕਹਾਣੀ ਪੁੱਜੀ ਹੈ, ਜਿਥੇ ਇਕ ਬਿਹਾਰਨ ਨੂੰ ਪੰਜਾਬੀ ਲੜਕੇ ਨਾਲ ਵਿਆਹ ਕਰਵਾਉਣਾ ਰਾਸ ਨਾ ਆਇਆ ਤੇ ਇਸ 2 ਬੱਚਿਆਂ ਦੀ ਮਾਂ ਨੇ ਘਰੋਂ ਭੱਜ ਕੇ ਪ੍ਰੇਮੀ ਨਾਲ ਵਿਆਹ ਰਚਾ ਲਿਆ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਦੇ ਇਕ ਪਿੰਡ ਵਿਚ ਹੀ ਜੰਮੀ-ਪਲੀ ਪਰ ਪਿਛੋਕੜ ਦੀ ਬਿਹਾਰਨ ਲੜਕੀ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਪੰਜਾਬੀ ਲੜਕੇ ਨਾਲ ਹੋ ਗਿਆ। 3 ਸਾਲ ਤਾਂ ਇਨ੍ਹਾਂ ਦਾ ਵਿਆਹ ਰਾਜ਼ੀ-ਖੁਸ਼ੀ ਚੱਲਿਆ ਤੇ ਇਨ੍ਹਾਂ ਦੇ ਘਰ 2 ਬੱਚੇ ਵੀ ਪੈਦਾ ਹੋਏ ਪਰ ਇਸ ਦੌਰਾਨ ਹੀ ਬਿਹਾਰਨ ਦੇ ਆਪਣੇ ਭਰਾ ਦੇ ਸਾਲੇ ਨਾਲ ਪ੍ਰੇਮ ਸਬੰਧ ਬਣ ਗਏ ਤੇ ਉਸਦਾ ਮਨ ਆਪਣੇ ਪੰਜਾਬੀ ਪਤੀ ਤੋਂ ਉੱਠਣਾ ਸ਼ੁਰੂ ਹੋ ਗਿਆ। ਸਹੁਰੇ ਘਰ ਰਹਿੰਦਿਆਂ ਲੜਕੀ ਆਪਣੇ ''ਤੇ ''ਓਪਰੀ ਕਸਰ'' ਹੋਣ ਤੇ ਭੂਤ-ਪ੍ਰੇਤ ਆਉਣ ਦਾ ਡਰਾਮਾ ਵੀ ਕਰਦੀ ਰਹੀ ਤਾਂ ਜੋ ਸਹੁਰਾ ਪਰਿਵਾਰ ਉਸਨੂੰ ਤਿਆਗ ਦੇਵੇ ਤੇ ਉਹ ਆਪਣੇ ਪ੍ਰੇਮੀ ਨਾਲ ਵਿਆਹ ਰਚਾ ਸਕੇ ਪਰ ਭੋਲਾ-ਭਾਲਾ ਪੰਜਾਬੀ ਪਤੀ ਤੇ ਉਸਦਾ ਸਾਰਾ ਪਰਿਵਾਰ ਆਪਣੀ ਨੂੰਹ ਦਾ ਇਲਾਜ ਕਰਵਾਉਣ ਤੇ ਭੂਤ-ਪ੍ਰੇਤ ਦੀਆਂ ਕਸਰਾਂ ਕਢਵਾਉਣ ਲਈ ਬਾਬਿਆਂ ਦੇ ਚਰਨੀਂ ਲੱਗਾ ਰਿਹਾ ਪਰ ਭੂਤ-ਪ੍ਰੇਤ ਨਾ ਨਿਕਲੇ।
ਅਖੀਰ 2 ਮਹੀਨੇ ਪਹਿਲਾਂ ਇਹ ਬਿਹਾਰਨ ਲੜਕੀ ਮਾਛੀਵਾੜਾ ਦੀ ਇਕ ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ''ਚ ਰਹਿੰਦੇ ਬਿਹਾਰੀ ਲੜਕੇ ਨਾਲ ਘਰੋਂ ਭੱਜ ਗਈ ਤੇ ਆਪਣੇ ਨਾਲ 1 ਬੱਚਾ ਵੀ ਲੈ ਗਈ ਤੇ ਬਿਹਾਰ ਵਿਚ ਜਾ ਕੇ ਉਨ੍ਹਾਂ ਵਿਆਹ ਕਰਵਾ ਲਿਆ। ਸੋਮਵਾਰ ਜਦੋਂ ਉਹ ਆਪਣੇ ਪਹਿਲੇ ਪਤੀ ਦਾ ਲੜਕਾ ਵਾਪਿਸ ਕਰਨ ਲਈ ਸ਼ਹਿਰ ਪੁੱਜੀ ਤਾਂ ਇਹ ਦੋਵੇਂ ਪ੍ਰੇਮੀ ਜੋੜੇ ਨੂੰ ਮਾਛੀਵਾੜਾ ਪੁਲਸ ਥਾਣੇ ਲਿਆਂਦਾ ਗਿਆ, ਜਿਥੇ ਇਹ 2 ਬੱਚਿਆਂ ਦੀ ਮਾਂ ਹੱਥਾਂ ਵਿਚ ਨਵੀਂ ਵਿਆਹੀ ਵਾਂਗ ਲਾਲ ਚੂੜਾ ਪਾ ਕੇ ਆਪਣੇ ਦੂਜੇ ਪਤੀ ਨਾਲ ਬੈਠੀ ਸੀ। ਮਾਛੀਵਾੜਾ ਪੁਲਸ ਕੋਲ ਉਸਨੇ ਕਿਹਾ ਕਿ ਉੁਹ ਆਪਣੇ ਹੁਣ ਦੂਜੇ ਪਤੀ ਨਾਲ ਰਹਿਣਾ ਚਾਹੁੰਦੀ ਹੈ ਕਿਉਂਕਿ ਪਹਿਲਾ ਪਤੀ ਉਸਨੂੰ ਕੁੱਟਦਾ-ਮਾਰਦਾ ਹੈ।
ਇਥੇ ਇਹ ਵੀ ਹੈਰਾਨੀ ਦੀ ਗੱਲ ਰਹੀ ਕਿ ਸਹੁਰੇ ਘਰ ਵਿਚ ਰਹਿੰਦਿਆਂ ਤਾਂ ਭੂਤ-ਪ੍ਰੇਤ ਤੇ ''ਓਪਰੀ ਕਸਰ'' ਹੋਣ ਕਾਰਨ ਉਹ ਚੀਕਾਂ ਮਾਰਦੀ ਸੀ ਪਰ ਪ੍ਰੇਮੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਹ ਠੀਕ ਹੋ ਗਈ। ਪੰਜਾਬੀ ਲੜਕੇ ਨੇ ਪੁਲਸ ਨੂੰ ਕਿਹਾ ਕਿ ਉਸਦੇ ਦੋਵੇਂ ਬੱਚੇ ਉਸਦੇ ਪਰਿਵਾਰ ਨੂੰ ਸੌਂਪ ਦਿੱਤੇ ਜਾਣ ਤੇ ਉਸਦੀ ਬਿਹਾਰਨ ਪਤਨੀ ਚਾਹੇ ਆਪਣੇ ਪ੍ਰੇਮੀ ਨਾਲ ਚਲੇ ਜਾਵੇ, ਕਿਉਂਕਿ ਉਹ ਉਸਨੂੰ ਹੁਣ ਨਹੀਂ ਰੱਖ ਸਕਦਾ। ਮਾਛੀਵਾੜਾ ਪੁਲਸ ਨੇ ਇਸ ਪ੍ਰੇਮ ਕਹਾਣੀ ਦਾ ਅੰਤ ਵੀ ਇਹੋ ਠੀਕ ਸਮਝਿਆ ਤੇ ਦੋਵੇਂ ਬੱਚੇ ਪੰਜਾਬੀ ਪਤੀ ਨੂੰ ਸੌਂਪ ਦਿੱਤੇ ਤੇ ਬਿਹਾਰਨ ਆਪਣੇ ਬਿਹਾਰੀ ਦੂਸਰੇ ਪਤੀ ਨਾਲ ਚਲਦੀ ਬਣੀ।


Gurminder Singh

Content Editor

Related News