ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 5 ਗ੍ਰਿਫਤਾਰ

10/21/2020 1:42:00 AM

ਫਗਵਾਡ਼ਾ, (ਹਰਜੋਤ)- ਸੀ. ਆਈ. ਏ. ਸਟਾਫ਼ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 4 ਮੋਟਰਸਾਈਕਲ ਤੇ 4 ਮੋਬਾਇਲ ਫ਼ੋਨ ਬਰਾਮਦ ਕਰ ਕੇ ਇਸ ਗਿਰੋਹ ਕੋਲੋਂ ਸਾਮਾਨ ਦੀ ਖਰੀਦ ਕਰਨ ਵਾਲੇ ਗੁਰਾਇਆ ਦੇ ਇਕ ਦੁਕਾਨਦਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ਼ ਇੰਚਾਰਜ ਇੰਸਪੈਕਟਰ ਓਂਕਾਰ ਸਿੰਘ ਬਰਾਡ਼ ਨੇ ਦੱਸਿਆ ਕਿ ਪੁਲਸ ਨੇ ਥਾਣੇਦਾਰ ਪਰਮਜੀਤ ਸਿੰਘ ਦੀ ਅਗਵਾਈ ’ਚ ਸਪੈਸ਼ਨ ਨਾਕਾਬੰਦੀ ਦੌਰਾਨ ਮੁਖਬਰੀ ਦੇ ਆਧਾਰ ’ਤੇ ਜਿਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਉਨ੍ਹਾਂ ’ਚ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਬਲਬੀਰ ਸਿੰਘ ਵਾਸੀ ਢੰਡਾ ਗੁਰਾਇਆ, ਫ਼ੁਰਮਾਨ ਉਰਫ਼ ਝੂਰੀ ਪੁੱਤਰ ਜੋਗਿੰਦਰਪਾਲ ਵਾਸੀ ਰਾਵਲਪਿੰਡੀ ਫਗਵਾਡ਼ਾ, ਮਨਜੀਤ ਸਿੰਘ ਉਰਫ਼ ਮੰਗਾ ਪੁੱਤਰ ਨਿਰਮਲ ਸਿੰਘ ਵਾਸੀ ਭੁੱਲਾਰਾਈ ਕਾਲੋਨੀ ਫਗਵਾਡ਼ਾ, ਅਜੈ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਜਗਤ ਰਾਮ ਸੂੰਢ ਕਾਲੋਨੀ ਫਗਵਾਡ਼ਾ ਤੇ ਦੁਕਾਨਦਾਰ ਦੀ ਪਛਾਣ ਨਰੇਸ਼ ਕੁਮਾਰ ਪੁੱਤਰ ਕਿਸ਼ੋਰ ਚੰਦ ਵਾਸੀ ਮੇਨ ਬਾਜ਼ਾਰ ਗੁਰਾਇਆ ਵਜੋਂ ਹੋਈ ਹੈ।

ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਨੂੰ ਕਾਬੂ ਕਰ ਕੇ ਚਾਰ ਮੋਟਰਸਾਈਕਲ ਤੇ ਚਾਰ ਮੋਬਾਈਲ ਫ਼ੋਨ ਬਰਾਮਦ ਕਰ ਲਏ ਹਨ, ਜੋ ਇਨ੍ਹਾਂ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਪਰਮਜੀਤ ਸਿੰਘ ਤੇ ਮਨਜੀਤ ਸਿੰਘ ਖਿਲਾਫ਼ ਪਹਿਲਾ ਹੀ ਐੱਨ. ਡੀ. ਪੀ. ਐੱਸ. ਐਕਟ ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ ਹਨ। ਇਸੇ ਤਰ੍ਹਾਂ ਫ਼ੁਰਮਾਨ ਖਿਲਾਫ਼ ਧਾਰਾ 379-ਬੀ ਤਹਿਤ ਥਾਣਾ ਸਿਟੀ ਤੇ ਢਿੱਲਵਾ ਵਿਖੇ ਕੇਸ ਦਰਜ ਹਨ।       

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੋਟਰਸਾਈਕਲ ਗਿਰੋਹ ਨੇ ਬਸਰਾ ਹਸਪਤਾਲ ਫਗਵਾਡ਼ਾ ਅੱਗਿਓ, ਇਕ ਰੇਲਵੇ ਸਟੇਸ਼ਨ ਗੁਰਾਇਆ, ਅਰਬਨ ਅਸਟੇਟ ਫਗਵਾਡ਼ਾ ਗੇਟ ਠੇਕੇ ਲਾਗਿਓ ਤੇ ਇਕ ਕ੍ਰੀਮਿਕਾ ਫ਼ੈਕਟਰੀ ਫ਼ਿਲੌਰ ਦੇ ਬਾਹਰੋਂ ਚੋਰੀ ਕੀਤੇ ਹਨ। ਇਸੇ ਤਰ੍ਹਾਂ ਬਰਾਮਦ ਕੀਤੇ ਮੋਬਾਈਲ ਇਨ੍ਹਾਂ ਨੇ ਰੇਲਵੇ ਸਟੇਸ਼ਨ ਫਗਵਾਡ਼ਾ, ਇਕ ਬੱਸ ਸਟੈਂਡ ਫਗਵਾਡ਼ਾ, ਸ਼ੂਗਰ ਮਿੱਲ ਪੁੱਲ ਹੇਠਾਂ, ਸਰਕਾਰੀ ਹਸਪਤਾਲ ਫਗਵਾਡ਼ਾ ਬਾਹਰੋਂ ਚੋਰੀ ਕੀਤੇ ਸਨ।

ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ।


Bharat Thapa

Content Editor

Related News