ਕਾਦੀਆਂ ਜੰਗਲ ਦੇ ਕੋਲ ਬਾਈਕ ਸਵਾਰ ਲੁਟੇਰਿਆਂ ਨੇ ਕੀਤੀ ਹਥਿਆਰਾਂ ਦੀ ਨੋਕ ’ਤੇ 1.90 ਲੱਖ ਦੀ ਲੁੱਟ

Friday, Apr 22, 2022 - 11:43 AM (IST)

ਕਾਦੀਆਂ ਜੰਗਲ ਦੇ ਕੋਲ ਬਾਈਕ ਸਵਾਰ ਲੁਟੇਰਿਆਂ ਨੇ ਕੀਤੀ ਹਥਿਆਰਾਂ ਦੀ ਨੋਕ ’ਤੇ 1.90 ਲੱਖ ਦੀ ਲੁੱਟ

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਕਾਦੀਆਂ ਜੰਗਲ ’ਚ ਬੀਤੇ ਦਿਨ ਮੋਟਰਸਾਈਕਲ ਸਵਾਰ 4 ਨੌਜਵਾਨਾਂ ਨੇ ਇਕ ਥ੍ਰੀ-ਵ੍ਹੀਲਰ ਨੂੰ ਰੋਕ ਕੇ ਹਥਿਆਰ ਦੇ ਜ਼ੋਰ ’ਤੇ 1 ਲੱਖ 90 ਹਜ਼ਾਰ ਰੁਪਏ ਦੀ ਲੁੱਟ ਲਈ। ਜਾਣਕਾਰੀ ਦਿੰਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਗਿੱਲ ਰੋਡ ’ਤੇ ਹਾਰਡਵੇਅਰ ਦੀ ਦੁਕਾਨ ਹੈ। ਉਨ੍ਹਾਂ ਨੇ ਆਪਣੇ ਇਕ ਮੁਲਾਜ਼ਮ ਨੂੰ ਸਮਾਨ ਦੇਣ ਲਈ ਭੇਜਿਆ ਸੀ ਅਤੇ ਉਸੇ ਦੌਰਾਨ ਉਨ੍ਹਾਂ ਨੇ ਆਪਣੇ ਥ੍ਰੀ-ਵ੍ਹੀਲਰ ਨੂੰ ਵੀ ਨਾਲ ਭੇਜਿਆ ਸੀ।

ਜਿੱਥੋਂ ਆਉਂਦੇ ਸਮੇਂ ਹਾਰਡੀ ਵਰਲਡ ਕੋਲ ਕੁੱਝ ਲੋਕ ਮੋਟਰਸਾਈਕਲ ’ਤੇ ਉਨ੍ਹਾਂ ਦੇ ਪਿੱਛੇ ਲੱਗ ਗਏ। ਉਹ ਕਾਦੀਆਂ ਜੰਗਲ ਕੋਲ ਪੁੱਜੇ ਤਾਂ ਮੋਟਰਸਾਈਕਲ ਸਵਾਰ ਲੋਕਾਂ ਨੇ ਉਨ੍ਹਾਂ ਦੇ ਥ੍ਰੀ-ਵ੍ਹੀਲਰ ਨੂੰ ਰੋਕ ਲਿਆ ਅਤੇ ਇਕ ਲੁਟੇਰੇ ਨੇ ਦਾਤਰ ਕੱਢ ਕੇ ਥ੍ਰੀ-ਵ੍ਹੀਲਰ ਚਾਲਕ ਦੀ ਧੌਣ ’ਤੇ ਰੱਖ ਦਿੱਤਾ, ਜਿਸ ਤੋਂ ਬਾਅਦ ਥ੍ਰੀ-ਵ੍ਹੀਲਰ ਵਿਚ ਬੈਠੇ ਮਨਪ੍ਰੀਤ ਸਿੰਘ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸੇ ਦੌਰਾਨ ਲੁਟੇਰਿਆਂ ਨੇ ਮਨਪ੍ਰੀਤ ਸਿੰਘ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਲੁਟੇਰੇ ਉਸ ਦੇ ਹੱਥ ਵਿਚ ਫੜ੍ਹੇ 1 ਲੱਖ 90 ਹਜ਼ਾਰ ਕੈਸ਼ ਵਾਲੇ ਥੈਲੇ ਨੂੰ ਖੋਹ ਕੇ ਫ਼ਰਾਰ ਹੋ ਗਏ। ਉਸੇ ਦੌਰਾਨ ਜਦੋਂ ਥ੍ਰੀ-ਵ੍ਹੀਲਰ ਚਾਲਕ ਅਤੇ ਮਨਪ੍ਰੀਤ ਸਿੰਘ ਦੀ ਆਪਸ ਵਿਚ ਖੋਹ-ਖਿੱਚ ਹੋ ਰਹੀ ਸੀ ਤਾਂ ਉੱਥੇ ਕੁੱਝ ਰਾਹਗੀਰ ਇਕੱਠੇ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਲੁਟੇਰਿਆਂ ਦੇ ਇਕ ਸਾਥੀ ਨੂੰ ਮੌਕੇ ’ਤੇ ਫੜ੍ਹ ਲਿਆ ਅਤੇ ਥਾਣਾ ਸਲੇਮ ਟਾਬਰੀ ਦੀ ਪੁਲਸ ਹਵਾਲੇ ਕਰ ਦਿੱਤਾ। ਥਾਣਾ ਮੁਖੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਉਕਤ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Babita

Content Editor

Related News