ਪੀ. ਓ. ਪੀ. ਦੀ ਆਡ਼ ਵਿਚ ਲੁੱਟ-ਖੋਹ ਕਰਨ ਵਾਲੇ 3 ਗ੍ਰਿਫਤਾਰ

Tuesday, Jul 31, 2018 - 05:55 AM (IST)

ਪੀ. ਓ. ਪੀ.  ਦੀ ਆਡ਼ ਵਿਚ ਲੁੱਟ-ਖੋਹ ਕਰਨ ਵਾਲੇ 3 ਗ੍ਰਿਫਤਾਰ

ਅੰਮ੍ਰਿਤਸਰ,   (ਸੰਜੀਵ)-  ਦਿਹਾਤੀ ਖੇਤਰਾਂ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੈਂਬਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿਚ ਪੁਲਸ ਨੇ ਗਿਰੋਹ ਦੇ ਪਲਵਿੰਦਰ ਸਿੰਘ ਗੋਰਾ, ਮਨਜਿੰਦਰ ਸਿੰਘ ਸਿੱਲੀ ਅਤੇ ਰੇਸ਼ਮ ਸਿੰਘ ਕਾਲੂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੇ 3 ਮੋਟਰਸਾਈਕਲ ਅਤੇ 9 ਮੋਬਾਇਲ ਫੋਨ ਬਰਾਮਦ ਕੀਤੇ। 
ਇਹ ਖੁਲਾਸਾ ਜ਼ਿਲਾ ਅੰਮ੍ਰਿਤਸਰ ਦਿਹਾਤੀ  ਦੇ ਐੱਸ.ਐੱਸ.ਪੀ. ਪਰਮਪਾਲ ਸਿੰਘ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਵੱਲੋਂ ਇਕ ਗੈਂਗ ਬਣਾ ਕੇ ਦਿਹਾਤੀ ਖੇਤਰਾਂ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ।  ਤਿੰਨੇ ਲੁਟੇਰੇ ਪੀ.ਓ.ਪੀ. ਕਰਨ, ਪੱਥਰ ਲਾਉਣ ਅਤੇ ਘਰਾਂ ਵਿਚ ਪੇਂਟ ਕਰਨ ਵਾਲੇ ਠੇਕੇਦਾਰਾਂ  ਨਾਲ ਸੰਪਰਕ ਕਰਦੇ ਸਨ, ਜਦੋਂ ਠੇਕੇਦਾਰ ਉਕਤ ਦੋਸ਼ੀਆਂ ਨੂੰ ਕੰਮ ਵਿਖਾਉਣ ਲਈ ਕੋਠੀਆਂ ਵਿਚ ਲੈ ਕੇ ਜਾਂਦਾ ਤਾਂ ਇਹ ਤਿੰਨੇ ਰਸਤੇ ਵਿਚ ਉਸ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ । ਦੋ ਦਿਨ ਪਹਿਲਾਂ ਵੀ ਉਕਤ ਗਿਰੋਹ ਨੇ ਇਕ ਪੀ.ਓ.ਪੀ. ਕਰਨ ਵਾਲੇ ਠੇਕੇਦਾਰ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਤੋਂ 8 ਹਜ਼ਾਰ ਰੁਪਏ ਦੀ ਨਕਦੀ ਖੋਹੀ।  ਥਾਣਾ ਝੰਡੇਰ ਦੀ ਪੁਲਸ ਨੇ ਸੂਚਨਾ ਦੇ ਆਧਾਰ ’ਤੇ ਅੱਜ ਟਰੈਪ ਲਾ ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ । ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ 3 ਮੋਟਰਸਾਈਕਲ ਅਤੇ 9 ਮੋਬਾਇਲ ਫੋਨ ਬਰਾਮਦ ਕੀਤੇ ਗਏ । ਦੋਸ਼ੀਆਂ ਨੇ ਬਰਾਮਦ ਸਾਮਾਨ ਵੱਖ-ਵੱਖ ਖੇਤਰਾਂ  ’ਚੋਂ ਲੁੱਟਿਆ ਸੀ । 
 ਪੁਲਸ ਨੇ ਤਿੰਨਾਂ  ਨੂੰ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਜਾਂਚ ਲਈ ਪੁਲਸ ਰਿਮਾਂਡ ’ਤੇ ਲਿਆ ਹੈ।  
 


Related News