ਲੁਟੇਰਿਆਂ ਵੱਲੋਂ ਰਾਤ ਦੇ ਹਨ੍ਹੇਰੇ ''ਚ ਵੱਡੀ ਲੁੱਟ, ਲਹੂ-ਲੁਹਾਨ ਕੀਤਾ ਮਨੀ ਐਕਸਚੇਂਜਰ

08/09/2020 12:51:58 PM

ਸਮਰਾਲਾ (ਗਰਗ, ਬੰਗੜ) : ਸ਼ਨੀਵਾਰ ਨੂੰ ਦੇਰ ਰਾਤ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਐਕਟਿਵਾ ’ਤੇ ਘਰ ਪਰਤ ਰਹੇ ਸ਼ਹਿਰ ਦੇ ਇਕ ਮਨੀ ਐਕਸਚੇਂਜ ਅਤੇ ਮਨੀ ਟਰਾਂਸਫਰ ਦਾ ਕੰਮ ਕਰਦੇ ਵਿਅਕਤੀ ਨੂੰ ਰਾਹ 'ਚ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਉਸ ਦੀ ਐਕਟਿਵਾ ਜਿਸ 'ਚ ਕਰੀਬ 2 ਲੱਖ, 70 ਹਜ਼ਾਰ ਰੁਪਏ ਦੀ ਨਕਦੀ ਸੀ, ਖੋਹ ਕੇ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਨਰੇਸ਼ ਕੁਮਾਰ ਨੂੰ ਜ਼ਖਮੀ ਹਾਲਤ 'ਚ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ। ਲੁੱਟ ਦੀ ਇਸ ਘਟਨਾ ਤੋਂ ਬਾਅਦ ਪੁਲਸ ਵੀ ਤੁਰੰਤ ਮੌਕੇ 'ਤੇ ਪੁੱਜ ਗਈ ਅਤੇ ਲੁਟੇਰਿਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਪੂਰੇ ਇਲਾਕੇ 'ਚ ਨਾਕਾਬੰਦੀ ਕੀਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਅਤੇ ਉਸ ਦਾ ਪੁੱਤਰ ਜੋ ਕਿ ਵੈਸਟਰਨ ਯੂਨੀਅਨ ਅਤੇ ਮਨੀ ਐਕਸਚੇਂਜ ਦਾ ਕੰਮ ਕਰਦੇ ਹਨ, ਜਿਨ੍ਹਾਂ ਦਾ ਦਫ਼ਤਰ ਮੁੱਖ ਬਾਜ਼ਾਰ 'ਚ ਹੈ, ਸ਼ਨੀਵਾਰ ਰਾਤੀਂ ਆਪਣਾ ਦਫ਼ਤਰ ਬੰਦ ਕਰਕੇ ਘਰ ਜਾ ਰਹੇ ਸਨ।

ਇਸ ਦੌਰਾਨ ਨਰੇਸ਼ ਕੁਮਾਰ ਆਪਣੀ ਐਕਟਿਵਾ, ਜਿਸ ਦੀ ਡਿੱਗੀ 'ਚ ਕਰੀਬ 2 ਲੱਖ 70 ਹਜ਼ਾਰ ਰੁਪਏ ਦੀ ਨਕਦੀ ਰੱਖੀ ਹੋਈ ਸੀ, 'ਤੇ ਸਵਾਰ ਹੋ ਕੇ ਜਿਵੇਂ ਹੀ ਆਪਣੇ ਘਰ ਦੇ ਨੇੜੇ ਪੁੱਜਾ ਤਾਂ ਮੋਟਰਸਾਈਕਲ ਸਵਾਰ ਤਿੰਨ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਇਨ੍ਹਾਂ ਲੁਟੇਰਿਆਂ ਨੇ ਨਰੇਸ਼ ਕੁਮਾਰ ’ਤੇ ਦਾਹ ਨਾਲ ਹਮਲਾ ਵੀ ਕੀਤਾ ਅਤੇ ਉਸ ਦੀ ਐਕਟਿਵਾ ਲੈ ਕੇ ਫਰਾਰ ਹੋ ਗਏ, ਜਿਸ 'ਚ ਇਹ ਨਕਦੀ ਰੱਖੀ ਹੋਈ ਸੀ। ਜ਼ਖਮੀ ਹਾਲਤ ’ਚ ਨਰੇਸ਼ ਕੁਮਾਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਹਾਲਤ ਠੀਕ ਹੈ।

ਘਟਨਾ ਦਾ ਪਤਾ ਲਗਦੇ ਹੀ ਡੀ.ਐੱਸ.ਪੀ. ਸਮਰਾਲਾ ਜਸਵਿੰਦਰ ਸਿੰਘ ਚਾਹਲ ਅਤੇ ਥਾਣਾ ਮੁੱਖੀ ਇੰਸਪੈਕਟਰ ਸਿੰਕਦਰ ਸਿੰਘ ਤੁਰੰਤ ਮੌਕੇ ’ਤੇ ਪੁੱਜੇ ਅਤੇ ਆਸ-ਪਾਸ ਦੇ ਘਰਾਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਲੁਟੇਰਿਆਂ ਨੂੰ ਕਾਬੂ ਕਰਨ ਲਈ ਪੂਰੇ ਇਲਾਕੇ 'ਚ ਨਾਕਾਬੰਦੀ ਕਰ ਦਿੱਤੀ ਗਈ। ਫਿਲਹਾਲ ਪੁਲਸ ਇਸ ਪੂਰੇ ਮਾਮਲੇ ਨੂੰ ਹੱਲ ਕਰਨ 'ਚ ਜੁੱਟੀ ਹੋਈ ਹੈ ਅਤੇ ਪੁਲਸ ਨੇ ਉਮੀਦ ਪ੍ਰਗਟਾਈ ਕਿ ਜਲਦੀ ਹੀ ਲੁਟੇਰੇ ਕਾਬੂ ਕਰਕੇ ਪੁਲਸ ਇਸ ਲੁੱਟ ਦੇ ਮਾਮਲੇ ਨੂੰ ਹੱਲ ਕਰ ਲਵੇਗੀ।


Babita

Content Editor

Related News