ਲੁੱਟ ਦੀ ਵਾਰਦਾਤ ਦੀ ਤਿਆਰੀ ''ਚ ਬੈਠਾ ਲੁਟੇਰਾ ਗਿਰੋਹ ਮਾਰੂ ਹਥਿਆਰਾਂ ਸਮੇਤ ਕਾਬੂ
Friday, Jun 29, 2018 - 04:08 PM (IST)

ਮਲੋਟ (ਜੁਨੇਜਾ) : ਥਾਣਾ ਸਦਰ ਦੇ ਮੁੱਖ ਅਫਸਰ ਪੈਰੀਵਿੰਕਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਹਥਿਆਰਾਂ ਦੀ ਨੋਕ ਤੇ ਨਕਦੀ ਅਤੇ ਵਹੀਕਲ ਖੋਹਣ ਵਾਲੇ ਇਕ ਗਿਰੋਹ ਦੇ 5 ਮੈਂਬਰਾਂ ਨੂੰ ਇਕ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਕਾਬੂ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਕਥਿੱਤ ਲੁਟੇਰਿਆਂ 'ਚ ਇਕ ਨਾਬਾਲਿਗ ਵੀ ਸ਼ਾਮਲ ਹੈ। ਐੱਸ. ਪੀ. ਇਕਬਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਵਿੰਦਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੂੰ ਗਸ਼ਤ ਦੌਰਾਨ ਇਕ ਖਾਸ ਮੁਖਬਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੁਝ ਵਿਅਕਤੀ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਰਾਹਗੀਰਾਂ ਪਾਸੋਂ ਨਕਦੀ ਅਤੇ ਵਹੀਕਲ ਦੀ ਖੋਹ ਕਰਦੇ ਹਨ ਅਤੇ ਇਸ ਸਮੇਂ ਪਿੰਡ ਈਨਾ ਖੇੜਾ ਤੋਂ ਮੱਲ ਕਟੋਰੇ ਨੂੰ ਜਾਂਦੀ ਲਿੰਕ ਸੜਕ ਤੇ ਬੇ-ਆਬਾਦ ਭੱਠੇ ਵਿਚ ਬੈਠੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਹਨ।
ਇਸ ਸੂਚਨਾਂ ਦੇ ਆਧਾਰ 'ਤੇ ਪੁਲਸ ਪਾਰਟੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਦੀਪਾ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਝੋਰੜ, ਚਮਕੌਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਔਲਖ, ਗੁਰਵਿੰਦਰ ਸਿੰਘ ਉੁਰਫ ਕਾਂਗੀ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਮਨਗਰ, ਗੁਰਧੀਰ ਸਿੰਘ ਉਰਫ ਧੀਰਾ ਪੁੱਤਰ ਰੇਸ਼ਮ ਸਿੰਘ ਵਾਸੀ ਔਲਖ ਅਤੇ ਇਕ ਨਾਬਾਲਿਗ ਨੂੰ ਕਾਬੂ ਕਰ ਲਿਆ। ਇਨ੍ਹਾਂ ਕੋਲੋ ਮਾਰੂ ਹਥਿਆਰ ਤਿੰਨ ਕਾਪੇ ਇਕ ਕਿਰਪਾਨ ਸਮੇਤ ਇਕ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਉਕਤ ਖਿਲਾਫ ਮੁਕੱਦਮਾਂ ਨੰਬਰ 50 ਧਾਰਾ 399, 402,411, 379 ਦੇ ਤਹਿਤ ਮੁਕੱਦਮਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਹੈ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।